menu-icon
Punjabi Story Line
  • Home
  • News
  • Punjab
  • CM MAAN ਬੋਲੇ, ਪੰਜਾਬ ਨੇ ਪਹਿਲੀ ਵਾਰ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਲ ਫਾਂਸੀ ਚੜ੍ਹਨ ਵਾਲੇ ਛੇ ਹੋਰ ਸ਼ਹੀਦਾਂ ਨੂੰ ਕੀਤਾ ਯਾਦ

CM MAAN ਬੋਲੇ, ਪੰਜਾਬ ਨੇ ਪਹਿਲੀ ਵਾਰ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਲ ਫਾਂਸੀ ਚੜ੍ਹਨ ਵਾਲੇ ਛੇ ਹੋਰ ਸ਼ਹੀਦਾਂ ਨੂੰ ਕੀਤਾ ਯਾਦ

ਮੁੱਖ ਮੰਤਰੀ ਵੱਲੋਂ ਲੋਕਾਂ ਨੂੰ ਪੰਜਾਬ ਵਿਰੋਧੀ ਤਾਕਤਾਂ ਦੀ ਸ਼ਹਿ ਪ੍ਰਾਪਤ ਨਸ਼ਾ-ਅੱਤਵਾਦ ਨੂੰ ਮੂੰਹ ਤੋੜਵਾਂ ਜਵਾਬ ਦੇਣ ਲਈ ਸੰਕਲਪ ਲੈਣ ਦਾ ਸੱਦਾ, ਨੌਜਵਾਨਾਂ ਦੀ ਬੇਅੰਤ ਊਰਜਾ ਨੂੰ ਸਹੀ ਦਿਸ਼ਾ ਵਿੱਚ ਲਾਉਣ ਲਈ ਸੂਬਾ ਸਰਕਾਰ ਦੀ ਦ੍ਰਿੜ੍ਹ ਵਚਨਬੱਧਤਾ ਪ੍ਰਗਟਾਈ

Date Updated Last Updated : 16 November 2023, 01:31 PM IST
Share:

ਹਾਈਲਾਈਟਸ

  • ਪੰਜਾਬ ਨੇ ਨਸ਼ਿਆਂ ਦੇ ਖਿਲਾਫ਼ ਆਰ-ਪਾਰ ਦੀ ਲੜਾਈ ਵਿੱਢੀ
  • ਪੰਜਾਬੀਆਂ ਨੂੰ ਹੁਣ ਨਸ਼ਾ ਦੇ ਅੱਤਵਾਦ ਦੇ ਖਿਲਾਫ਼ ਜੰਗ ਲੜਨੀ ਪੈ ਰਹੀ ਹੈ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸੂਬੇ ਨੂੰ ਨਸ਼ਿਆਂ ਦੀ ਅਲਾਮਤ ਤੋਂ ਮੁਕੰਮਲ ਤੌਰ ਤੇ ਮੁਕਤ ਕਰਨ ਲਈ ਸਮੂਹ ਪੰਜਾਬੀਆਂ ਨੂੰ ਪੰਜਾਬ ਵਿਰੋਧੀ ਤਾਕਤਾਂ ਦੀ ਸ਼ਹਿ ਪ੍ਰਾਪਤ ਨਸ਼ਾ-ਅੱਤਵਾਦ ਨੂੰ ਮੂੰਹ ਤੋੜਵਾਂ ਜਵਾਬ ਦੇਣ ਦਾ ਸੰਕਲਪ ਲੈਣ ਦਾ ਸੱਦਾ ਦਿੱਤਾ। ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਦੇ ਮੌਕੇ ਪੰਜਾਬ ਪੁਲਿਸ ਵੱਲੋਂ ਕਰਵਾਈ ਵਿਸ਼ਾਲ ਨਸ਼ਾ ਵਿਰੋਧੀ ਸਾਈਕਲ ਰੈਲੀ ਨੂੰ ਝੰਡੀ ਵਿਖਾ ਕੇ ਰਵਾਨਾ ਕਰਨ ਤੋਂ ਪਹਿਲਾਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਉਤੇ ਮੁੱਢ ਤੋਂ ਧਾੜਵੀ ਹਮਲੇ ਕਰਦੇ ਰਹੇ ਹਨ ਪਰ ਪੰਜਾਬੀਆਂ ਨੇ ਹਮੇਸ਼ਾ ਹੀ ਇਨ੍ਹਾਂ ਹਮਲਿਆਂ ਦਾ ਬਹਾਦਰੀ ਨਾਲ ਮੁਕਾਬਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਹੁਣ ਨਸ਼ਾ-ਅੱਤਵਾਦ ਦੇ ਖਿਲਾਫ਼ ਜੰਗ ਲੜਨੀ ਪੈ ਰਹੀ ਹੈ।

 

ਪੰਜਾਬ ਦੇਸ਼ ਦੀ ਖੜਗਭੁਜਾ

ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੀਆਂ ਦੁਸ਼ਮਣ ਤਾਕਤਾਂ ਨਸ਼ੇੜੀਆਂ ਵਜੋਂ ਪੰਜਾਬੀਆਂ ਦਾ ਕੂੜ ਪ੍ਰਚਾਰ ਕਰਨ ਲਈ ਪੱਬਾਂ ਭਾਰ ਹਨ ਤਾਂ ਕਿ ਦੇਸ਼ ਸਾਹਮਣੇ ਸੂਬੇ ਦੀ ਗਲਤ ਤਸਵੀਰ ਪੇਸ਼ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਸਦੀਆਂ ਤੋਂ ਪੰਜਾਬ ਦੇਸ਼ ਦੀ ਖੜਗਭੁਜਾ ਰਿਹਾ ਹੈ ਅਤੇ ਇਸ ਨੂੰ ਦੇਸ਼ ਦਾ ਰਿਜ਼ਕ ਦੇਣ ਵਾਲਾ ਸੂਬਾ ਕਿਹਾ ਜਾਂਦਾ ਹੈ ਪਰ ਪੰਜਾਬੀਆਂ ਦੇ ਇਸ ਮਹਾਨ ਯੋਗਦਾਨ ਨੂੰ ਦਰਕਿਨਾਰ ਕਰਕੇ ਕੁਝ ਸਿਆਸੀ ਪਾਰਟੀਆਂ ਸੱਚੇ ਸਪੂਤਾਂ ਨੂੰ ਨਸ਼ੇੜੀ ਗਰਦਾਨ ਕੇ ਘਟੀਆ ਪ੍ਰਾਪੇਗੰਡਾ ਕਰ ਰਹੀਆਂ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹੁਣ ਪੰਜਾਬ ਨੇ ਨਸ਼ਿਆਂ ਦੇ ਖਿਲਾਫ਼ ਆਰ-ਪਾਰ ਦੀ ਲੜਾਈ ਵਿੱਢ ਦਿੱਤੀ ਹੈ ਜਿਸ ਦੀ ਸ਼ੁਰੂਆਤ ਪਵਿੱਤਰ ਸ਼ਹਿਰ ਅੰਮ੍ਰਿਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਤੋਂ ਅਰਦਾਸ ਕਰਕੇ ਕੀਤੀ ਗਈ ਸੀ।


ਖੇਡਾਂ ਦੀ ਤਿਆਰੀ ਲਈ ਅਗਾਊਂ ਫੰਡ ਦਿੱਤੇ

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਵਿੱਚ ਖੇਡਾਂ ਨੂੰ ਹੁਲਾਰਾ ਦੇਣ 'ਤੇ ਵੱਡਾ ਜ਼ੋਰ ਦਿੱਤਾ ਹੈ ਜਿਸ ਨਾਲ ਨੌਜਵਾਨਾਂ ਦੀ ਅਸੀਮ ਊਰਜਾ ਨੂੰ ਸਕਾਰਾਤਮਕ ਦਿਸ਼ਾ ਵਿੱਚ ਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਸੂਬਾ ਸਰਕਾਰ ਵੱਲੋਂ ਖਿਡਾਰੀਆਂ ਨੂੰ ਖੇਡਾਂ ਦੀ ਤਿਆਰੀ ਲਈ ਅਗਾਊਂ ਫੰਡ ਦਿੱਤੇ ਗਏ ਹਨ ਤਾਂ ਜੋ ਉਹ ਖੇਡ ਮੁਕਾਬਲਿਆਂ ਵਿੱਚ ਮੱਲਾਂ ਮਾਰ ਸਕਣ। ਮਾਨ ਨੇ ਕਿਹਾ ਕਿ ਇਸੇ ਦਾ ਨਤੀਜਾ ਹੈ ਕਿ ਪੰਜਾਬੀਆਂ ਨੇ ਹਾਲ ਹੀ ਵਿੱਚ ਸਮਾਪਤ ਹੋਈਆਂ ਏਸ਼ੀਅਨ ਖੇਡਾਂ ਵਿੱਚ 19 ਤਗਮੇ ਜਿੱਤੇ ਹਨ, ਜੋ ਕਿ ਏਸ਼ੀਆਡ ਦੀ ਸ਼ੁਰੂਆਤ ਤੋਂ ਹੁਣ ਤੱਕ ਜਿੱਤੇ ਗਏ ਸਭ ਤੋਂ ਵੱਧ ਤਗਮੇ ਹਨ।

ਹਰੇਕ ਸਾਲ 2100 ਅਸਾਮੀਆਂ ਦੀ ਹੋਵੇਗੀ ਰੈਗੂਲਰ ਭਰਤੀ


ਮੁੱਖ ਮੰਤਰੀ ਨੇ ਕਿਹਾ ਕਿ ਉਹ ਭਲੀਭਾਂਤ ਜਾਣਦੇ ਹਨ ਕਿ ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ ਹੈ’, ਇਸੇ ਲਈ ਨੌਜਵਾਨਾਂ ਨੂੰ ਨੌਕਰੀਆਂ ਦੇਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਉਹ ਕੰਮ ਵਿੱਚ ਲੱਗੇ ਰਹਿਣ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਵਿੱਚ ਹਰੇਕ ਸਾਲ 2100 ਅਸਾਮੀਆਂ ਦੀ ਰੈਗੂਲਰ ਭਰਤੀ ਲਈ ਇਸ਼ਤਿਹਾਰ ਦਿੱਤਾ ਜਾ ਰਿਹਾ ਹੈ ਜਿਸ ਨਾਲ ਨੌਜਵਾਨਾਂ ਨੂੰ ਸਖ਼ਤ ਮਿਹਨਤ ਕਰਨ ਅਤੇ ਪੁਲਿਸ ਅਫ਼ਸਰ ਬਣਨ ਲਈ ਤਿਆਰੀ ਕਰਨ ਦੀ ਪ੍ਰੇਰਨਾ ਮਿਲਦੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਵਿੱਚ ਨਸ਼ਿਆਂ ਖਿਲਾਫ ਵੱਡੀ ਕਾਰਵਾਈ ਸ਼ੁਰੂ ਕੀਤੀ ਹੈ ਅਤੇ ਸਮੱਗਲਰਾਂ ਨੂੰ ਸਲਾਖਾਂ ਪਿੱਛੇ ਡੱਕਿਆ ਜਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਇਸ ਵਿਸ਼ਾਲ ਸਾਈਕਲ ਰੈਲੀ ਵਿੱਚ ਹਰ ਵਰਗ ਦੇ ਲੋਕ ਹਿੱਸਾ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਉਪਰਾਲਾ ਪੰਜਾਬ ਵਿੱਚੋਂ ਸਮਾਜਿਕ ਬੁਰਾਈਆਂ ਦਾ ਸਫਾਇਆ ਕਰਕੇ ਸੂਬੇ ਨੂੰ ਮੋਹਰੀ ਬਣਾਉਣ ਲਈ ਲੋਕਾਂ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਇਹ ਸ਼ੁਰੂਆਤ ਆਉਣ ਵਾਲੇ ਸਮੇਂ ਵਿੱਚ ਰੰਗਲਾ ਪੰਜਾਬਸਿਰਜਣ ਵੱਲ ਇੱਕ ਵੱਡੀ ਪੁਲਾਂਘ ਹੈ।


ਹਰ ਸਾਲ 16 ਨਵੰਬਰ ਨੂੰ ਹੋਵੇਗੀ ਗਜ਼ਟਿਡ ਛੁੱਟੀ

 

ਇਸ ਇਤਿਹਾਸਕ ਦਿਹਾੜੇ 'ਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਪਵਿੱਤਰ ਦਿਹਾੜੇ 'ਤੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਨ ਦਾ ਪ੍ਰਣ ਲੈਣ ਨਾਲ ਇਸ ਮਹਾਨ ਸ਼ਹੀਦ ਨੂੰ ਸਹੀ ਮਾਅਨਿਆਂ ਵਿੱਚ ਸੱਚੀ ਸ਼ਰਧਾਂਜਲੀ ਹੋਵੇਗੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਪਹਿਲਾਂ ਹੀ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਮੌਕੇ ਹਰ ਸਾਲ 16 ਨਵੰਬਰ ਨੂੰ ਗਜ਼ਟਿਡ ਛੁੱਟੀ ਐਲਾਨੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਪੰਜਾਬ ਸਰਕਾਰ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਲ ਫਾਂਸੀ ਚੜ੍ਹਨ ਵਾਲੇ ਉਨ੍ਹਾਂ ਦੇ ਛੇ ਹੋਰ ਸਾਥੀਆਂ ਸ਼ਹੀਦ ਵਿਸ਼ਨੂੰ ਗਣੇਸ਼ ਪਿੰਗਲੇ (ਪੂਨੇ, ਮਹਾਰਾਸ਼ਟਰ), ਸ਼ਹੀਦ ਜਗਤ ਸਿੰਘ (ਤਰਨ ਤਾਰਨ), ਸ਼ਹੀਦ ਹਰਨਾਮ ਸਿੰਘ ਸਿਆਲਕੋਟੀ (ਸਿਆਲਕੋਟ, ਪਾਕਿਸਤਾਨ), ਸ਼ਹੀਦ ਬਖਸ਼ੀਸ਼ ਸਿੰਘ (ਅੰਮ੍ਰਿਤਸਰ), ਸ਼ਹੀਦ ਸੁਰੈਣ ਸਿੰਘ ਵੱਡਾ (ਅੰਮ੍ਰਿਤਸਰ) ਅਤੇ ਸ਼ਹੀਦ ਸੁਰੈਣ ਸਿੰਘ ਛੋਟਾ (ਅੰਮ੍ਰਿਤਸਰ) ਨੂੰ ਵੀ ਯਾਦ ਕੀਤਾ ਹੈ।

 

Recent News