Courtesy: pinterest
ਮੁੰਬਈ: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਅਕਸਰ ਆਪਣੇ ਬੇਬਾਕ ਅੰਦਾਜ਼ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੀ ਹੈ। ਸਾਲਾਂ ਪਹਿਲਾਂ ਸੁਪਰਸਟਾਰ ਰਿਤਿਕ ਰੌਸ਼ਨ ਅਤੇ ਕੰਗਨਾ ਦਾ ਝਗੜਾ ਕਾਫੀ ਸੁਰਖੀਆਂ ਵਿੱਚ ਆਇਆ ਸੀ। ਹੁਣ ਇਹ ਵਿਵਾਦ "Sorry Hrithik" ਟ੍ਰੈਂਡ ਕਾਰਨ ਦੁਬਾਰਾ ਸੁਰਖੀਆਂ ਵਿੱਚ ਆ ਗਿਆ ਹੈ। ਇਸ ਟ੍ਰੈਂਡ ਨਾਲ ਜੁੜੀਆਂ ਚਰਚਾਵਾਂ ਅਤੇ ਦੋਵਾਂ ਕਲਾਕਾਰਾਂ ਦੀਆਂ ਪ੍ਰਤੀਕ੍ਰਿਆਵਾਂ ਨੇ ਇੱਕ ਵਾਰ ਫਿਰ ਪੁਰਾਣੇ ਮਾਮਲੇ ਨੂੰ ਲੋਕਾਂ ਦੇ ਵਿਚਾਰ-ਵਟਾਂਦਰੇ ਦਾ ਹਿੱਸਾ ਬਣਾ ਦਿੱਤਾ ਹੈ।
ਦਰਅਸਲ, ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ "Sorry Hrithik" ਨਾਮ ਨਾਲ ਇੱਕ ਟ੍ਰੈਂਡ ਸ਼ੁਰੂ ਹੋਇਆ, ਜਿਸ ਵਿੱਚ ਕਈ ਯੂਜ਼ਰ ਰਿਤਿਕ ਰੋਸ਼ਨ ਦੇ ਹੱਕ ਵਿੱਚ ਪੋਸਟਾਂ ਸਾਂਝੀਆਂ ਕਰਦੇ ਨਜ਼ਰ ਆਏ। ਇਹ ਟ੍ਰੈਂਡ ਉਸ ਸਮੇਂ ਤੇਜ਼ ਹੋਇਆ ਜਦੋਂ ਕੰਗਨਾ ਰਣੌਤ ਦੇ ਕੁਝ ਬਿਆਨਾਂ ਨੂੰ ਲੈ ਕੇ ਵੱਖ-ਵੱਖ ਮੀਮ ਅਤੇ ਟਿੱਪਣੀਆਂ ਸਾਹਮਣੇ ਆਉਣ ਲੱਗੀਆਂ। ਇਸ ਦੌਰਾਨ ਕਈ ਯੂਜ਼ਰਾਂ ਨੇ ਸਾਲਾਂ ਪੁਰਾਣੇ ਰਿਤਿਕ-ਕੰਗਨਾ ਵਿਵਾਦ ਦਾ ਜ਼ਿਕਰ ਕਰਦੇ ਹੋਏ ਰਿਤਿਕ ਤੋਂ ਮੁਆਫ਼ੀ ਮੰਗਣ ਦੀ ਗੱਲ ਵੀ ਕੀਤੀ।
ਵਾਇਰਲ ਹੋ ਰਹੇ ਇਸ ਟ੍ਰੈਂਡ 'ਤੇ ਰਿਤਿਕ ਰੋਸ਼ਨ ਨੇ ਵੀ ਆਪਣੀ ਪ੍ਰਤੀਕ੍ਰਿਆ ਦਿੱਤੀ। ਉਨ੍ਹਾਂ ਕਿਹਾ ਕਿ ਕਿਸੇ ਵੀ ਮਾਮਲੇ 'ਤੇ ਸਿਰਫ਼ ਭਾਵਨਾਵਾਂ ਦੇ ਆਧਾਰ 'ਤੇ ਨਹੀਂ, ਸਗੋਂ ਤੱਥਾਂ ਦੇ ਆਧਾਰ 'ਤੇ ਰਾਇ ਬਣਾਉਣੀ ਚਾਹੀਦੀ ਹੈ। ਉਨ੍ਹਾਂ ਇਸ਼ਾਰਿਆਂ-ਇਸ਼ਾਰਿਆਂ ਵਿੱਚ ਕਿਹਾ ਕਿ ਲੋਕਾਂ ਨੂੰ ਪੂਰੀ ਜਾਣਕਾਰੀ ਅਤੇ ਸੱਚਾਈ ਸਾਹਮਣੇ ਆਉਣ ਤੋਂ ਬਾਅਦ ਹੀ ਨਤੀਜੇ ਕੱਢਣੇ ਚਾਹੀਦੇ ਹਨ।
ਰਿਤਿਕ ਦੀ ਇਸ ਟਿੱਪਣੀ ਤੋਂ ਬਾਅਦ ਕੰਗਨਾ ਰਣੌਤ ਨੇ ਵੀ ਸੋਸ਼ਲ ਮੀਡੀਆ 'ਤੇ ਆਪਣੀ ਪ੍ਰਤੀਕ੍ਰਿਆ ਦਿੱਤੀ। ਉਨ੍ਹਾਂ ਇੰਸਟਾਗ੍ਰਾਮ 'ਤੇ ਲਿਖਿਆ, "ਪਿਆਰੇ ਰਿਤਿਕ, ਮੈਨੂੰ ਖੁਸ਼ੀ ਹੈ ਕਿ ਤੁਹਾਨੂੰ ਆਪਣਾ ਸੱਚਾ ਸਾਥੀ ਮਿਲ ਗਿਆ ਹੈ। ਤੁਸੀਂ ਸਬਾ ਆਜ਼ਾਦ ਨਾਲ ਬਹੁਤ ਵਧੀਆ ਜੋੜੀ ਬਣਾਉਂਦੇ ਹੋ। ਤੁਸੀਂ ਦੋਵੇਂ ਇੱਕ ਗੰਭੀਰ ਰਿਸ਼ਤੇ ਵਿੱਚ ਹੋ, ਇਸ ਲਈ ਕਿਸੇ ਔਰਤ ਦਾ ਇਸ ਤਰ੍ਹਾਂ ਮਜ਼ਾਕ ਉਡਾਉਣ ਜਾਂ ਛੇੜਨਾ ਤੁਹਾਨੂੰ ਸ਼ੋਭਾ ਨਹੀਂ ਦਿੰਦਾ।"
ਉਨ੍ਹਾਂ ਅੱਗੇ ਕਿਹਾ- "ਇਸਦੀ ਬਜਾਏ, ਤੁਹਾਨੂੰ ਉਨ੍ਹਾਂ ਲੋਕਾਂ ਦੀ ਨਿੰਦਾ ਕਰਨੀ ਚਾਹੀਦੀ ਹੈ ਜੋ ਤੁਹਾਡਾ ਨਾਮ ਵਰਤ ਕੇ ਮੈਨੂੰ ਪਰੇਸ਼ਾਨ ਕਰ ਰਹੇ ਹਨ ਅਤੇ ਮੇਰੇ ਨਾਲ ਬਦਸਲੂਕੀ ਕਰ ਰਹੇ ਹਨ। ਅੱਗ ਵਿੱਚ ਤੇਲ ਨਾ ਪਾਓ ਅਤੇ ਆਪਣੇ ਸਾਥੀ ਨੂੰ ਸ਼ਰਮਿੰਦਾ ਨਾ ਕਰੋ। ਮੈਨੂੰ ਉਮੀਦ ਹੈ ਕਿ ਤੁਸੀਂ ਸਿਆਣਪ ਵਰਤੋਗੇ ਅਤੇ ਭਵਿੱਖ ਵਿੱਚ ਅਜਿਹੀਆਂ ਬੇਲੋੜੀਆਂ ਟਿੱਪਣੀਆਂ ਕਰਨਾ ਬੰਦ ਕਰੋਗੇ।"
ਰਿਤਿਕ ਰੋਸ਼ਨ ਅਤੇ ਕੰਗਨਾ ਰਣੌਤ ਵਿਚਕਾਰ ਵਿਵਾਦ ਸਾਲ 2016 ਦੌਰਾਨ ਖੁੱਲ੍ਹ ਕੇ ਸਾਹਮਣੇ ਆਇਆ ਸੀ। ਉਸ ਵੇਲੇ ਕੰਗਨਾ ਨੇ ਇੱਕ ਇੰਟਰਵਿਊ ਵਿੱਚ ਰਿਤਿਕ ਨੂੰ ਆਪਣਾ "ਐਕਸ" ਦੱਸਿਆ ਸੀ, ਜਿਸ ਨੂੰ ਰਿਤਿਕ ਨੇ ਸਿਰੇ ਤੋਂ ਨਕਾਰ ਦਿੱਤਾ ਸੀ। ਇਸ ਤੋਂ ਬਾਅਦ ਦੋਵਾਂ ਵਿਚਕਾਰ ਕਾਨੂੰਨੀ ਨੋਟਿਸਾਂ ਦਾ ਦੌਰ ਸ਼ੁਰੂ ਹੋਇਆ ਅਤੇ ਮਾਮਲਾ ਜਾਂਚ ਏਜੰਸੀਆਂ ਤੱਕ ਵੀ ਪਹੁੰਚਿਆ। ਕਈ ਸਾਲਾਂ ਤੱਕ ਇਹ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਰਿਹਾ। ਦੋਵਾਂ ਨੇ ਆਪਣੇ-ਆਪਣੇ ਦਾਅਵੇ ਪੇਸ਼ ਕੀਤੇ, ਪਰ ਸਮੇਂ ਦੇ ਨਾਲ ਇਹ ਵਿਵਾਦ ਸ਼ਾਂਤ ਹੋ ਗਿਆ। ਹੁਣ ਇੱਕ ਵਾਰ ਫਿਰ ਸੋਸ਼ਲ ਮੀਡੀਆ 'ਤੇ ਚੱਲ ਰਹੇ ਟ੍ਰੈਂਡ ਕਾਰਨ ਇਹ ਮਾਮਲਾ ਲੋਕਾਂ ਦੀ ਚਰਚਾ ਵਿੱਚ ਵਾਪਸ ਆ ਗਿਆ ਹੈ।