Courtesy: ai image
ਪੰਜਾਬ: ਸੋਮਵਾਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਦਾ ਤਾਪਮਾਨ ਕਾਫ਼ੀ ਭਖਿਆ ਰਿਹਾ। ਇਹਨਾਂ ਵਿੱਚੋਂ ਰੋਪੜ ਜ਼ਿਲ੍ਹਾ ਸਭ ਤੋਂ ਵੱਧ ਗਰਮ ਰਿਹਾ। ਗਰਮੀ ਨੇ 44.5 ਡਿਗਰੀ ਦੇ ਤਾਪਮਾਨ ਨਾਲ ਲੋਕਾਂ ਦੇ ਵੱਟ ਕੱਢੇ। ਰੋਪੜ ਵਿੱਚ ਦਿਨ ਦਾ ਤਾਪਮਾਨ ਆਮ ਨਾਲੋਂ ਪੰਜ ਡਿਗਰੀ ਸੈਲਸੀਅਸ ਵੱਧ ਸੀ। ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਪੰਜਾਬ ਵਿੱਚ ਅੱਜ ਮੰਗਲਵਾਰ ਨੂੰ ਵੀ ਗਰਮੀ ਦਾ ਕਹਰ ਬਰਪੇਗਾ।
44 ਤੋਂ 45 ਡਿਗਰੀ ਸੈਲਸੀਅਸ ਦੇ ਕਰੀਬ ਪਹੁੰਚ ਸਕਦਾ ਹੈ ਤਾਪਮਾਨ
ਮੌਸਮ ਵਿਭਾਗ ਦੀ ਭਵਿੱਖਵਾਣੀ ਅਨੁਸਾਰ, ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਦਿਨ ਦਾ ਤਾਪਮਾਨ 44 ਤੋਂ 45 ਡਿਗਰੀ ਸੈਲਸੀਅਸ ਦੇ ਕਰੀਬ ਪਹੁੰਚ ਸਕਦਾ ਹੈ। 11 ਤੋਂ 12 ਜੂਨ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ 60 ਤੋਂ 70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ। ਹਲਕੀ ਤੋਂ ਦਰਮਿਆਨੀ ਬਾਰਿਸ਼ ਦੇ ਨਾਲ-ਨਾਲ ਕਈ ਥਾਵਾਂ 'ਤੇ ਗੜੇਮਾਰੀ ਹੋਣ ਦੀ ਵੀ ਸੰਭਾਵਨਾ ਹੈ।
13 ਅਤੇ 14 ਜੂਨ ਨੂੰ ਤੇਜ਼ ਹਵਾਵਾਂ ਦੀ ਸੰਭਾਵਨਾ
ਇਸ ਦੌਰਾਨ, 13 ਅਤੇ 14 ਜੂਨ ਨੂੰ ਪੰਜਾਬ ਦੇ ਕੁਝ ਹਿੱਸਿਆਂ ਵਿੱਚ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਦੇ ਨਾਲ ਗਰਜ-ਤੂਫ਼ਾਨ ਆਉਣ ਦੀ ਸੰਭਾਵਨਾ ਹੈ। ਇਸ ਸਮੇਂ ਦੌਰਾਨ ਦਿਨ ਦੇ ਤਾਪਮਾਨ ਵਿੱਚ ਦੋ ਤੋਂ ਤਿੰਨ ਡਿਗਰੀ ਸੈਲਸੀਅਸ ਦੀ ਗਿਰਾਵਟ ਆ ਸਕਦੀ ਹੈ। 15 ਜੂਨ ਤੋਂ ਮੌਸਮ ਸਾਫ਼ ਹੋ ਜਾਵੇਗਾ ਅਤੇ ਗਰਮੀ ਇੱਕ ਵਾਰ ਫਿਰ ਤੇਜ਼ ਹੋ ਜਾਵੇਗੀ।
ਉੱਥੇ ਹੀ ਗੱਲ ਕਰਿਏ ਪੰਜਾਬ ਦੇ ਬੀਤੇ ਦਿਨ ਸੋਮਵਾਰ ਦੇ ਤਾਪਮਾਨ ਦੀ ਤਾਂ ਜਿੱਥੇ ਬਠਿੰਡਾ 44.00 ਡਿਗਰੀ ਦੇ ਤਾਪਮਾਨ ਨਾਲ ਗਰਮ ਰਿਹਾ। ਉੱਥੇ ਹੀ ਫਰੀਦਕੋਟ ਵਿੱਚ ਦਿਨ ਦਾ ਤਾਪਮਾਨ 43.1°C, ਪਟਿਆਲਾ ਵਿੱਚ 42.6°C, ਲੁਧਿਆਣਾ ਵਿੱਚ 42.0°C, ਫਾਜ਼ਿਲਕਾ ਵਿੱਚ 42.6°C, ਫਿਰੋਜ਼ਪੁਰ ਵਿੱਚ 41.1°C ਅਤੇ ਅੰਮ੍ਰਿਤਸਰ ਵਿੱਚ 41.8°C ਦਰਜ ਕੀਤਾ ਗਿਆ।