ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਹੁਣ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਮਿਡ-ਡੇ-ਮੀਲ ਮੀਨੂ ਵਿੱਚ ਇੱਕ ਬਦਲਾਵ ਦੇਖਣ ਨੂੰ ਮਿਲਿਆ ਹੈ। ਮਿਡ-ਡੇ ਮੀਲ ਦੇ ਮੀਨੂ ਵਿੱਚ ਫਲ ਸ਼ਾਮਲ ਕੀਤੇ ਗਏ ਹਨ। ਨਵੇਂ ਸਾਲ (2024) ਤੋਂ ਵਿਦਿਆਰਥੀਆਂ ਨੂੰ ਹਫ਼ਤੇ ਵਿੱਚ ਇੱਕ ਵਾਰ ਭੋਜਨ ਦੇ ਨਾਲ ਕੇਲਾ ਵੀ ਮਿਲੇਗਾ। ਸਿੱਖਿਆ ਵਿਭਾਗ ਨੇ ਮਿਡ-ਡੇ-ਮੀਲ ਮੀਨੂ ਵਿੱਚ ਮਾਮੂਲੀ ਬਦਲਾਅ ਕੀਤੇ ਹਨ। ਹੁਣ ਵਿਦਿਆਰਥੀ ਆਪਣੇ ਭੋਜਨ 'ਚ ਕਾਲੇ ਛੋਲੇ, ਕਰੇਲੇ ਅਤੇ ਰਾਜਮਾਂਹ ਦਾ ਸਵਾਦ ਵੀ ਲੈ ਸਕਣਗੇ।
ਸਿੱਖਿਆ ਵਿਭਾਗ ਨੇ ਜਾਰੀ ਕੀਤੇ ਹੁਕਮ
ਕੇਂਦਰ ਸਰਕਾਰ ਦੇ ਹੁਕਮਾਂ 'ਤੇ ਪੰਜਾਬ ਦੇ ਸਿੱਖਿਆ ਵਿਭਾਗ ਨੇ ਸੂਬੇ ਦੇ 10 ਜ਼ਿਲ੍ਹਿਆਂ 'ਚ ਮਿਡ-ਡੇ-ਮੀਲ ਸਕੀਮ ਦਾ ਸੋਸ਼ਲ ਆਡਿਟ ਕਰਵਾਇਆ ਸੀ। ਜਨਤਕ ਸੁਣਵਾਈ ਦੌਰਾਨ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੇ ਮਿਡ-ਡੇਅ 'ਚ ਫਲ ਦੇਣ ਦਾ ਸੁਝਾਅ ਦਿੱਤਾ ਸੀ| ਉਸ ਤੋਂ ਬਾਅਦ ਸਿੱਖਿਆ ਵਿਭਾਗ ਨੇ ਉਪਰੋਕਤ ਹੁਕਮ ਜਾਰੀ ਕੀਤੇ ਹਨ।
ਜਨਵਰੀ ਤੋਂ ਮਾਰਚ ਤੱਕ ਦਾ ਨਵਾਂ ਮੀਨੂ ਜਾਰੀ
ਸਿੱਖਿਆ ਵਿਭਾਗ ਵੱਲੋਂ ਜਨਵਰੀ ਤੋਂ ਮਾਰਚ ਤੱਕ ਦਾ ਨਵਾਂ ਮੀਨੂ ਜਾਰੀ ਕੀਤਾ ਗਿਆ ਹੈ। ਵਿਭਾਗ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਫਲਾਂ ਲਈ 5 ਰੁਪਏ ਪ੍ਰਤੀ ਕੇਲਾ ਦੇ ਹਿਸਾਬ ਨਾਲ ਫੰਡ ਜਾਰੀ ਕਰੇਗਾ। ਰਾਜ ਦੇ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ, ਪ੍ਰਾਇਮਰੀ ਅਤੇ ਐਲੀਮੈਂਟਰੀ ਸਕੂਲਾਂ ਵਿੱਚ ਪੜ੍ਹਦੇ 17 ਲੱਖ ਵਿਦਿਆਰਥੀਆਂ ਨੂੰ ਭੋਜਨ ਮੁਹੱਈਆ ਕਰਵਾਇਆ ਜਾਂਦਾ ਹੈ। ਇਸ ਕੰਮ ਵਿੱਚ 42 ਹਜ਼ਾਰ ਲੋਕਾਂ ਨੂੰ ਰੁਜ਼ਗਾਰ ਮਿਲਿਆ ਹੈ। ਸਕੂਲ ਕਮੇਟੀਆਂ ਹਰ ਚੀਜ਼ 'ਤੇ ਨਜ਼ਰ ਰੱਖਣਗੀਆਂ।
ਮਿਡ ਡੇ ਮੀਲ ਮੀਨੂ
• ਸੋਮਵਾਰ - ਦਾਲ (ਮੌਸਮੀ ਸਬਜ਼ੀਆਂ ਨਾਲ ਮਿਲਾਇਆ ਗਿਆ), ਰੋਟੀ ਅਤੇ ਕੇਲਾ
• ਮੰਗਲਵਾਰ- ਰਾਜਮਾ ਅਤੇ ਚੌਲ
• ਬੁੱਧਵਾਰ- ਕਾਲੇ ਚਨੇ (ਚਿੱਟੇ ਚਣੇ ਨੂੰ ਆਲੂ ਦੇ ਨਾਲ ਮਿਲਾ ਕੇ), ਪੁਰੀ
• ਵੀਰਵਾਰ- ਕੜ੍ਹੀ (ਆਲੂ, ਪਿਆਜ਼ ਅਤੇ ਪਕੌੜਿਆਂ ਦੇ ਨਾਲ), ਚੌਲ
• ਸ਼ੁੱਕਰਵਾਰ- ਮੌਸਮੀ ਸਬਜ਼ੀਆਂ ਅਤੇ ਰੋਟੀਆਂ
• ਸ਼ਨੀਵਾਰ- ਮੌਸਮੀ ਸਬਜ਼ੀਆਂ ਅਤੇ ਚੌਲਾਂ ਦੇ ਨਾਲ ਦਾਲ