menu-icon
Punjabi Story Line
  • Home
  • News
  • Punjab
  • Governor Kataria ਨੇ ਨਸ਼ੇ ਨੂੰ ਜੜ੍ਹੋਂ ਖਤਮ ਕਰਨ ਲਈ ਲੋਕਾਂ ਨੂੰ ਦਿੱਤਾ ਜਨ ਅੰਦੋਲਨ ਵਿੱਢਣ ਲਈ ਸੱਦਾ, ਸਭ ਤੋਂ ਮੰਗਿਆ ਸਹਿਯੋਗ

Governor Kataria ਨੇ ਨਸ਼ੇ ਨੂੰ ਜੜ੍ਹੋਂ ਖਤਮ ਕਰਨ ਲਈ ਲੋਕਾਂ ਨੂੰ ਦਿੱਤਾ ਜਨ ਅੰਦੋਲਨ ਵਿੱਢਣ ਲਈ ਸੱਦਾ, ਸਭ ਤੋਂ ਮੰਗਿਆ ਸਹਿਯੋਗ

ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਅਗਵਾਈ ਹੇਠ ਪੈਦਲ ਯਾਤਰਾ ਬੰਦੇਸ਼ਾ ਰਿਜੋਰਟ, ਪਿੰਡ ਢਾਂਡੇ ਤੋਂ ਸ਼ੁਰੂ ਹੋ ਕੇ ਫਤਿਹਗੜ੍ਹ ਚੂੜੀਆਂ ਦੇ ਬਜ਼ਾਰਾਂ ਵਿਚੋਂ ਦੀ ਹੁੰਦੀ ਹੋਈ ਪੰਡਿਤ ਮੋਹਨ ਲਾਲ ਐਸ.ਡੀ ਕਾਲਜ (ਲੜਕੀਆਂ) ਫਤਿਹਗੜ੍ਹ ਚੂੜੀਆਂ ਵਿਖੇ ਸਮਾਪਤ ਹੋਈ। ਯਾਤਰਾ ਦੇ ਅਖੀਰ ਵਿੱਚ ਰਾਜਪਾਲ ਵੱਲੋਂ ਸਮੂਹ ਹਾਜ਼ਰੀਨ ਨੂੰ ਨਸ਼ਾ ਮੁਕਤ ਪੰਜਾਬ ਮੁਹਿੰਮ ਵਿੱਚ ਆਪਣਾ ਯੋਗਦਾਨ ਪਾਉਣ ਦੀ ਸਹੁੰ ਵੀ ਚੁਕਾਈ ਗਈ। ਪੈਦਲ ਯਾਤਰਾ ਦੌਰਾਨ ਲੋਕਾਂ ਵੱਲੋਂ ਹਾਂ ਪੱਖੀ ਹੁੰਗਾਰਾ ਦਿੱਤਾ ਗਿਆ ਅਤੇ ਸਮਾਜ ਦੇ ਹਰ ਵਰਗ ਨੇ ਪੂਰੇ ਉਤਸ਼ਾਹ ਨਾਲ ਇਸ ਪੈਦਲ ਯਾਤਰਾ ਵਿੱਚ ਹਿੱਸਾ ਲਿਆ।

Date Updated Last Updated : 04 April 2025, 05:19 PM IST
Share:

Punjab News : ਪੰਜਾਬ ਦੇ ਰਾਜਪਾਲ ਅਤੇ ਪ੍ਰਧਾਨ ਭਾਰਤੀ ਰੈੱਡ ਕਰਾਸ ਸੋਸਇਟੀ ਪੰਜਾਬ ਗੁਲਾਬ ਚੰਦ ਕਟਾਰੀਆ ਵਲੋਂ ਨਸ਼ੇ ਦੀ ਬਿਮਾਰੀ ਨੂੰ ਜੜੋਂ ਖਤਮ ਕਰਨ ਲਈ ਜਨ ਅੰਦੋਲਨ ਵਿੱਢਣ ਦਾ ਲੋਕਾਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਸਮੂਹਿਕ ਸਹਿਯੋਗ ਨਾਲ ਹੀ ਇਸ ਅਲਾਮਤ ਨਾਲ ਨਜਿੱਠਿਆ ਜਾ ਸਕਦਾ ਹੈ। ਪੰਜਾਬ ਦੇ ਰਾਜਪਾਲ ਵਲੋਂ ਨਸ਼ਿਆਂ ਵਿਰੁੱਧ ਪੈਦਲ ਯਾਤਰਾ ਦੇ ਦੂਜੇ ਦਿਨ ਸ਼ੁੱਕਰਵਾਰ ਨੂੰ ਫਤਿਹਗੜ੍ਹ ਚੂੜੀਆਂ ਤੋਂ ਪੈਦਲ ਯਾਤਰਾ ਦੀ ਸ਼ੁਰੂਆਤ ਕਰਨ ਮੌਕੇ ਲੋਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਉਨਾਂ ਕਿਹਾ ਕਿ ਮੈਂ ਸਾਰੇ ਲੋਕਾਂ ਦਾ ਧੰਨਵਾਦ ਕਰਦਾ ਹਾਂ, ਜਿਨਾਂ ਵਲੋਂ ਇਸ ਪੈਦਲ ਯਾਤਰਾ ਵਿੱਚ ਹਿੱਸਾ ਲਿਆ ਗਿਆ। ਉਨ੍ਹਾਂ ਨੇ ਕਿਹਾ ਕਿ ਪੰਜਾਬ ਗੁਰੂਆਂ, ਪੀਰਾਂ, ਸੂਰਬੀਰਾਂ ਅਤੇ ਯੋਧਿਆਂ ਦੀ ਧਰਤੀ ਹੈ, ਜਿਸਨੇ ਹਮੇਸ਼ਾਂ ਦੇਸ਼ ਵਿਰੋਧੀ ਤਾਕਤਾਂ ਨਾਲ ਲੋਹਾ ਲੈਂਦਿਆਂ ਉਨਾਂ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਹੈ। ਪੰਜਾਬੀਆਂ ਨੇ ਆਪਣੀਆਂ ਜਾਨਾਂ ਨਿਛਾਵਰ ਕਰਕੇ ਦੇਸ਼ ਦੀ ਹਮੇਸ਼ਾ ਸੁਰੱਖਿਆ ਕੀਤੀ ਹੈ ਅਤੇ ਅੱਜ ਵੀ ਪੰਜਾਬੀ ਨੌਜਵਾਨ ਫੌਜ ਵਿੱਚ ਆਪਣੀ ਡਿਊਟੀ ਨਿਭਾ ਕੇ ਦੇਸ਼ ਦੀ ਸੇਵਾ ਕਰ ਰਹੇ ਹਨ।

ਬਾਹਰੀ ਤਾਕਤਾਂ ਰੱਚ ਰਹੀਆਂ ਸਾਜਿਸ਼ 

ਰਾਜਪਾਲ ਕਟਾਰੀਆ ਨੇ ਕਿਹਾ ਇੱਥੋਂ ਦੀ ਧਰਤੀ ਨੇ ਜ਼ੁਲਮ ਵਿਰੁੱਧ ਬਲੀਦਾਨ ਦਿੱਤੇ ਹਨ। ਉਨਾਂ ਗੁਰੂ ਗੋਬਿੰਦ ਸਿੰਘ ਜੀ ਦੇ ਸਰਹਿੰਦ ਵਿੱਚ ਧਰਮ ਦੀ ਰੱਖਿਆ ਖਾਤਰ ਦੀਵਾਰ ’ਚ ਚਿਣ ਕੇ ਸ਼ਹੀਦ ਕੀਤੇ ਗਏ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਿਹ ਸਿੰਘ ਵੱਲੋਂ ਕ੍ਰਮਵਾਰ 9 ਅਤੇ 7 ਸਾਲ ਦੀ ਉਮਰ ਵਿੱਚ ਜ਼ੁਲਮ ਦੀ ਇੰਤਹਾ ਵਿਰੁੱਧ ਦਿੱਤੇ ਸੁਨੇਹੇ ਨੂੰ ਯਾਦ ਕਰਦਿਆਂ ਕਿਹਾ ਕਿ ਅੱਜ ਵੀ ਜਦੋਂ ਉਸ ਥਾਂ ’ਤੇ ਜਾਈਏ ਤਾਂ ਅੱਖਾਂ ਨਮ ਹੋ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੀ ਮਹਾਨ ਧਰਤੀ ’ਤੇ ਪੈਦਾ ਹੋਣ ਵਾਲੇ ਬਹਾਦਰ ਪੰਜਾਬੀਆਂ ਨੂੰ ਅੱਜ ਬਾਹਰੀ ਤਾਕਤਾਂ ਵੱਲੋਂ ਸਰੀਰਕ ਤੌਰ ’ਤੇ ਕਮਜ਼ੋਰ ਕਰਨ ਦੀ ਇਸ ਸਾਜਿਸ਼ ਦਾ ਸਾਨੂੰ ਡੱਟ ਕੇ ਵਿਰੋਧ ਕਰਨਾ ਚਾਹੀਦਾ ਹੈ ਅਤੇ ਪੰਜਾਬ ਦੀ ਧਰਤੀ ਤੋਂ ਨਸ਼ਿਆਂ ਨੂੰ ਜੜੋਂ ਪੁੱਟਣ ’ਚ ਸਰਕਾਰ ਵੱਲੋਂ ਆਰੰਭੀ ਲੜਾਈ ’ਚ ਸਾਥ ਦੇਣਾ ਚਾਹੀਦਾ ਹੈ। ਉਨਾਂ ਕਿਹਾ ਕਿ ਨਸ਼ਾ ਮੁਕਤ ਪੰਜਾਬ ਅਤੇ ਨਸ਼ਾ ਮੁਕਤ ਭਾਰਤ ਬਣਾਉਣਾ ਹੀ ਸਾਡਾ ਮੰਤਵ ਹੈ ਅਤੇ ਮੈਨੂੰ ਪੂਰਾ ਭਰੋਸਾ ਹੈ ਕਿ ਅਸੀਂ ਰਲ ਕੇ ਇਸ ਜੰਗ ਨੂੰ ਜਰੂਰ ਜਿੱਤਾਂਗੇ। ਉਨਾਂ ਕਿਹਾ ਕਿ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ ਪਰ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣੀ ਮੋਜੂਦਾ ਤੇ ਆਉਣ ਵਾਲੀ ਪੀੜੀ ਨੂੰ ਬਚਾਉਣ ਲਈ ਅੱਗੇ ਆਈਏ ਤੇ ਇਸ ਜਨ ਅੰਦੋਲਨ ਦਾ ਹਿੱਸਾ ਬਣੀਏ।

ਨਸ਼ਾ ਤਸਕਰ ਕਈ ਢੰਗ ਤਰੀਕੇ ਵਰਤ ਰਹੇ 

ਰਾਜਪਾਲ ਕਟਾਰੀਆ ਨੇ ਕਿਹਾ ਕਿ ਨਸ਼ੇ ਵਰਗੀ ਬੁਰਾਈ ਸਮਾਜ ਵਿਚ ਆਈ ਹੈ ਅਤੇ ਸਾਨੂੰ ਮਿਲ ਕੇ ਉਸਦਾ ਸਾਹਮਣਾ ਕਰਨਾ ਹੋਵੇਗਾ। ਉਨਾਂ ਪਿੰਡ ਤੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀਆਂ ਗਲੀਆਂ-ਮੁਹੱਲਿਆਂ ਦੇ ਬਾਹਰ ਬੋਰਡ ਲਗਾਉਣ ਕਿ ਅਸੀਂ ਇਸ ਬੁਰਾਈ ਦਾ ਡੱਟ ਕੇ ਵਿਰੋਧ ਕਰਦੇ ਹਾਂ ਅਤੇ ਨਸ਼ੇ ਨੂੰ ਖਤਮ ਕਰਨ ਲਈ ਪੂਰਨ ਸਹਿਯੋਗ ਕਰਾਂਗੇ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਰੰਭੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਸਾਰਥਿਕ ਨਤੀਜੇ ਸਾਹਮਣੇ ਆ ਰਹੇ ਹਨ ਅਤੇ ਹੁਣ ਪੰਜਾਬ ਦੇ ਹਰ ਜਾਗਰੂਕ ਨਾਗਰਿਕ ਲਈ ਮੌਕਾ ਹੈ ਕਿ ਉਹ ਇਸ ਲੜਾਈ ’ਚ ਸਰਕਾਰ ਦਾ ਸਾਥ ਦੇਵੇ ਅਤੇ ਪੰਜਾਬ ਦੀ ਧਰਤੀ ਨੂੰ ਨਸ਼ਾ ਮੁਕਤ ਬਣਾਵੇ। ਉਨ੍ਹਾਂ ਨੇ ਕਿਹਾ ਨਸ਼ਾ ਤਸਕਰਾਂ ਵੱਲੋਂ ਤਸਕਰੀ ਦੇ ਕਈ ਢੰਗ ਤਰੀਕੇ ਵਰਤੇ ਜਾਂਦੇ ਹਨ ਜਿਨ੍ਹਾਂ ਵਿਚੋਂ ਇੱਕ ਡਰੋਨ ਰਾਹੀਂ ਸਰਹੱਦ ਪਾਰੋਂ ਨਸ਼ਾ ਭੇਜਣਾ ਵੀ ਹੈ। ਉਨ੍ਹਾਂ ਕਿਹਾ ਕਿ ਸਾਡੀ ਸੁਰੱਖਿਆ ਫੋਰਸਾਂ ਲੋਕਾਂ ਦੇ ਸਹਿਯੋਗ ਨਾਲ ਡਰੋਨ ਗਤੀਵਿਧੀਆਂ ਉੱਪਰ ਵੀ ਰੋਕ ਲਗਾਉਣ ਵਿੱਚ ਕਾਫੀ ਹੱਦ ਤੱਕ ਸਫਲ ਹੋਈਆਂ ਹਨ ਅਤੇ ਇਸ ਨੂੰ ਪੂਰੀ ਤਰ੍ਹਾਂ ਰੋਕਣ ਲਈ ਕੰਮ ਕੀਤਾ ਜਾ ਰਿਹਾ ਹੈ।

Recent News