ਪੰਜਾਬ ਸਰਕਾਰ ਨੇ ਫਰਵਰੀ 2026 ਵਿੱਚ ਦੇਸ਼ ਦੀ ਪਹਿਲੀ ਮਾਨਸਿਕ ਸਿਹਤ ਫੈਲੋਸ਼ਿਪ ‘ਲੀਡਰਸ਼ਿਪ ਇਨ ਮੈਂਟਲ ਹੈਲਥ ਪ੍ਰੋਗਰਾਮ (ਐੱਲ.ਐੱਮ.ਐੱਚ.ਪੀ.)’ ਦੀ ਸ਼ੁਰੂਆਤ ਕੀਤੀ ਸੀ, ਜਿਸ ਦਾ ਉਦੇਸ਼ ਨਸ਼ੇ ਦੀ ਸਮੱਸਿਆ ਨਾਲ ਸੰਵੇਦਨਸ਼ੀਲ ਅਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਨਜਿੱਠਣਾ ਸੀ। ਹੁਣ ਇਸ ਪ੍ਰੋਗਰਾਮ ਦਾ ਪਹਿਲਾ ਬੈਚ ਪੂਰੇ ਸੂਬੇ ਵਿੱਚ ਮਾਨਸਿਕ ਸਿਹਤ ਸੇਵਾਵਾਂ ਨੂੰ ਨਵੀਂ ਦਿਸ਼ਾ ਦੇ ਰਿਹਾ ਹੈ, ਜਦੋਂ ਕਿ ਦੂਜੇ ਬੈਚ ਲਈ ਅਰਜ਼ੀਆਂ ਅਗਸਤ ਦੇ ਪਹਿਲੇ ਹਫ਼ਤੇ ਸ਼ੁਰੂ ਹੋਣ ਜਾ ਰਹੀਆਂ ਹਨ। ਇਹ ਕਦਮ ਮੁੱਖ ਮੰਤਰੀ ਭਗਵੰਤ ਮਾਨ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਇੱਕ ਵਿਆਪਕ ਸਿਹਤ ਅਤੇ ਸਮਾਜਕ ਲਹਿਰ ਵਿੱਚ ਬਦਲਣ ਦੀ ਦਿਸ਼ਾ ਵਿੱਚ ਅਹਿਮ ਹੈ।
ਐੱਲ.ਐੱਮ.ਐੱਚ.ਪੀ. ਦੇ ਪਹਿਲੇ ਬੈਚ ਦੇ 13 ਫੈਲੋ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕੰਮ ਕਰ ਰਹੇ ਹਨ। ਇਹ ਫੈਲੋ ਮਨੋਵਿਗਿਆਨ, ਸਮਾਜਿਕ ਕਾਰਜ ਅਤੇ ਜਨ ਸਿਹਤ ਵਰਗੇ ਖੇਤਰਾਂ ਦੇ ਮਾਹਰ ਹਨ, ਜਿਨ੍ਹਾਂ ਨੂੰ ਮੁੜ ਵਸੇਬਾ, ਰਿਲੈਪਸ ਰੋਕਥਾਮ, ਪ੍ਰੋਗਰਾਮ ਪ੍ਰਬੰਧਨ ਅਤੇ ਭਾਈਚਾਰਕ ਸ਼ਮੂਲੀਅਤ ਵਿੱਚ ਸਿਖਲਾਈ ਦਿੱਤੀ ਗਈ ਹੈ। ਟਾਟਾ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸਜ਼ (ਮੁੰਬਈ) ਦੇ ਸਹਿਯੋਗ ਨਾਲ ਇਹ ਸਿਖਲਾਈ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ, ਜੋ ਫੈਲੋਜ਼ ਨੂੰ ਵਿਹਾਰਕ ਤਜ਼ਰਬੇ ਅਤੇ ਵਿਗਿਆਨਕ ਸਮਝ ਦੋਵਾਂ ਨਾਲ ਲੈਸ ਕਰਦਾ ਹੈ।
ਹੁਣ ਸਰਕਾਰ ਇਸ ਮੁਹਿੰਮ ਦੇ ਦੂਜੇ ਪੜਾਅ ਲਈ 10 ਫੈਲੋ ਅਤੇ 7 ਸੀਨੀਅਰ ਐਸੋਸੀਏਟਾਂ ਦੀ ਚੋਣ ਕਰੇਗੀ। ਇਸ ਨਾਲ ਸੂਬੇ ਦੇ ਸਾਰੇ 23 ਜ਼ਿਲ੍ਹਿਆਂ ਵਿੱਚ ਸਿਖਲਾਈ ਪ੍ਰਾਪਤ ਮਾਨਸਿਕ ਸਿਹਤ ਆਗੂਆਂ ਦਾ ਨੈੱਟਵਰਕ ਹੋਰ ਮਜ਼ਬੂਤ ਹੋਵੇਗਾ। ਇਸ ਪ੍ਰੋਗਰਾਮ ਦੀ ਮਾਨੀਟਰਿੰਗ ਅਤੇ ਤਕਨੀਕੀ ਸਹਾਇਤਾ ਰਾਜ ਦੀ ਡੇਟਾ ਇੰਟੈਲੀਜੈਂਸ ਐਂਡ ਟੈਕਨੀਕਲ ਸਪੋਰਟ ਯੂਨਿਟ (DITSU) ਵੱਲੋਂ ਕੀਤੀ ਜਾ ਰਹੀ ਹੈ।
ਫੈਲੋ ਨਾ ਸਿਰਫ਼ ਇਲਾਜ ਕੇਂਦਰਾਂ ਵਿੱਚ ਮਰੀਜ਼ਾਂ ਨੂੰ ਸਹੀ ਸੇਵਾਵਾਂ ਨਾਲ ਜੋੜਦੇ ਹਨ, ਬਲਕਿ ਉਨ੍ਹਾਂ ਦੇ ਪਰਿਵਾਰਾਂ ਨਾਲ ਵੀ ਕੰਮ ਕਰਦੇ ਹਨ। ਉਹ ਨਸ਼ੇ ਨਾਲ ਜੁੜੀ ਬਦਨਾਮੀ ਨੂੰ ਘਟਾਉਣ, ਲੋਕਾਂ ਨੂੰ ਜਾਗਰੂਕ ਕਰਨ ਅਤੇ ਮੁੜ ਵਸੇਬੇ ਤੋਂ ਬਾਅਦ ਵੀ ਲਗਾਤਾਰ ਸਹਾਇਤਾ ਮੁਹੱਈਆ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ। ਇਨ੍ਹਾਂ ਯਤਨਾਂ ਨਾਲ ਨਸ਼ੇ ਨੂੰ ਮਹਿਜ਼ ਵਿਅਕਤੀਗਤ ਬੁਰਾਈ ਦੀ ਬਜਾਏ ਇੱਕ ਗੁੰਝਲਦਾਰ ਸਮਾਜਕ ਮਸਲੇ ਵਜੋਂ ਸਮਝਣ ਦੀ ਨਜ਼ਰੀਆ ਵਿਕਸਿਤ ਹੋ ਰਹੀ ਹੈ।
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਨਸ਼ੇ ਖ਼ਿਲਾਫ਼ ਲੜਾਈ ਵਿੱਚ ਕਾਨੂੰਨੀ ਕਾਰਵਾਈ, ਇਲਾਜ ਅਤੇ ਰੋਕਥਾਮ — ਤਿੰਨੇ ਪਹਿਲੂ ਇਕੱਠੇ ਕੰਮ ਕਰਨਗੇ ਤਾਂ ਹੀ ਸੂਬੇ ਨੂੰ ਨਸ਼ਾ ਮੁਕਤ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਫੈਲੋਸ਼ਿਪ ਪ੍ਰੋਗਰਾਮ ਨਾ ਸਿਰਫ਼ ਸਿਹਤ ਕਰਮੀਆਂ ਨੂੰ ਸਮਰੱਥ ਬਣਾਉਂਦਾ ਹੈ, ਸਗੋਂ ਭਾਈਚਾਰਿਆਂ ਵਿੱਚ ਭਰੋਸਾ ਅਤੇ ਉਮੀਦ ਵੀ ਪੈਦਾ ਕਰਦਾ ਹੈ।
ਪੰਜਾਬ ਸਰਕਾਰ ਦਾ ਮੰਨਣਾ ਹੈ ਕਿ ਨਸ਼ਿਆਂ ਵਿਰੁੱਧ ਅਸਲ ਜੰਗ ਸਪਲਾਈ ਰੋਕਣ ਨਾਲੋਂ ਵੀ ਅੱਗੇ ਦੀ ਲੜਾਈ ਹੈ — ਇਹ ਮਾਨਸਿਕ ਸਿਹਤ ਨੂੰ ਮਜ਼ਬੂਤ ਕਰਨ, ਪਰਿਵਾਰਾਂ ਨੂੰ ਮੁੜ ਜੋੜਨ ਅਤੇ ਸਮਾਜ ਵਿੱਚ ਸ਼ਾਮਲ ਕਰਨ ਦਾ ਕੰਮ ਹੈ। ਐੱਲ.ਐੱਮ.ਐੱਚ.ਪੀ. ਫੈਲੋ ਇਸ ਦਿਸ਼ਾ ਵਿੱਚ ਨਵੇਂ ਅਧਿਆਏ ਲਿਖ ਰਹੇ ਹਨ, ਜੋ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਦੇ ਗਹਿਰੇ ਖਾਈ ਤੋਂ ਬਾਹਰ ਕੱਢ ਕੇ ਇੱਕ ਸਿਹਤਮੰਦ, ਸੰਵੇਦਨਸ਼ੀਲ ਅਤੇ ਉਤਪਾਦਕ ਜੀਵਨ ਵੱਲ ਲੈ ਜਾਣ ਦੀ ਕੋਸ਼ਿਸ਼ ਹੈ।