ਪੰਜਾਬ ਦੇ ਸ਼ਹਿਰੀ ਖੇਤਰਾਂ ਵਿੱਚ ਸਫ਼ਾਈ ਵਿਵਸਥਾ ਨੂੰ ਸੁਧਾਰਨ ਲਈ ਇੱਕ ਵਿਲੱਖਣ ਅਤੇ ਤਕਨਾਲੋਜੀ-ਅਧਾਰਤ ਪਹਿਲ ਕਰਦਿਆਂ ਸਥਾਨਕ ਸਰਕਾਰਾਂ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਸੋਮਵਾਰ ਨੂੰ ‘ਮਿਸ਼ਨ ਕਲੀਨ ਪੰਜਾਬ’ ਦੀ ਸ਼ੁਰੂਆਤ ਕੀਤੀ।
ਇਸ ਮੁਹਿੰਮ ਤਹਿਤ ਉੱਪਰਲੇ ਅਧਿਕਾਰੀਆਂ ਤੋਂ ਲੈ ਕੇ ਹੇਠਲੇ ਪੱਧਰ ਤੱਕ ਦੇ ਸਾਰੇ ਨਗਰ ਨਿਗਮ ਅਤੇ ਕੌਂਸਲ ਅਧਿਕਾਰੀ ਰੋਜ਼ਾਨਾ ਸਵੇਰੇ 7 ਵਜੇ ਤੋਂ 8 ਵਜੇ ਤੱਕ ਲਾਜ਼ਮੀ ਤੌਰ ‘ਤੇ ਫੀਲਡ ਵਿੱਚ ਮੌਜੂਦ ਰਹਿਣਗੇ।
ਵਿਭਾਗ ਦੇ ਮੁੱਖ ਦਫ਼ਤਰ ਵਿਖੇ ‘ਮਿਸ਼ਨ ਕਲੀਨ ਪੰਜਾਬ’ ਦਾ ਆਗਾਜ਼ ਕਰਦਿਆਂ ਸ. ਬੈਂਸ ਨੇ ਫੀਲਡ ਅਧਿਕਾਰੀਆਂ ਨਾਲ ਵੀਡੀਓ ਕਾਲ ਰਾਹੀਂ ਮੁਹਿੰਮ ਦੇ ਪਹਿਲੇ ਦਿਨ ਦੀ ਸਮੀਖਿਆ ਕੀਤੀ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਨਾਲ ਲੈਸ ਮੋਬਾਈਲ ਐਪਲੀਕੇਸ਼ਨ, ਅਚਨਚੇਤ ਚੈਕਿੰਗ ਅਤੇ ਸਫ਼ਾਈ ਬਾਰੇ ਹਫ਼ਤਾਵਾਰੀ ਪ੍ਰਗਤੀ ਰਿਪੋਰਟਾਂ ਰਾਹੀਂ ਸਫਲ ਬਣਾਇਆ ਜਾਵੇਗਾ।
ਸ. ਹਰਜੋਤ ਸਿੰਘ ਬੈਂਸ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਮੁਹਿੰਮ ਤਹਿਤ ਹਰੇਕ ਸ਼ਹਿਰੀ ਸਥਾਨਕ ਸੰਸਥਾ ਨੂੰ 10-ਕਿਲੋਮੀਟਰ ਦੇ ਜ਼ੋਨਾਂ ਵਿੱਚ ਵੰਡਿਆ ਜਾਵੇਗਾ। ਹਰੇਕ ਜ਼ੋਨ ਦੀ ਅਗਵਾਈ ਇੱਕ ਨਿਗਰਾਨ ਅਧਿਕਾਰੀ - ADC, MC ਕਮਿਸ਼ਨਰ, ਸੰਯੁਕਤ ਕਮਿਸ਼ਨਰ ਜਾਂ EO - ਵੱਲੋਂ ਕੀਤੀ ਜਾਵੇਗੀ।
ਸਾਰੇ ਅਧਿਕਾਰੀ ਰੋਜ਼ਾਨਾ ਸਵੇਰੇ 7 ਵਜੇ ਤੋਂ 8 ਵਜੇ ਤੱਕ ਫੀਲਡ ਦਾ ਦੌਰਾ ਕਰਨਗੇ ਅਤੇ ਰੋਜ਼ਾਨਾ ਰਿਪੋਰਟਾਂ ਭੇਜਣਗੀਆਂ। ਨਿਗਰਾਨ ਅਧਿਕਾਰੀ ਰੋਜ਼ਾਨਾ ਰਿਪੋਰਟਾਂ ਭੇਜਣਗੇ ਅਤੇ ਕਿਸੇ ਵੀ ਚੀਜ਼ ਨੂੰ ਰੱਬ ਆਸਰੇ ਨਹੀਂ ਛੱਡਿਆ ਜਾਵੇਗਾ।
ਸ. ਬੈਂਸ ਨੇ ਸਪੱਸ਼ਟ ਕੀਤਾ ਕਿ ਇਹ ਕੋਈ ਇੱਕ ਵਾਰ ਕੀਤਾ ਜਾਣ ਵਾਲਾ ਵੱਡਾ ਸਮਾਗਮ ਨਹੀਂ ਹੈ, ਸਗੋਂ ਗੰਦਗੀ ਵਿਰੁੱਧ ਰੋਜ਼ਾਨਾ ਦੀ ਜੰਗ ਹੈ। ਉਨ੍ਹਾਂ ਕਿਹਾ, "ਅੱਜ ਸਵੇਰੇ 7 ਵਜੇ ਤੋਂ ਹਰ ਅਧਿਕਾਰੀ ਫੀਲਡ ਵਿੱਚ ਹੋਵੇਗਾ। ਕੋਈ ਬਹਾਨਾ ਨਹੀਂ ਚੱਲੇਗਾ। ਸਾਰੇ ਅਧਿਕਾਰੀਆਂ ਕੋਲ ਚੱਲਦੇ ਕੈਮਰੇ ਅਤੇ ਇੰਟਰਨੈੱਟ ਕੁਨੈਕਟੀਵਿਟੀ ਵਾਲਾ ਸਮਾਰਟਫੋਨ ਹੋਣਾ ਲਾਜ਼ਮੀ ਹੈ।"
ਸਥਾਨਕ ਸਰਕਾਰਾਂ ਮੰਤਰੀ ਖ਼ੁਦ ਵੀ ਪੂਰੇ ਪੰਜਾਬ ਵਿੱਚ ਅਚਨਚੇਤ ਚੈਕਿੰਗ ਕਰਨਗੇ। ਉਨ੍ਹਾਂ ਕਿਹਾ, "ਅੱਜ ਮੈਂ ਮੁੱਖ ਦਫ਼ਤਰ ਵਿੱਚ ਹਾਂ। ਭਲਕੇ ਮੈਂ ਮੋਹਾਲੀ, ਅੰਮ੍ਰਿਤਸਰ, ਬਠਿੰਡਾ, ਫਾਜ਼ਿਲਕਾ ਜਾਂ ਜੈਤੋ ਵਿੱਚ ਹੋ ਸਕਦਾ ਹਾਂ।"
ਸ. ਹਰਜੋਤ ਸਿੰਘ ਬੈਂਸ ਨੇ ਕਿਹਾ, “ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਖ਼ੁਦ ਇਸ ਮੁਹਿੰਮ ਦੀ ਨਿਗਰਾਨੀ ਕਰਨਗੇ। ਕਿਸੇ ਵੀ ਅਧਿਕਾਰੀ ਨੂੰ ਮੁੱਖ ਮੰਤਰੀ ਜਾਂ ਮੇਰੇ ਵੱਲੋਂ ਕਿਸੇ ਵੀ ਸਮੇਂ ਫੋਨ ਕੀਤਾ ਜਾ ਸਕਦਾ ਹੈ।”
ਸਫ਼ਾਈ ਕਰਮਚਾਰੀਆਂ ਤੋਂ ਲੈ ਕੇ ਐਮ.ਸੀ. ਕਮਿਸ਼ਨਰਾਂ ਤੱਕ, ਹਰ ਕੋਈ ਸੜਕਾਂ ਅਤੇ ਗਲੀਆਂ ਵਿੱਚ ਹੋਵੇਗਾ ਤਾਂ ਜੋ ਲੋਕ ਜ਼ਮੀਨੀ ਪੱਧਰ 'ਤੇ ਇਸ ਮੁਹਿੰਮ ਦਾ ਅਸਰ ਦੇਖ ਸਕਣ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜੇਕਰ ਫਿਰ ਵੀ ਸਫ਼ਾਈ ਨਜ਼ਰ ਨਾ ਆਵੇ ਤਾਂ ਲੋਕ ਸਾਨੂੰ ਸਿੱਧਾ ਸੰਪਰਕ ਕਰ ਸਕਦੇ ਹਨ।
ਸਥਾਨਕ ਸਰਕਾਰਾਂ ਮੰਤਰੀ ਨੇ ਸਪੱਸ਼ਟ ਕੀਤਾ ਕਿ ਇਸ ਮੁਹਿੰਮ ਦਾ ਉਦੇਸ਼ ਪ੍ਰਤੱਖ ਅਤੇ ਦਸਤਾਵੇਜ਼ੀ ਨਤੀਜੇ ਹਾਸਲ ਕਰਨਾ ਹੈ, ਤਾਂ ਜੋ ਪੰਜਾਬ ਦਾ ਹਰ ਸ਼ਹਿਰ ਅਤੇ ਕਸਬਾ ਸਾਫ਼-ਸੁਥਰਾ ਦਿਖਾਈ ਦੇਵੇ।