ਮੌਨਸੂਨੀ ਲਹਿਰ ਨੇ ਪੰਜਾਬ ਵਿਚ ਦਸਤਕ ਦੇ ਦਿੱਤੀ ਹੈ, ਜਿਸ ਨਾਲ ਮੌਸਮ 'ਚ ਤਾਜ਼ਗੀ ਆ ਗਈ ਹੈ। ਅੱਜ ਸਵੇਰੇ ਪਠਾਨਕੋਟ ਤੇ ਜਲੰਧਰ ਸਮੇਤ ਕਈ ਇਲਾਕਿਆਂ 'ਚ ਹੋਈ ਬਾਰਿਸ਼ ਨੇ ਗਰਮੀ ਤੋਂ ਪ੍ਰੇਸ਼ਾਨ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਮੌਸਮ ਵਿਭਾਗ ਮੁਤਾਬਕ ਅੱਜ ਸੂਬੇ ਦੇ ਜ਼ਿਆਦਾਤਰ ਹਿੱਸਿਆਂ 'ਚ ਮੀਂਹ ਪੈਣ ਦੀ ਸੰਭਾਵਨਾ ਹੈ।
26 ਜੁਲਾਈ ਨੂੰ ਬਾਰਿਸ਼ 'ਚ ਥੋੜੀ ਦੇਰ ਲਈ ਨਰਮੀ ਆ ਸਕਦੀ ਹੈ, ਪਰ 27 ਜੁਲਾਈ ਤੋਂ ਮੁੜ ਬਾਰਿਸ਼ੀ ਗਤੀਵਿਧੀਆਂ ਤੇਜ਼ ਹੋ ਜਾਣਗੀਆਂ। 28 ਤੇ 29 ਜੁਲਾਈ ਲਈ ਪੰਜਾਬ ਅਤੇ ਚੰਡੀਗੜ੍ਹ 'ਚ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਨੂੰ ਲੈ ਕੇ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ 30 ਜੁਲਾਈ ਨੂੰ ਵੀ ਸੂਬੇ ਦੇ ਬਹੁਤ ਸਾਰੇ ਇਲਾਕਿਆਂ 'ਚ ਮੀਂਹ ਜਾਰੀ ਰਹਿਣ ਦਾ ਅੰਦਾਜ਼ਾ ਹੈ।
ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਦੇ ਔਸਤ ਵੱਧ ਤੋਂ ਵੱਧ ਤਾਪਮਾਨ 'ਚ ਲਗਭਗ 2.5 ਡਿਗਰੀ ਸੈਲਸੀਅਸ ਦਾ ਵਾਧਾ ਹੋਇਆ ਹੈ, ਪਰ ਫਿਰ ਵੀ ਤਾਪਮਾਨ ਆਮ ਪੱਧਰ ਦੇ ਨੇੜੇ-ਤੇੜੇ ਬਣਿਆ ਹੋਇਆ ਹੈ। ਫਰੀਦਕੋਟ ਸਭ ਤੋਂ ਗਰਮ ਰਿਹਾ, ਜਿਥੇ ਪਾਰਾ 36.5 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ।
ਬਾਰਿਸ਼ ਦੀ ਗੱਲ ਕਰੀਏ ਤਾਂ ਕਪੂਰਥਲਾ 'ਚ 40.0 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ, ਜੋ ਕਿ ਸਭ ਤੋਂ ਵੱਧ ਹੈ। ਪਠਾਨਕੋਟ 'ਚ 30.0, ਭਾਖੜਾ ਡੈਮ (ਰੂਪਨਗਰ) 'ਚ 26.5, ਅੰਮ੍ਰਿਤਸਰ 'ਚ 20.6, ਫਰੀਦਕੋਟ 'ਚ 16.0, ਗੁਰਦਾਸਪੁਰ 'ਚ 15.0 ਅਤੇ ਹੁਸ਼ਿਆਰਪੁਰ 'ਚ 11.0 ਮਿਲੀਮੀਟਰ ਬਾਰਿਸ਼ ਹੋਈ।
ਚੰਡੀਗੜ੍ਹ ਦਾ ਵੱਧ ਤੋਂ ਵੱਧ ਤਾਪਮਾਨ 36.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਪਠਾਨਕੋਟ ਦਾ ਘੱਟ ਤੋਂ ਘੱਟ ਤਾਪਮਾਨ 23.6 ਡਿਗਰੀ ਸੈਲਸੀਅਸ ਰਿਹਾ, ਜੋ ਸੂਬੇ 'ਚ ਸਭ ਤੋਂ ਘੱਟ ਸੀ। ਚੰਡੀਗੜ੍ਹ ਦਾ ਘੱਟ ਤੋਂ ਘੱਟ ਤਾਪਮਾਨ 26.2 ਡਿਗਰੀ ਸੈਲਸੀਅਸ ਰਿਹਾ।
1 ਜੂਨ ਤੋਂ ਹੁਣ ਤੱਕ ਚੰਡੀਗੜ੍ਹ 'ਚ 249.0 ਮਿਲੀਮੀਟਰ ਬਾਰਿਸ਼ ਹੋਈ ਹੈ, ਜੋ ਆਮ ਨਾਲੋਂ 30.8 ਫੀਸਦੀ ਘੱਟ ਹੈ। ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ 'ਚ ਸੰਭਾਵੀ ਭਾਰੀ ਬਾਰਿਸ਼ ਨੂੰ ਦੇਖਦਿਆਂ ਪੰਜਾਬ ਦੇ ਨੀਵੇਂ ਖੇਤਰਾਂ ਅਤੇ ਚੰਡੀਗੜ੍ਹ ਦੇ ਸ਼ਹਿਰੀ ਇਲਾਕਿਆਂ 'ਚ ਪਾਣੀ ਭਰਨ ਦੀ ਸੰਭਾਵਨਾ ਜਤਾਈ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਸੁਚੇਤ ਰਹਿਣ ਅਤੇ ਖ਼ਰਾਬ ਮੌਸਮ ਵੇਲੇ ਅਣਜ਼ਰੂਰੀ ਬਾਹਰ ਨਾ ਜਾਣ ਦੀ ਸਲਾਹ ਦਿੱਤੀ ਹੈ।