menu-icon
Punjabi Story Line
  • Home
  • News
  • Punjab
  • ਕਾਂਗਰਸ ਵਿੱਚ ਕਾਟੋ-ਕਲੇਸ਼: ਦੇਵੇਂਦਰ ਯਾਦਵ ਦੀ ਚਿਤਾਵਨੀ, ਪਾਰਟੀ ਖਿਲਾਫ ਜਾਣ ਵਾਲੇ ਹਰ ਨੇਤਾ-ਵਰਕਰ ਦੇ ਖਿਲਾਫ ਹੋਵੇਗੀ ਕਾਰਵਾਈ

ਕਾਂਗਰਸ ਵਿੱਚ ਕਾਟੋ-ਕਲੇਸ਼: ਦੇਵੇਂਦਰ ਯਾਦਵ ਦੀ ਚਿਤਾਵਨੀ, ਪਾਰਟੀ ਖਿਲਾਫ ਜਾਣ ਵਾਲੇ ਹਰ ਨੇਤਾ-ਵਰਕਰ ਦੇ ਖਿਲਾਫ ਹੋਵੇਗੀ ਕਾਰਵਾਈ

ਸੈਕਟਰ-15 ਸਥਿਤ ਪੰਜਾਬ ਕਾਂਗਰਸ ਭਵਨ ਵਿੱਚ ਰਾਏ ਲੈਣ ਤੋਂ ਬਾਅਦ ਦੇਵੇਂਦਰ ਯਾਦਵ ਨੇ ਕਿਹਾ ਕਿ ਉਹ ਇਸ ਦੀ ਪੂਰੀ ਰਿਪੋਰਟ ਕਾਂਗਰਸ ਹਾਈਕਮਾਂਡ ਨੂੰ ਸੌਂਪਣਗੇ। ਸਾਰੇ ਮੁੱਦਿਆਂ 'ਤੇ ਅੰਤਿਮ ਫੈਸਲਾ ਹਾਈਕਮਾਂਡ ਹੀ ਲਵੇਗੀ।

Date Updated Last Updated : 12 January 2024, 11:17 AM IST
Share:

Clash in Congress: ਜਿਹੜਾ ਵੀ ਨੇਤਾ-ਵਰਕਰ ਕਾਂਗਰਸ ਪਾਰਟੀ ਦੇ ਖਿਲਾਫ ਜਾਵੇਗਾ, ਭਾਵੇਂ ਉਹ ਛੋਟਾ ਹੋਵੇ ਜਾਂ ਵੱਡਾ, ਉਸ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਹ ਚਿਤਾਵਨੀ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਦੇਵੇਂਦਰ ਯਾਦਵ ਨੇ ਦਿੱਤੀ ਹੈ। ਉਹਨਾਂ ਨੇ ਕਾਂਗਰਸ ਵਿੱਚ ਚੱਲ ਰਹੇ ਕਾਟੋ-ਕਲੇਸ਼ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਨੂੰ ਚੰਡੀਗੜ ਵੀ ਤਲਬ ਕੀਤਾ ਸੀ। ਨਵਜੋਤ ਸਿੰਘ ਸਿੱਧੂ ਦੀਆਂ ਰੈਲੀਆਂ ਅਤੇ ਲੋਕ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ (ਆਪ) ਨਾਲ ਗਠਜੋੜ ਨੂੰ ਲੈ ਕੇ ਚੱਲ ਰਹੀ ਜੰਗ ਦੇ ਮੁੱਦੇ 'ਤੇ ਆਗੂਆਂ, ਬਲਾਕ ਅਤੇ ਜ਼ਿਲ੍ਹਾ ਪ੍ਰਧਾਨਾਂ ਅਤੇ ਪਾਰਟੀ ਵਰਕਰਾਂ ਦੀ ਸੈਕਟਰ-15 ਸਥਿਤ ਪੰਜਾਬ ਕਾਂਗਰਸ ਭਵਨ ਵਿੱਚ ਰਾਏ ਲੈਣ ਤੋਂ ਬਾਅਦ ਦੇਵੇਂਦਰ ਯਾਦਵ ਨੇ ਕਿਹਾ ਕਿ ਉਹ ਇਸ ਦੀ ਪੂਰੀ ਰਿਪੋਰਟ ਕਾਂਗਰਸ ਹਾਈਕਮਾਂਡ ਨੂੰ ਸੌਂਪਣਗੇ। ਸਾਰੇ ਮੁੱਦਿਆਂ 'ਤੇ ਅੰਤਿਮ ਫੈਸਲਾ ਹਾਈਕਮਾਂਡ ਹੀ ਲਵੇਗੀ।
  
ਅਨੁਸ਼ਾਸਨ ਤੋਂ ਬਿਨਾਂ ਨਹੀਂ ਚੱਲ ਸਕਦੀ ਕੋਈ ਵੀ ਪਾਰਟੀ 

ਪਾਰਟੀ ਅੰਦਰ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੱਧੂ ਨੂੰ ਲੈ ਕੇ ਛਿੜੀ ਜੰਗ ਦੇ ਸਵਾਲ ਤੇ ਯਾਦਵ ਨੇ ਸਿੱਧੂ ਦਾ ਨਾਂ ਲਏ ਬਿਨਾਂ ਕਿਹਾ ਕਿ ਅਨੁਸ਼ਾਸਨ ਤੋਂ ਬਿਨਾਂ ਕੋਈ ਵੀ ਪਾਰਟੀ ਨਹੀਂ ਚੱਲ ਸਕਦੀ, ਇਸ ਲਈ ਅਨੁਸ਼ਾਸਨ ਬਹੁਤ ਜ਼ਰੂਰੀ ਹੈ। ਸ਼ੁਰੂਆਤੀ ਪੜਾਅ 'ਤੇ ਉਨ੍ਹਾਂ ਨੂੰ ਸਿੱਧੂ ਦੇ ਮਾਮਲੇ 'ਚ ਕੁਝ ਵੀ ਗੰਭੀਰ ਨਜ਼ਰ ਨਹੀਂ ਆਇਆ। ਪਿਛਲੀ ਰੈਲੀ ਲਈ ਉਨ੍ਹਾਂ ਨੇ ਇਜਾਜ਼ਤ ਲੈ ਲਈ ਸੀ, ਪਰ ਸਾਫ਼ ਹੈ ਕਿ ਪਾਰਟੀ ਤੋਂ ਉੱਪਰ ਕੋਈ ਨਹੀਂ ਹੈ। ਜੋ ਵੀ ਪਾਰਟੀ ਦੇ ਖਿਲਾਫ ਚੱਲੇਗਾ ਜਾਂ ਕੰਮ ਕਰੇਗਾ, ਚਾਹੇ ਉਹ ਛੋਟਾ ਵਰਕਰ ਹੋਵੇ ਜਾਂ ਵੱਡਾ ਨੇਤਾ, ਉਸ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਯਾਦਵ ਨੇ ਸਿੱਧੂ ਵੱਲੋਂ 21 ਜਨਵਰੀ ਨੂੰ ਮੋਗਾ ਵਿੱਚ ਰੈਲੀ ਕਰਨ ਬਾਰੇ ਪੁੱਛੇ ਸਵਾਲ ਨੂੰ ਇਹ ਕਹਿ ਕੇ ਟਾਲ ਦਿੱਤਾ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇੱਕ ਹੋਰ ਸਵਾਲ ਦੇ ਜਵਾਬ ਵਿੱਚ ਯਾਦਵ ਨੇ ਕਿਹਾ ਕਿ ਪੰਜਾਬ ਕਾਂਗਰਸ ਲੋਕ ਸਭਾ ਚੋਣਾਂ ਲਈ ਤਿਆਰ ਹੈ ਅਤੇ ਸਾਰੀਆਂ 13 ਸੀਟਾਂ ਜਿੱਤ ਕੇ ਹਾਈਕਮਾਂਡ ਦੇ ਹੱਥਾਂ ਵਿੱਚ ਦੇਵੇਗੀ। ਉਨ੍ਹਾਂ ਇਸ ਮੌਕੇ 'ਤੇ ਭਾਰਤ ਜੋੜੋ ਨਿਆਏ ਯਾਤਰਾ ਦਾ ਪੋਸਟਰ ਵੀ ਰਿਲੀਜ਼ ਕੀਤਾ।

ਆਪ ਨਾਲ ਗਠਜੋੜ ਨੂੰ ਲੈ ਕੇ ਪਾਰਟੀ ਇਕਮਤ ਨਹੀਂ, ਹਾਈਕਮਾਂਡ ਨੂੰ ਸੌਂਪਣਗੇ ਰਿਪੋਰਟ

ਦੇਵੇਂਦਰ ਯਾਦਵ ਨੇ ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ਜਿੱਤਣ ਦਾ ਦਾਅਵਾ ਵੀ ਕੀਤਾ। ਉਨ੍ਹਾਂ ਕਿਹਾ ਕਿ ਪਿਛਲੇ 4 ਦਿਨਾਂ ਤੋਂ ਉਹ ਪੰਜਾਬ ਵਿੱਚ ਪਾਰਟੀ ਦੀ ਸਥਿਤੀ, ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਅਤੇ ਪਾਰਟੀ ਅੰਦਰ ਚੱਲ ਰਹੀਆਂ ਮੁਸ਼ਕਿਲਾਂ ਬਾਰੇ ਸੀਨੀਅਰ ਪੱਧਰ ਤੋਂ ਲੈ ਕੇ ਹੇਠਲੇ ਪੱਧਰ ਤੱਕ ਫੀਡਬੈਕ ਲੈ ਰਹੇ ਹਨ। ਪੰਜਾਬ ਵਿੱਚ ‘ਆਪ’ ਨਾਲ ਗਠਜੋੜ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਯਾਦਵ ਨੇ ਕਿਹਾ ਕਿ ‘ਆਪ’ ਨਾਲ ਗਠਜੋੜ ਸਬੰਧੀ ਉਨ੍ਹਾਂ ਪੰਜਾਬ ਕਾਂਗਰਸ ਦੇ ਆਗੂਆਂ, ਵਰਕਰਾਂ ਤੇ ਅਹੁਦੇਦਾਰਾਂ ਦੀ ਰਾਏ ਲਈ ਹੈ ਅਤੇ ਉਨ੍ਹਾਂ ਨੂੰ ਅਹਿਸਾਸ ਹੋਇਆ ਹੈ ਕਿ ਪੰਜਾਬ ਇਕਾਈ ਇਸ ਸਬੰਧ ਵਿੱਚ ਇਕਮਤ ਨਹੀਂ ਹੈ। ਇਸ ਮੁੱਦੇ 'ਤੇ ਵੱਖ-ਵੱਖ ਵਿਚਾਰ ਸਾਹਮਣੇ ਆਏ ਹਨ, ਜਿਸ ਦੀ ਵਿਸਥਾਰਤ ਰਿਪੋਰਟ ਉਹ ਹਾਈਕਮਾਂਡ ਨੂੰ ਸੌਂਪਣਗੇ ਅਤੇ ਅੰਤਿਮ ਫੈਸਲਾ ਹਾਈਕਮਾਂਡ ਹੀ ਕਰੇਗੀ।

Recent News