ਜੇਕਰ ਤੁਹਾਡਾ ਬੱਚਾ ਆਪਣੀ ਉਮਰ ਤੋਂ ਕਿਤੇ ਵੱਧ ਕੱਦ, ਭਾਰੀ ਆਵਾਜ਼ ਜਾਂ ਸਰੀਰਕ ਬਣਤਰ ਵਿੱਚ ਬਾਲਗਾਂ ਵਰਗਾ ਲੱਗਣ ਲੱਗ ਪਿਆ ਹੈ, ਤਾਂ ਇਸ ਨੂੰ ਆਮ ਗੱਲ ਸਮਝ ਕੇ ਨਜ਼ਰਅੰਦਾਜ਼ ਕਰਨ ਦੀ ਭੁੱਲ ਨਾ ਕਰੋ। ਬੱਚਿਆਂ ਦਾ ਛੋਟੀ ਉਮਰ ਵਿੱਚ ਹੀ ਵੱਡੇ ਦਿਖਣਾ ਇੱਕ ਗੰਭੀਰ ਸਮੱਸਿਆ ‘ਅਰਲੀ ਪਿਊਬਰਟੀ’ (ਸਮੇਂ ਤੋਂ ਪਹਿਲਾਂ ਜਵਾਨੀ) ਵੱਲ ਇਸ਼ਾਰਾ ਕਰ ਸਕਦਾ ਹੈ, ਜੋ ਉਨ੍ਹਾਂ ਦੀ ਮਾਨਸਿਕ, ਸਮਾਜਿਕ ਅਤੇ ਸਰੀਰਕ ਸਿਹਤ ਉੱਤੇ ਡੂੰਘਾ ਅਸਰ ਪਾਉਂਦੀ ਹੈ। ਇਹ ਸਿਰਫ਼ ਰੂਪ ਦੀ ਨਹੀਂ, ਸਗੋਂ ਅੰਦਰੂਨੀ ਬੀਮਾਰੀਆਂ ਦੀ ਵੀ ਚਿਤਾਵਨੀ ਹੈ। ਆਓ ਜਾਣਦੇ ਹਾਂ ਇਸ ਸਮੱਸਿਆ ਦੇ ਲੱਛਣ, ਕਾਰਨ ਅਤੇ ਇਸ ਤੋਂ ਬਚਣ ਦੇ ਉਪਾਅ।
ਉਮਰ ਤੋਂ ਪਹਿਲਾਂ ਬਾਲਗਾਂ ਵਾਲੇ ਲੱਛਣ ਬੱਚਿਆਂ ਨੂੰ ਉਨ੍ਹਾਂ ਦੇ ਸਾਥੀਆਂ ਤੋਂ ਵੱਖਰਾ ਮਹਿਸੂਸ ਕਰਵਾ ਸਕਦੇ ਹਨ। ਅਕਸਰ ਇਹ ਬੱਚੇ ਸਮਾਜਕ ਮੇਲ-ਜੋਲ ਦੌਰਾਨ ਅਸਹਿਜ ਮਹਿਸੂਸ ਕਰਨ ਲੱਗਦੇ ਹਨ ਤੇ ਉਨ੍ਹਾਂ ਵਿੱਚ ਚਿੜਚਿੜਾਪਣ, ਐਂਗਜ਼ਾਇਟੀ ਅਤੇ ਆਤਮਵਿਸ਼ਵਾਸ ਦੀ ਘਾਟ ਪੈਦਾ ਹੋ ਸਕਦੀ ਹੈ। ਇਸ ਤੋਂ ਇਲਾਵਾ ਉਹ ਆਪਣੇ ਬਦਲਦੇ ਰੂਪ ਨਾਲ ਭਾਵਨਾਤਮਕ ਤੌਰ 'ਤੇ ਤਾਲਮੇਲ ਕਰਨ ਵਿੱਚ ਅਸਫ਼ਲ ਰਹਿੰਦੇ ਹਨ, ਜਿਸ ਨਾਲ ਉਨ੍ਹਾਂ ਦੀ ਰੋਜ਼ਾਨਾ ਜ਼ਿੰਦਗੀ ਵਿੱਚ ਮੁਸ਼ਕਲਾਂ ਪੈਦਾ ਹੋ ਜਾਂਦੀਆਂ ਹਨ।
ਉਮਰ ਤੋਂ ਪਹਿਲਾਂ ਹੋਣ ਵਾਲੀਆਂ ਸਰੀਰਕ ਤਬਦੀਲੀਆਂ ਬੱਚਿਆਂ ਨੂੰ ਮੋਟਾਪੇ, ਇਨਸੁਲਿਨ ਪ੍ਰਤੀਰੋਧ ਅਤੇ ਲਾਈਫਸਟਾਈਲ ਨਾਲ ਜੁੜੀਆਂ ਲਾਇਲਾਜ ਬੀਮਾਰੀਆਂ ਵੱਲ ਧੱਕ ਸਕਦੀਆਂ ਹਨ। ਲੜਕੀਆਂ ਲਈ ਇਹ ਸਥਿਤੀ ਖਾਸ ਤੌਰ 'ਤੇ ਗੰਭੀਰ ਹੈ, ਕਿਉਂਕਿ ਅਰਲੀ ਪਿਊਬਰਟੀ ਕਾਰਨ ਭਵਿੱਖ ਵਿੱਚ ਛਾਤੀ ਜਾਂ ਅੰਡਾਸ਼ਯ ਦੇ ਕੈਂਸਰ ਦਾ ਜੋਖਮ ਕਈ ਗੁਣਾ ਵੱਧ ਸਕਦਾ ਹੈ। ਸਮੇਂ ਸਿਰ ਸਾਵਧਾਨੀ ਨਾ ਵਰਤਣਾ ਇਨ੍ਹਾਂ ਬੀਮਾਰੀਆਂ ਨੂੰ ਸੱਦਾ ਦੇ ਸਕਦਾ ਹੈ।
ਬਦਲਦੀ ਜੀਵਨਸ਼ੈਲੀ ਨੇ ਬੱਚਿਆਂ ਦੀ ਸਿਹਤ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਘਰ ਦੇ ਖਾਣੇ ਦੀ ਥਾਂ ਬਾਹਰੀ ਅਤੇ ਪ੍ਰੋਸੈੱਸਡ ਭੋਜਨ ਨੇ ਲੈ ਲਈ ਹੈ, ਜਦਕਿ ਸਕ੍ਰੀਨ ਟਾਈਮ ਵਿੱਚ ਵਾਧੇ ਨੇ ਉਨ੍ਹਾਂ ਨੂੰ ਸਰੀਰਕ ਗਤੀਵਿਧੀਆਂ ਤੋਂ ਦੂਰ ਕਰ ਦਿੱਤਾ ਹੈ। ਨਤੀਜੇ ਵਜੋਂ ਮੋਟਾਪਾ ਵੱਧ ਰਿਹਾ ਹੈ, ਜੋ ਹਾਰਮੋਨ ਅਸੰਤੁਲਨ ਦਾ ਮੁੱਖ ਕਾਰਨ ਹੈ। ਇਹ ਅਸੰਤੁਲਨ ਬੱਚਿਆਂ ਵਿੱਚ ਅਰਲੀ ਪਿਊਬਰਟੀ ਨੂੰ ਜਨਮ ਦਿੰਦਾ ਹੈ, ਜੋ ਸਿਰਫ਼ ਕੱਦ ਤੱਕ ਸੀਮਿਤ ਨਹੀਂ ਰਹਿੰਦਾ, ਸਗੋਂ ਮਸਤਿਸ਼ਕ ਅਤੇ ਸਰੀਰ ਦੇ ਹਰ ਕੰਮ ਨੂੰ ਪ੍ਰਭਾਵਤ ਕਰਦਾ ਹੈ।
ਬੱਚਿਆਂ ਨੂੰ ਪਲਾਸਟਿਕ ਦੀਆਂ ਬੋਤਲਾਂ, ਟਿਫਿਨ ਜਾਂ ਪੈਕਟਾਂ ਵਿੱਚ ਖਾਣਾ ਦੇਣਾ ਉਨ੍ਹਾਂ ਦੀ ਸਿਹਤ ਲਈ ਘਾਤਕ ਸਾਬਤ ਹੋ ਸਕਦਾ ਹੈ। ਪਲਾਸਟਿਕ ਵਿੱਚ ਮੌਜੂਦ 'ਬਿਸਫੇਨਾਲ ਏ' (ਬੀਪੀਏ) ਅਤੇ 'ਥੈਲੇਟਸ' ਵਰਗੇ ਹਾਨੀਕਾਰਕ ਰਸਾਇਣ ਖਾਣੇ ਜਾਂ ਪਾਣੀ ਨਾਲ ਘੁਲ ਕੇ ਸਰੀਰ ਵਿੱਚ ਪਹੁੰਚ ਸਕਦੇ ਹਨ। ਇਹ ਰਸਾਇਣ ਸਰੀਰ ਦੇ ਕੁਦਰਤੀ ਹਾਰਮੋਨ ਪ੍ਰਣਾਲੀ ਵਿੱਚ ਵਿਘਨ ਪਾਉਂਦੇ ਹਨ, ਜੋ ਕਿਸ਼ੋਰਾਵਸਥਾ ਨੂੰ ਸਮੇਂ ਤੋਂ ਪਹਿਲਾਂ ਸ਼ੁਰੂ ਕਰਨ ਲਈ ਜ਼ਿੰਮੇਵਾਰ ਹਨ।
ਹਾਰਮੋਨ ਸੰਤੁਲਨ ਬਣਾਈ ਰੱਖਣ ਲਈ ਨੀਂਦ ਬਹੁਤ ਜ਼ਰੂਰੀ ਹੈ। ਨੀਂਦ ਦੀ ਕਮੀ ਬੱਚਿਆਂ ਦੇ ਹਾਰਮੋਨ ਸਿਸਟਮ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਸਕਦੀ ਹੈ ਅਤੇ ਅਰਲੀ ਪਿਊਬਰਟੀ ਦਾ ਖ਼ਤਰਾ ਵਧਾ ਸਕਦੀ ਹੈ। ਇਸ ਤੋਂ ਇਲਾਵਾ ਇਹ ਮੋਟਾਪਾ ਅਤੇ ਇਨਸੁਲਿਨ ਪ੍ਰਤੀਰੋਧ ਨੂੰ ਵੀ ਉਤਸ਼ਾਹਿਤ ਕਰਦੀ ਹੈ। ਸਕ੍ਰੀਨ ਟਾਈਮ ਘਟਾਉਣਾ ਬਹੁਤ ਜ਼ਰੂਰੀ ਹੈ, ਕਿਉਂਕਿ ਡਿਜੀਟਲ ਸਕ੍ਰੀਨਾਂ ਤੋਂ ਨਿਕਲਣ ਵਾਲੀ ਨੀਲੀ ਰੌਸ਼ਨੀ ਨੀਂਦ ਦੇ ਹਾਰਮੋਨ 'ਮੇਲਾਟੋਨਿਨ' ਦੇ ਉਤਪਾਦਨ ਨੂੰ ਰੋਕਦੀ ਹੈ, ਜਿਸ ਕਾਰਨ ਡੂੰਘੀ ਨੀਂਦ ਪ੍ਰਭਾਵਿਤ ਹੁੰਦੀ ਹੈ।