ਕੈਨੇਡਾ ਦੇ ਐਡਮੰਟਨ ਵਿੱਚ ਇੱਕ ਪੰਜਾਬੀ ਲੜਕੀ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ। 20 ਸਾਲਾ ਜੈਜ਼ਮਿਨ ਢੇਸੀ ਆਪਣੀ ਇੱਕ ਸਹੇਲੀ ਨੂੰ ਮਿਲਣ ਉਸ ਦੇ ਟਾਊਨਹਾਊਸ ਕੰਪਲੈਕਸ ਵਿੱਚ ਗਈ ਸੀ, ਜਿੱਥੇ ਸਵੇਰੇ ਤੜਕੇ ਅਚਾਨਕ ਗੋਲ਼ੀਬਾਰੀ ਦਾ ਇਹ ਘਿਨੌਣਾ ਮਾਮਲਾ ਵਾਪਰਿਆ। ਗੁਆਂਢੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਦੋ ਤੇਜ਼ ਧਮਾਕਿਆਂ ਤੋਂ ਬਾਅਦ ਚੀਕਣ ਦੀ ਆਵਾਜ਼ ਸੁਣੀ, ਜਿਸ ਤੋਂ ਬਾਅਦ ਘਟਨਾ ਦਾ ਖੁਲਾਸਾ ਹੋਇਆ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਹਾਲੇ ਤੱਕ ਕਿਸੇ ਸ਼ੱਕੀ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ।
16 ਅਗਸਤ ਦੀ ਸਵੇਰੇ ਕਰੀਬ 6:50 ਵਜੇ ਐਡਮੰਟਨ ਦੇ 139 ਐਵਨਿਊ ਤੇ 32 ਸਟ੍ਰੀਟ ਸਥਿਤ ਇੱਕ ਟਾਊਨਹਾਊਸ ਵਿੱਚ ਗੋਲ਼ੀਬਾਰੀ ਦੀ ਸੂਚਨਾ ਪੁਲਿਸ ਨੂੰ ਮਿਲੀ। ਮੌਕੇ ’ਤੇ ਜਾ ਕੇ ਪੁਲਿਸ ਨੂੰ ਇੱਕ 20 ਸਾਲਾ ਲੜਕੀ ਗੰਭੀਰ ਜ਼ਖ਼ਮੀ ਹਾਲਤ ਵਿੱਚ ਮਿਲੀ, ਜਿਸ ਨੂੰ ਉਸੇ ਸਮੇਂ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਜਾਨ ਨਾ ਬਚ ਸਕੀ। ਮ੍ਰਿਤਕਾ ਦੀ ਪਛਾਣ ਜੈਜ਼ਮਿਨ ਢੇਸੀ ਵਜੋਂ ਹੋਈ ਹੈ, ਜੋ ਆਪਣੀ ਮਾਂ ਅਤੇ ਦੋ ਛੋਟੇ ਭੈਣ-ਭਰਾਵਾਂ ਨਾਲ ਰਹਿੰਦੀ ਸੀ।
ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਜੈਜ਼ਮਿਨ ਦੀ ਉਸ ਘਰ ਨਾਲ ਕੋਈ ਰਿਹਾਇਸ਼ੀ ਸਬੰਧ ਨਹੀਂ ਸੀ। ਉਹ ਉੱਥੇ ਆਪਣੀ ਇੱਕ ਸਹੇਲੀ ਨੂੰ ਮਿਲਣ ਲਈ ਗਈ ਸੀ। ਗੁਆਂਢੀ ਮੁਤਾਬਕ ਜੈਜ਼ਮਿਨ ਦੀ ਸਹੇਲੀ ਦਾ ਪਰਿਵਾਰ ਉਸ ਟਾਊਨਹਾਊਸ ਵਿੱਚ ਕਰੀਬ ਦੋ ਮਹੀਨੇ ਪਹਿਲਾਂ ਹੀ ਰਹਿਣ ਆਇਆ ਸੀ।
ਘਟਨਾ ਸਮੇਂ ਗੁਆਂਢੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਦੋ ਵਾਰ ਤੇਜ਼ ਧਮਾਕੇ ਸੁਣੇ, ਉਸ ਤੋਂ ਬਾਅਦ ਇੱਕ ਲੜਕੀ ਦੇ ਚੀਕਣ ਅਤੇ ਰੋਣ ਦੀ ਆਵਾਜ਼ ਆਈ। ਇਕ ਗੁਆਂਢੀ ਨੇ ਕਿਹਾ ਕਿ ਉਸ ਦੀ ਨੀਂਦ ਚੀਕਾਂ ਸੁਣ ਕੇ ਖੁੱਲ੍ਹ ਗਈ। ਇੱਕ ਹੋਰ ਗੁਆਂਢਣ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਉਸ ਦੀ ਛੋਟੀ ਭੈਣ ਇੰਨੀ ਡਰ ਗਈ ਕਿ ਉਹ ਰਾਤ ਨੂੰ ਸੌਂ ਨਹੀਂ ਸਕੀ। ਇਲਾਕੇ ਵਿੱਚ ਪੁਲਿਸ ਦੀ ਭਾਰੀ ਗਿਣਤੀ ਤਾਇਨਾਤ ਕਰ ਦਿੱਤੀ ਗਈ, ਜਿਸ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਕੁਝ ਗੁਆਂਢੀਆਂ ਨੇ ਦੱਸਿਆ ਕਿ ਇਹ ਘਰ ਪਹਿਲਾਂ ਵੀ ਪੁਲਿਸ ਦੇ ਧਿਆਨ ਵਿੱਚ ਆ ਚੁੱਕਾ ਸੀ। ਉਨ੍ਹਾਂ ਮੁਤਾਬਕ ਉੱਥੇ ਲਗਾਤਾਰ ਅਜਨਬੀ ਲੋਕਾਂ ਦੀ ਆਵਾਜਾਈ ਰਹਿੰਦੀ ਸੀ ਅਤੇ ਦੇਰ ਰਾਤ ਹੋਣ ਵਾਲੀਆਂ ਪਾਰਟੀਆਂ ਦੀ ਵੀ ਸ਼ਿਕਾਇਤ ਸੀ। ਹਾਲਾਂਕਿ, ਪੁਲਿਸ ਨੇ ਇਨ੍ਹਾਂ ਦਾਅਵਿਆਂ ਨੂੰ ਜੈਜ਼ਮਿਨ ਦੀ ਮੌਤ ਨਾਲ ਕੋਈ ਸਬੰਧ ਹੋਣ ਦੀ ਪੁਸ਼ਟੀ ਨਹੀਂ ਕੀਤੀ।
ਘਟਨਾ ਤੋਂ ਬਾਅਦ ਸਥਾਨਕ ਨਿਵਾਸੀਆਂ ਨੇ ਇਸ ਕੰਪਲੈਕਸ ਦੇ ਪੁਰਾਣੇ ਇਤਿਹਾਸ ਦਾ ਵੀ ਜ਼ਿਕਰ ਕੀਤਾ। ਇੱਕ ਗੁਆਂਢਣ ਤਾਨੀਆ ਡਾਲਗ ਅਨੁਸਾਰ, ਕਰੀਬ 20 ਸਾਲ ਪਹਿਲਾਂ ਵੀ ਇਸੇ ਕੰਪਲੈਕਸ ਵਿੱਚ ਨਾਦੀਨ ਰੌਬਿਨਸਨ ਨਾਂ ਦੀ ਔਰਤ ਦੀ ਹੱਤਿਆ ਹੋਈ ਸੀ, ਹਾਲਾਂਕਿ ਉਸ ਮਾਮਲੇ ਵਿੱਚ ਵੀ ਕਿਸੇ ਦੋਸ਼ੀ ਨੂੰ ਸਜ਼ਾ ਨਹੀਂ ਹੋਈ ਸੀ।
ਐਡਮੰਟਨ ਪੁਲਿਸ ਦੀ ਹੋਮੀਸਾਈਡ ਵਿਭਾਗ ਨੇ ਮਾਮਲੇ ਦੀ ਪੂਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾ ਦੀ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਅਤੇ ਹਾਲਾਤਾਂ ਬਾਰੇ ਸਪੱਸ਼ਟ ਹੋ ਸਕੇਗਾ। ਪੁਲਿਸ ਨੇ ਇਸ ਮਾਮਲੇ ਵਿੱਚ ਕਿਸੇ ਵੀ ਕਿਸਮ ਦੀ ਸੂਚਨਾ ਰੱਖਣ ਵਾਲੇ ਲੋਕਾਂ ਨੂੰ 780-423-4567 ਜਾਂ ਗੁਮਨਾਮ ਸੂਚਨਾ 1-800-222-8477 'ਤੇ ਸੰਪਰਕ ਕਰਨ ਦੀ ਅਪੀਲ ਕੀਤੀ ਹੈ।