menu-icon
Punjabi Story Line
  • Home
  • News
  • Punjab
  • ਕੇਂਦਰੀ ਸੁਰੱਖਿਆ ਏਜੰਸੀਆਂ ਦੀ ਵੱਡੀ ਕਾਰਵਾਈ: 14 ਰਾਜਾਂ 'ਚ 253 ਸ਼ੱਕੀ ਹਿਰਾਸਤ 'ਚ, ਪੰਜਾਬ 'ਚ 44 ਗ੍ਰਿਫਤਾਰ, 'ਸ਼ਹਜ਼ਾਦ ਭੱਟੀ ਨੈੱਟਵਰਕ' ਦਾ ਪਰਦਾਫਾਸ਼

ਕੇਂਦਰੀ ਸੁਰੱਖਿਆ ਏਜੰਸੀਆਂ ਦੀ ਵੱਡੀ ਕਾਰਵਾਈ: 14 ਰਾਜਾਂ 'ਚ 253 ਸ਼ੱਕੀ ਹਿਰਾਸਤ 'ਚ, ਪੰਜਾਬ 'ਚ 44 ਗ੍ਰਿਫਤਾਰ, 'ਸ਼ਹਜ਼ਾਦ ਭੱਟੀ ਨੈੱਟਵਰਕ' ਦਾ ਪਰਦਾਫਾਸ਼

ਜਾਣਕਾਰੀ ਮੁਤਾਬਕ, ਇਹ ਕਾਰਵਾਈ ਸੁਤੰਤਰਤਾ ਦਿਵਸ ਤੋਂ ਠੀਕ ਪਹਿਲਾਂ ਚਲਾਈ ਗਈ ਸੀ ਤਾਂ ਜੋ ਕਿਸੇ ਵੀ ਵੱਡੀ ਘਟਨਾ ਨੂੰ ਸਮੇਂ ਸਿਰ ਨਾਕਾਮ ਕੀਤਾ ਜਾ ਸਕੇ। ਇਸ ਆਪ੍ਰੇਸ਼ਨ 'ਚ ਉੱਤਰ ਪ੍ਰਦੇਸ਼ ਤੋਂ 62, ਹਰਿਆਣਾ ਤੋਂ 52, ਦਿੱਲੀ ਤੋਂ 51 ਅਤੇ ਪੰਜਾਬ ਤੋਂ 44 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ।

Date Updated Last Updated : 17 August 2026, 06:48 PM IST
Share:

ਕੇਂਦਰੀ ਸੁਰੱਖਿਆ ਏਜੰਸੀਆਂ ਨੇ ਆਜ਼ਾਦੀ ਦਿਵਸ ਮੌਕੇ ਵੱਡੀ ਕਾਰਵਾਈ ਕਰਦਿਆਂ ਆਈ.ਐੱਸ.ਆਈ. ਸਮਰਥਿਤ ਅੱਤਵਾਦੀ ਮਾਡਿਊਲ 'ਸ਼ਹਜ਼ਾਦ ਭੱਟੀ ਨੈੱਟਵਰਕ' ਦਾ ਪਰਦਾਫਾਸ਼ ਕੀਤਾ ਹੈ। ਇਸ ਮੁਹਿੰਮ ਤਹਿਤ 14 ਰਾਜਾਂ ਵਿੱਚੋਂ 253 ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ, ਜਿਨ੍ਹਾਂ 'ਚ ਪੰਜਾਬ ਦੇ 44 ਲੋਕ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲੇ ਦਰਜ ਕੀਤੇ ਗਏ ਹਨ।
ਤਲਾਸ਼ੀ ਦੌਰਾਨ ਸੁਰੱਖਿਆ ਬਲਾਂ ਨੇ ਆਈ.ਈ.ਡੀ., ਪਾਕਿਸਤਾਨ ਆਰਡੀਨੈਂਸ ਫੈਕਟਰੀ ਮਾਰਕਿੰਗ ਵਾਲੇ ਹੱਥ ਗ੍ਰੇਨੇਡ, ਪਿਸਤੌਲ, ਜਿੰਦਾ ਕਾਰਤੂਸ ਅਤੇ ਜਾਸੂਸੀ ਸੀ.ਸੀ.ਟੀ.ਵੀ. ਕੈਮਰੇ ਬਰਾਮਦ ਕੀਤੇ ਹਨ। ਇਨ੍ਹਾਂ ਸਬੂਤਾਂ ਤੋਂ ਸਪੱਸ਼ਟ ਹੈ ਕਿ ਇਹ ਨੈੱਟਵਰਕ ਸਿੱਧੇ ਤੌਰ 'ਤੇ ਪਾਕਿਸਤਾਨ ਨਾਲ ਜੁੜਿਆ ਹੋਇਆ ਹੈ ਅਤੇ ਇਸ ਰਾਹੀਂ ਵੱਡੀ ਸਾਜ਼ਿਸ਼ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ।

ਕਿਨ੍ਹਾਂ ਧਾਰਾਵਾਂ ਤਹਿਤ ਦਰਜ ਹੋਏ ਮਾਮਲੇ?

ਹਿਰਾਸਤ ਵਿੱਚ ਲਏ ਗਏ ਲੋਕਾਂ ਖ਼ਿਲਾਫ਼ ਯੂ.ਏ.ਪੀ.ਏ. (UAPA), ਬੀ.ਐੱਨ.ਐੱਸ. (BNS), ਆਰਮਜ਼ ਐਕਟ, ਐੱਨ.ਡੀ.ਪੀ.ਐੱਸ. ਐਕਟ ਅਤੇ ਵਿਸਫੋਟਕ ਪਦਾਰਥ ਅਧਿਨਿਯਮ ਤਹਿਤ ਕੇਸ ਦਰਜ ਕੀਤੇ ਗਏ ਹਨ। ਏਜੰਸੀਆਂ ਨੇ ਦੱਸਿਆ ਕਿ ਇਸ ਨੈੱਟਵਰਕ ਖ਼ਿਲਾਫ਼ ਹੁਣ ਤੱਕ 80 ਤੋਂ ਵੱਧ ਐੱਫ.ਆਈ.ਆਰ. ਦਰਜ ਹੋ ਚੁੱਕੀਆਂ ਹਨ ਅਤੇ 200 ਤੋਂ ਵੱਧ ਗ੍ਰਿਫਤਾਰੀਆਂ ਹੋ ਚੁੱਕੀਆਂ ਹਨ।

14 ਰਾਜਾਂ 'ਚ ਇੱਕੋ ਸਮੇਂ ਚੱਲਿਆ ਆਪ੍ਰੇਸ਼ਨ

ਖੁਫੀਆ ਜਾਣਕਾਰੀ ਮੁਤਾਬਕ, ਇਹ ਕਾਰਵਾਈ ਸੁਤੰਤਰਤਾ ਦਿਵਸ ਤੋਂ ਠੀਕ ਪਹਿਲਾਂ ਚਲਾਈ ਗਈ, ਤਾਂ ਜੋ ਕਿਸੇ ਵੀ ਵੱਡੀ ਘਟਨਾ ਨੂੰ ਸਮੇਂ ਸਿਰ ਨਾਕਾਮ ਕੀਤਾ ਜਾ ਸਕੇ। ਇਸ ਆਪ੍ਰੇਸ਼ਨ 'ਚ ਉੱਤਰ ਪ੍ਰਦੇਸ਼ ਤੋਂ 62, ਹਰਿਆਣਾ ਤੋਂ 52, ਦਿੱਲੀ ਤੋਂ 51 ਅਤੇ ਪੰਜਾਬ ਤੋਂ 44 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ।

ਪੰਜਾਬ 'ਚ ਇਸ ਤਰ੍ਹਾਂ ਚੱਲ ਰਿਹਾ ਸੀ ਭੱਟੀ ਨੈੱਟਵਰਕ

ਜਾਂਚ ਏਜੰਸੀਆਂ ਦੀ ਰਿਪੋਰਟ ਮੁਤਾਬਕ, ਭੱਟੀ ਨੈੱਟਵਰਕ ਪੰਜਾਬ 'ਚ ਕਈ ਪੱਧਰਾਂ 'ਤੇ ਕਿਰਿਆਸ਼ੀਲ ਸੀ। ਸ਼ਹਜ਼ਾਦ ਭੱਟੀ ਪਾਕਿਸਤਾਨ ਤੋਂ ਸੋਸ਼ਲ ਮੀਡੀਆ ਅਤੇ ਵਟਸਐਪ ਰਾਹੀਂ ਪੰਜਾਬ 'ਚ ਆਪਣੇ ਸਾਥੀਆਂ ਨਾਲ ਸੰਪਰਕ ਕਰਦਾ ਸੀ। ਇਸ ਜ਼ਰੀਏ ਉਹ ਸਥਾਨਕ ਨੌਜਵਾਨਾਂ ਨੂੰ ਆਪਣੇ ਨੈੱਟਵਰਕ ਨਾਲ ਜੋੜਦਾ ਅਤੇ ਉਨ੍ਹਾਂ ਰਾਹੀਂ ਰੇਕੀ, ਲੌਜਿਸਟਿਕਸ ਅਤੇ ਹਮਲਿਆਂ ਨਾਲ ਸਬੰਧਤ ਕੰਮ ਕਰਵਾਉਂਦਾ ਸੀ।

ਜਲੰਧਰ ਗ੍ਰੇਨੇਡ ਹਮਲੇ 'ਚ ਵੀ ਸ਼ਹਜ਼ਾਦ ਭੱਟੀ ਦੀ ਸਾਜ਼ਿਸ਼

ਇਸ ਤੋਂ ਪਹਿਲਾਂ ਮਾਰਚ 2025 'ਚ ਜਲੰਧਰ ਵਿੱਚ ਮਸ਼ਹੂਰ ਯੂਟਿਊਬਰ ਰੋਜ਼ਰ ਸੰਧੂ ਦੇ ਘਰ ਹੋਏ ਗ੍ਰੇਨੇਡ ਹਮਲੇ ਦੀ ਜਾਂਚ 'ਚ ਐੱਨ.ਆਈ.ਏ. ਨੇ ਭੱਟੀ ਨੂੰ ਵੀ ਮੁੱਖ ਸਾਜ਼ਿਸ਼ਕਰਤਾਵਾਂ 'ਚ ਸ਼ਾਮਲ ਕੀਤਾ ਸੀ। ਇਹ ਘਟਨਾ ਉਸ ਵੇਲੇ ਸੁਰਖੀਆਂ 'ਚ ਆਈ ਸੀ, ਜਦੋਂ ਅੱਤਵਾਦੀਆਂ ਨੇ ਉਨ੍ਹਾਂ ਦੇ ਘਰ 'ਤੇ ਹਮਲਾ ਕਰ ਦਿੱਤਾ ਸੀ।

ਪੰਜਾਬ 'ਚ ਭੱਟੀ ਖ਼ਿਲਾਫ਼ 15 ਅਪਰਾਧਿਕ ਮਾਮਲੇ ਦਰਜ

ਐੱਨ.ਆਈ.ਏ. ਦੇ ਅਨੁਸਾਰ, ਭੱਟੀ ਖ਼ਿਲਾਫ਼ ਪੰਜਾਬ ਵਿੱਚ ਕਰੀਬ 15 ਅਪਰਾਧਿਕ ਮਾਮਲੇ ਦਰਜ ਹਨ, ਜਿਨ੍ਹਾਂ ਵਿੱਚ ਅੱਤਵਾਦ, ਅਪਰਾਧਿਕ ਸਾਜ਼ਿਸ਼, ਰੰਗਦਾਰੀ ਅਤੇ ਵਿਸਫੋਟਕ ਪਦਾਰਥ ਰੱਖਣ ਦੇ ਦੋਸ਼ ਸ਼ਾਮਲ ਹਨ। ਏਜੰਸੀਆਂ ਮੁਤਾਬਕ, ਭੱਟੀ ਪਾਕਿਸਤਾਨ 'ਚ ਬੈਠ ਕੇ ਪੰਜਾਬ 'ਚ ਆਪਣੇ ਨੈੱਟਵਰਕ ਨੂੰ ਹਦਾਇਤਾਂ ਦਿੰਦਾ ਹੈ ਅਤੇ ਸਥਾਨਕ ਲੋਕਾਂ ਨੂੰ ਅੱਤਵਾਦੀ ਗਤੀਵਿਧੀਆਂ ਲਈ ਵਰਤਦਾ ਹੈ।

ਜਾਸੂਸੀ ਕੈਮਰਿਆਂ ਤੋਂ ਖੁਲਾਸਾ

ਬਰਾਮਦ ਕੀਤੇ ਗਏ ਸੀ.ਸੀ.ਟੀ.ਵੀ. ਕੈਮਰਿਆਂ ਦੀ ਵਰਤੋਂ ਭੱਟੀ ਨੈੱਟਵਰਕ ਵੱਲੋਂ ਮਹੱਤਵਪੂਰਨ ਥਾਵਾਂ 'ਤੇ ਜਾਸੂਸੀ ਕਰਨ ਅਤੇ ਰੇਕੀ ਕਰਨ ਲਈ ਕੀਤੀ ਜਾ ਰਹੀ ਸੀ। ਇਹ ਕੈਮਰੇ ਖ਼ਾਸ ਤੌਰ 'ਤੇ ਸੁਰੱਖਿਆ ਬਲਾਂ ਦੀਆਂ ਚਾਲ-ਚਲਣ 'ਤੇ ਨਜ਼ਰ ਰੱਖਣ ਲਈ ਲਗਾਏ ਗਏ ਸਨ, ਤਾਂ ਜੋ ਕਿਸੇ ਵੀ ਕਾਰਵਾਈ ਤੋਂ ਪਹਿਲਾਂ ਨੈੱਟਵਰਕ ਨੂੰ ਚੇਤਾਵਨੀ ਦਿੱਤੀ ਜਾ ਸਕੇ।

Tags :

Recent News