Courtesy: ਫ਼ਤਹਿਗੜ੍ਹ ਸਾਹਿਬ ਪੁਲਿਸ ਨੇ ਚੋਰੀ ਜਾਂ ਗੁੰਮ ਹੋਏ ਮੋਬਾਇਲ ਲੱਭ ਕੇ ਮਾਲਕਾਂ ਨੂੰ ਸੌਂਪੇ
ਫਤਹਿਗੜ੍ਹ ਸਾਹਿਬ ਪੁਲਿਸ ਨੇ ਇੱਕ ਚੰਗੀ ਪਹਿਲ ਕਰਦੇ ਹੋਏ ਸ਼ਹੀਦੀ ਸਭਾ ਦੇ ਦੌਰਾਨ ਭੀੜ 'ਚ ਖੋਹ ਗਏ ਜਾਂ ਚੋਰੀ ਹੋ ਗਏ ਮੋਬਾਇਲਾਂ ਨੂੰ ਲੱਭਣ 'ਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਹੁਣ ਤੱਕ 180 ਮੋਬਾਇਲ ਲੱਭ ਕੇ ਸੰਗਤ ਨੂੰ ਵਾਪਸ ਕੀਤੇ ਹਨ। ਸ਼ਹੀਦੀ ਸਭਾ 2024 ਦੌਰਾਨ ਅਤੇ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੀ ਹਦੂਦ ਅੰਦਰ ਵੱਖ-ਵੱਖ ਥਾਵਾਂ ਤੋਂ ਗੁੰਮ ਹੋਏ ਮੋਬਾਈਲ ਫੋਨਾਂ ਵਿੱਚੋਂ 60 ਮੋਬਾਈਲ ਫੋਨ ਅੱਜ ਜ਼ਿਲ੍ਹਾ ਪੁਲੀਸ ਮੁਖੀ ਡਾ. ਰਵਜੋਤ ਗਰੇਵਾਲ ਨੇ ਆਪਣੇ ਦਫਤਰ ਵਿਖੇ ਫੋਨ ਮਾਲਕਾਂ ਦੇ ਸਪੁਰਦ ਕੀਤੇ। ਬਰਾਮਦ ਕੀਤੇ ਫੋਨਾਂ ਵਿੱਚ ਸੈਮਸੰਗ ਦੇ 12, ਵੀਵੋ ਦੇ 20, ਓਪੋ ਦੇ 14, ਆਈ ਫੋਨ 01, ਰੈੱਡਮੀ ਦੇ 12, ਆਨਰ ਦਾ 01 ਫੋਨ ਸ਼ਾਮਲ ਹਨ। ਇਸਤੋਂ ਪਹਿਲਾਂ 120 ਮੋਬਾਇਲ ਲੱਭ ਕੇ ਵਾਪਸ ਕੀਤੇ ਗਏ ਸੀ।
ਜ਼ਿਲ੍ਹਾ ਪੁਲੀਸ ਮੁਖੀ ਨੇ ਕਿਹਾ ਕਿ ਜੇਕਰ ਭਵਿੱਖ ਵਿੱਚ ਕਿਸੇ ਵਿਅਕਤੀ ਦਾ ਫੋਨ ਗੁੰਮ ਹੁੰਦਾ ਹੈ ਜਾਂ ਚੋਰੀ ਹੁੰਦਾ ਹੈ, ਤਾਂ ਉਹ ਤੁਰੰਤ ਆਪਣੇ ਨਜ਼ਦੀਕੀ ਸਾਂਝ ਕੇਂਦਰ ਵਿੱਚ ਜਾ ਕੇ ਫੋਨ ਗੁੰਮ ਹੋਣ ਸਬੰਧੀ ਰਿਪੋਰਟ ਦਰਜ ਕਰਵਾਏ ਤਾਂ ਜੋ ਪੁਲਿਸ ਆਈ.ਐਮ. ਈ.ਆਈ. ਟਰੈਕਿੰਗ ਅਤੇ ਸੀ.ਆਈ.ਈ.ਆਰ. ਪੋਰਟਲ ਦੀ ਮਦਦ ਨਾਲ ਫੋਨ ਨੂੰ ਜਲਦੀ ਤੋਂ ਟਰੇਸ ਕਰ ਕੇ ਮਾਲਕ ਦੇ ਹਵਾਲੇ ਕਰ ਸਕੇ। ਇਸ ਮੌਕੇ ਮੋਬਾਈਲ ਫੋਨਾਂ ਦਿਆਂ ਮਾਲਕਾਂ ਵੱਲੋਂ ਜ਼ਿਲ੍ਹਾ ਪੁਲੀਸ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ ਗਈ ਤੇ ਜ਼ਿਲ੍ਹਾ ਪੁਲੀਸ ਮੁਖੀ ਦਾ ਧੰਨਵਾਦ ਕੀਤਾ ਗਿਆ। ਇਸ ਦੌਰਾਨ ਐੱਸ.ਪੀ. ਰਾਕੇਸ਼ ਯਾਦਵ, ਡੀ.ਐੱਸ.ਪੀ. ਸੁਖਨਾਜ਼ ਸਿੰਘ ਤੇ ਡੀ.ਐੱਸ.ਪੀ. ਹਰਤੇਸ਼ ਕੌਸ਼ਿਕ ਵੀ ਹਾਜ਼ਰ ਸਨ।