menu-icon
Punjabi Story Line
  • Home
  • News
  • Punjab
  • ਪੰਚਾਇਤ ਮਹਿਕਮੇ 'ਚ ਲੰਬੇ ਸਮੇਂ ਤੋਂ ਇੱਕੋ ਸੀਟ 'ਤੇ ਬੈਠੇ ਮੁਲਾਜ਼ਮਾਂ ਦੀਆਂ ਹੋਣਗੀਆਂ ਬਦਲੀਆਂ 

ਪੰਚਾਇਤ ਮਹਿਕਮੇ 'ਚ ਲੰਬੇ ਸਮੇਂ ਤੋਂ ਇੱਕੋ ਸੀਟ 'ਤੇ ਬੈਠੇ ਮੁਲਾਜ਼ਮਾਂ ਦੀਆਂ ਹੋਣਗੀਆਂ ਬਦਲੀਆਂ 

ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਆਪਣੇ ਮਹਿਕਮੇ ਅੰਦਰ ਲੰਬੇ ਸਮੇਂ ਤੋਂ ਇੱਕ ਹੀ ਸੀਟ ਉਪਰ ਤਾਇਨਾਤ ਮੁਲਾਜ਼ਮਾਂ ਦੀ ਬਦਲੀ ਦੇ ਸੰਕੇਤ ਦਿੱਤੇ ਹਨ। ਇਹ ਸੰਕੇਤ ਅੱਜ ਵਿਧਾਨ ਸਭਾ ਅੰਦਰ ਮੁੱਦਾ ਉੱਠਣ ਮਗਰੋਂ ਦਿੱਤੇ ਗਏ। 

Date Updated Last Updated : 25 February 2025, 05:13 PM IST
Share:

ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਆਪਣੇ ਮਹਿਕਮੇ ਅੰਦਰ ਲੰਬੇ ਸਮੇਂ ਤੋਂ ਇੱਕ ਹੀ ਸੀਟ ਉਪਰ ਤਾਇਨਾਤ ਮੁਲਾਜ਼ਮਾਂ ਦੀ ਬਦਲੀ ਦੇ ਸੰਕੇਤ ਦਿੱਤੇ ਹਨ। ਇਹ ਸੰਕੇਤ ਅੱਜ ਵਿਧਾਨ ਸਭਾ ਅੰਦਰ ਮੁੱਦਾ ਉੱਠਣ ਮਗਰੋਂ ਦਿੱਤੇ ਗਏ। ਮੰਤਰੀ ਨੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਇੱਕ ਸਵਾਲ ਦਾ ਜਵਾਬ ਦਿੰਦਿਆਂ ਦੱਸਿਆ ਕਿ ਪੰਜਾਬ ਦੇ ਬਲਾਕ ਸੰਮਤੀ ਦਫਤਰਾਂ 'ਚ ਤਾਇਨਾਤ ਅਮਲੇ ਦੀਆਂ ਬਦਲੀਆਂ ਵੀ ਸਰਕਾਰ ਵੱਲੋਂ ਕੀਤੀਆਂ ਜਾਂਦੀਆਂ ਹਨ। ਇਸਤੋਂ ਪਹਿਲਾਂ ਵਿਧਾਇਕ ਜੰਗੀ ਲਾਲ ਮਹਾਜਨ ਨੇ ਸਵਾਲ ਪੁੱਛਿਆ ਸੀ ਕਿ ਰਾਜ ਦੇ ਬਲਾਕ ਸੰਮਤੀਆਂ ਦੇ ਦਫ਼ਤਰਾਂ ਵਿੱਚ ਤੈਨਾਤ ਅਮਲੇ ਦੀ ਸਰਕਾਰ ਵੱਲੋਂ ਕਦੇ ਬਦਲੀ ਨਹੀਂ ਕੀਤੀ ਜਾਂਦੀ, ਜਿਸ ਕਾਰਨ ਇੱਥੇ ਰਿਸ਼ਵਤਖੋਰੀ ਨੂੰ ਬੜਾਵਾ ਮਿਲਦਾ ਹੈ। ਇਸ ਦੇ ਜਵਾਬ ਵਿੱਚ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਜਿਹੜੇ ਵੀ ਮੁਲਾਜ਼ਮ ਪਿਛਲੇ ਲੰਬੇ ਸਮੇਂ ਤੋਂ ਇੱਕੋ ਸੀਟ ‘ਤੇ ਬੈਠੇ ਹਨ ਉਨ੍ਹਾਂ ਦੇ ਫੇਰਬਦਲ ਲਈ ਜਲਦ ਗੌਰ ਕੀਤਾ ਜਾਵੇਗਾ।

ਮੰਤਰੀ ਨੇ ਸਾਰੇ ਵੇਰਵੇ ਕੀਤੇ ਸਾਂਝੇ 

ਉਨ੍ਹਾਂ ਵਿਧਾਨ ਸਭਾ ਦੇ ਮੈਂਬਰਾਂ ਨੂੰ ਦੱਸਿਆ ਕਿ ਬਲਾਕ ਸੰਮਤੀਆਂ ਵਿੱਚ ਤੈਨਾਤ ਸੰਮਤੀ ਸਾਈਡ ਦੇ ਕਰਮਚਾਰੀਆਂ ਦੀ ਸਮਰੱਥ ਨਿਯੁਕਤੀ/ਸਜ਼ਾ ਅਥਾਰਟੀ ਸਬੰਧਤ ਸੰਮਤੀ ਹੁੰਦੀ ਹੈ। ਇਸਤੋਂ ਇਲਾਵਾ ਸਰਕਾਰ ਵੱਲੋਂ ਅਧਿਕਾਰੀਆਂ/ਕਰਮਚਾਰੀਆਂ ਜਿਵੇਂ ਕਿ ਸੁਪਰਡੰਟ ਗ੍ਰੇਡ 2, ਟੈਕਸ ਕੁਲੈਕਟਰ, ਪੰਚਾਇਤ ਸਕੱਤਰ ਅਤੇ ਪੰਚਾਇਤ ਅਫਸਰਾਂ ਦੀਆਂ ਬਦਲੀਆਂ ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਦੇ ਪੱਧਰ ‘ਤੇ ਕੀਤੀਆਂ ਜਾਂਦੀਆਂ ਹਨ। ਇਸਤੋਂ ਇਲਾਵਾ ਸੰਮਤੀ ਦੇ ਕਰਮਚਾਰੀਆਂ ਜਿਵੇਂ ਕਿ ਕਲਰਕ, ਸੇਵਾਦਾਰ ਅਤੇ ਡਰਾਇਵਰ ਆਦਿ ਦੀਆਂ ਅੰਤਰ ਜ਼ਿਲ੍ਹਾ ਬਦਲੀਆਂ ਦੇ ਕੇਸ ਵੀ ਸਰਕਾਰ ਪੱਧਰ ‘ਤੇ ਵਿਚਾਰੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਸੰਮਤੀ ਦੇ ਬਾਕੀ ਕਰਮਚਾਰੀਆਂ ਦੀਆਂ ਬਦਲੀਆਂ ਉਨ੍ਹਾਂ ਦੇ ਜ਼ਿਲੇ ਅੰਦਰ ਹੀ ਉਨ੍ਹਾਂ ਦੀ ਸਮਰੱਥ ਅਥਾਰਟੀ ਵੱਲੋਂ ਕੀਤੀਆਂ ਜਾਂਦੀਆਂ ਹਨ।

Recent News