Courtesy: ai image
ਚੰਡੀਗੜ੍ਹ: ਪੰਜਾਬ ਵਿੱਚ ਮਾਨਸੂਨ ਨੇ ਦਸਤਕ ਦੇ ਦਿੱਤੀ ਹੈ। ਅੱਤ ਦੀ ਗਰਮੀ ਤੋਂ ਬਾਅਦ ਕਿਣ-ਮਿਣ ਬਾਰਿਸ਼ ਨਾਲ ਲੋਕਾਂ ਦੇ ਕਲੇਜੇ ਨੂੰ ਠੰਡ ਪਈ ਹੈ। ਬੀਤੇ ਦਿਨ ਕਈ ਥਾਂਵਾ ਤੇ ਮੀਂਹ ਨਾਲ ਲੋਕਾਂ ਨੂੰ ਰਾਹਤ ਮਿਲੀ। ਉੱਥੇ ਹੀ ਅੱਜ ਕਈ ਜ਼ਿਲ੍ਹਿਆਂ ਵਿੱਚ ਅਸਮਾਨੀ ਬਿਜਲੀ ਅਤੇ ਤੇਜ਼ ਹਵਾਵਾਂ (30-40 kmph) ਦੀ ਸੰਭਾਵਨਾ ਜਤਾਈ ਗਈ ਹੈ। ਮੌਸਮ ਵਿਭਾਗ ਨੇ ਪੰਜਾਬ ਅਤੇ ਚੰਡੀਗੜ੍ਹ ਵਿਚ ਬਿਜਲੀ ਡਿੱਗਣ ਅਤੇ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ।
ਬੀਤੇ ਬੁੱਧਵਾਰ ਨੂੰ ਮੌਸਮ ਵਿਭਾਗ ਵਲੋਂ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। 1 ਜੁਲਾਈ ਨੂੰ ਸੂਬੇ ਵਿੱਚ ਘੱਟੋ-ਘੱਟ ਤਾਪਮਾਨ ਵਿੱਚ -1.5 ਡਿਗਰੀ ਸੈਲਸੀਅਸ ਗਿਰਾਵਟ ਦਰਜ ਹੋਈ ਹੈ, ਹਾਲਾਂਕਿ ਇਹ ਆਮ ਨਾਲੋਂ 2.5 ਡਿਗਰੀ ਸੈਲਸੀਅਸ ਉਪਰ ਰਿਹਾ ਹੈ। ਇਸ ਦੇ ਨਾਲ, ਸਭ ਤੋਂ ਘੱਟ ਤਾਪਮਾਨ 23.5 ਡਿਗਰੀ ਸੈਲਸੀਅਸ ਪਠਾਨਕੋਟ ਵਿਖੇ ਰਿਕਾਰਡ ਕੀਤਾ ਗਿਆ।
ਚੰਡੀਗੜ੍ਹ, ਪੰਜਾਬ ਦੇ ਪਠਾਨਕੋਟ, ਗੁਰਦਾਸਪੁਰ ਅਤੇ ਮੋਹਾਲੀ ਵਿੱਚ ਤੇਜ਼ ਬਾਰਿਸ਼ ਹੋ ਰਹੀ ਹੈ। ਪਠਾਨਕੋਟ ਵਿਚ ਲਗਭਗ ਪੰਜ ਘੰਟੇ ਦੀ ਬਾਰਿਸ਼ ਤੋਂ ਬਾਅਦ ਸ਼ਹਿਰ ਦੀਆਂ ਸੜਕਾਂ 3 ਤੋਂ 4 ਫੁੱਟ ਪਾਣੀ ਨਾਲ ਭਰ ਗਈਆਂ। ਚੰਡੀਗੜ੍ਹ ਸਮੇਤ ਟ੍ਰਾਈਸਿਟੀ ਖੇਤਰ ਲਈ 4 ਵਜੇ ਤੱਕ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।
ਵੀਰਵਾਰ ਨੂੰ ਪੰਜਾਬ ਦੇ 4 ਜ਼ਿਲ੍ਹਿਆਂ - ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ ਅਤੇ ਐਸਏਐਸ ਨਗਰ (ਮੋਹਾਲੀ) ਵਿਖੇ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਜਦਕਿ ਗੁਰਦਾਸਪੁਰ, ਨਵਾਂਸ਼ਹਿਰ, ਫ਼ਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿਖੇ ਦਰਮਿਆਨੀ ਬਾਰਿਸ਼ ਦਾ ਅਲਰਟ ਹੈ। ਬਾਕੀ ਸਾਰੇ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਭੱਵਿਖਬਾਣੀ ਹੈ।
ਮੌਸਮ ਵਿਭਾਗ ਅਨੁਸਾਰ, ਪੰਜਾਬ ਵਿੱਚ ਅਗਲੇ 3 ਦਿਨ ਵੀ ਕਈ ਥਾਂ ਤੇ ਤੇਜ਼ ਬਾਰਿਸ਼ ਰਹੇਗੀ। 3 ਜੁਲਾਈ ਨੂੰ ਵੀ ਪੰਜਾਬ ਦੇ 4 ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਅਤੇ 6 ਜ਼ਿਲ੍ਹਿਆਂ ਵਿੱਚ ਦਰਮਿਆਨੀ ਬਾਰਿਸ਼ ਦਾ ਅਲਰਟ ਹੈ। ਚੰਡੀਗੜ੍ਹ ਵਿੱਚ ਕੁਝ ਥਾਵਾਂ ਉਤੇ 2 ਤੋਂ 6 ਜੁਲਾਈ ਤੱਕ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।