ਵਾਹਨ ਚਲਾਉਂਦੇ ਸਮੇਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ 'ਤੇ ਚਾਲਾਨ ਕੱਟਣਾ ਆਮ ਗੱਲ ਹੈ, ਪਰ ਬਹੁਤ ਸਾਰੇ ਲੋਕ ਇਸ ਨੂੰ ਬਾਅਦ ਵਿੱਚ ਭਰਨ ਦੀ ਸੋਚ ਕੇ ਟਾਲ ਦਿੰਦੇ ਹਨ। ਇਹ ਸੋਚ ਕਿ ਸਮਾਂ ਬੀਤਣ ਨਾਲ ਚਾਲਾਨ ਖ਼ਤਮ ਹੋ ਜਾਵੇਗਾ, ਸਹੀ ਨਹੀਂ ਹੈ। ਅਜਿਹਾ ਕਰਨਾ ਨਾ ਸਿਰਫ਼ ਆਰਥਿਕ ਸਜ਼ਾ ਵਧਾ ਸਕਦਾ ਹੈ, ਸਗੋਂ ਕਾਨੂੰਨੀ ਪੇਚੀਦਗੀਆਂ ਅਤੇ ਵਾਹਨ ਨਾਲ ਜੁੜੇ ਕਈ ਅਹਿਮ ਕੰਮਾਂ ਵਿੱਚ ਵੀ ਰੁਕਾਵਟ ਪੈਦਾ ਕਰ ਸਕਦਾ ਹੈ। ਆਓ ਜਾਣਦੇ ਹਾਂ ਕਿ ਬਕਾਇਆ ਚਾਲਾਨ ਤੁਹਾਡੇ ਲਈ ਕਿਹੜੀਆਂ ਮੁਸੀਬਤਾਂ ਖੜ੍ਹੀਆਂ ਕਰ ਸਕਦਾ ਹੈ।
ਈ-ਚਾਲਾਨ ਦਾ ਸਭ ਤੋਂ ਪਹਿਲਾ ਨੁਕਸਾਨ ਇਹ ਹੁੰਦਾ ਹੈ ਕਿ ਇਹ ਵਾਹਨ ਦੇ ਰਜਿਸਟ੍ਰੇਸ਼ਨ ਨੰਬਰ ਨਾਲ ਜੁੜ ਕੇ ਸਰਕਾਰੀ ਡਾਟਾਬੇਸ ਵਿੱਚ ਦਰਜ ਰਹਿੰਦਾ ਹੈ। ਕੇਵਲ ਸਮਾਂ ਲੰਘਣ ਨਾਲ ਇਹ ਆਪਣੇ ਆਪ ਖਤਮ ਨਹੀਂ ਹੁੰਦਾ। ਕਈ ਸੂਬਿਆਂ ਵਿੱਚ ਦੇਰੀ ਨਾਲ ਭੁਗਤਾਨ ਕਰਨ 'ਤੇ ਜੁਰਮਾਨੇ ਦੀ ਰਕਮ ਵੀ ਵਧਾ ਦਿੱਤੀ ਜਾਂਦੀ ਹੈ। ਜਦੋਂ ਵੀ ਵਾਹਨ ਦੀ ਆਨਲਾਈਨ ਪੜਤਾਲ ਕੀਤੀ ਜਾਂਦੀ ਹੈ, ਤਾਂ ਇਹ ਲੰਬਿਤ ਚਾਲਾਨ ਉਸ ਦਾ ਹਿੱਸਾ ਬਣਿਆ ਦਿਖਾਈ ਦਿੰਦਾ ਹੈ।
ਹਰ ਚਾਲਾਨ ਔਨਲਾਈਨ ਭੁਗਤਾਨ ਤੱਕ ਸੀਮਿਤ ਨਹੀਂ ਰਹਿੰਦਾ। ਜੇਕਰ ਯੋਗ ਸਮੇਂ ਦੌਰਾਨ ਚਾਲਾਨ ਅਦਾ ਨਾ ਕੀਤਾ ਜਾਵੇ, ਤਾਂ ਟ੍ਰੈਫਿਕ ਪ੍ਰਸ਼ਾਸਨ ਇਸ ਨੂੰ ਮੈਜਿਸਟ੍ਰੇਟ ਅਦਾਲਤ ਵਿੱਚ ਭੇਜ ਸਕਦਾ ਹੈ। ਇਸ ਤੋਂ ਬਾਅਦ ਵਾਹਨ ਮਾਲਕ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਨੋਟਿਸ ਭੇਜਿਆ ਜਾਂਦਾ ਹੈ। ਇਹ ਨੋਟਿਸ ਮੋਬਾਈਲ ਨੰਬਰ ਜਾਂ ਡਾਕ ਰਾਹੀਂ ਆ ਸਕਦਾ ਹੈ। ਜੇਕਰ ਵਾਹਨ ਮਾਲਕ ਦਾ ਰਜਿਸਟਰਡ ਮੋਬਾਈਲ ਨੰਬਰ ਅਪਡੇਟ ਨਾ ਹੋਵੇ ਜਾਂ ਨੋਟਿਸ ਦੀ ਜਾਣਕਾਰੀ ਨਾ ਮਿਲ ਸਕੇ, ਤਾਂ ਸਥਿਤੀ ਹੋਰ ਗੰਭੀਰ ਹੋ ਸਕਦੀ ਹੈ।
ਜੇਕਰ ਵਾਹਨ ਮਾਲਕ ਅਦਾਲਤ ਵੱਲੋਂ ਤੈਅ ਤਰੀਕ 'ਤੇ ਪੇਸ਼ ਨਾ ਹੋਵੇ ਤੇ ਨਾ ਹੀ ਤਰੀਕ ਮੁਲਤਵੀ ਕਰਵਾਉਣ ਲਈ ਕੋਈ ਅਰਜ਼ੀ ਦੇਵੇ, ਤਾਂ ਅਦਾਲਤ ਉਸ ਦੀ ਗੈਰ-ਮੌਜੂਦਗੀ ਵਿੱਚ ਵੀ ਫੈਸਲਾ ਸੁਣਾ ਸਕਦੀ ਹੈ। ਇਸ ਸਥਿਤੀ ਵਿੱਚ ਕੇਸ ਨੂੰ 'ਐਕਸ-ਪਾਰਟੇ' ਕਾਰਵਾਈ ਦਾ ਰੂਪ ਮਿਲ ਜਾਂਦਾ ਹੈ, ਜਿਸ ਤੋਂ ਬਾਅਦ ਕੋਰਟ ਵੱਲੋਂ ਸਮਨ ਜਾਰੀ ਕੀਤੇ ਜਾ ਸਕਦੇ ਹਨ। ਇਸ ਪੜਾਅ 'ਤੇ ਪਹੁੰਚਣ ਮਗਰੋਂ ਮਾਮਲਾ ਇੱਕ ਆਮ ਚਾਲਾਨ ਦੀ ਬਜਾਏ ਇੱਕ ਪੂਰੀ ਕਾਨੂੰਨੀ ਲੜਾਈ ਦਾ ਰੂਪ ਧਾਰ ਲੈਂਦਾ ਹੈ।
ਜੇਕਰ ਚਾਲਾਨ ਲਗਾਤਾਰ ਲੰਬਿਤ ਰਹੇ ਤਾਂ ਵਾਹਨ ਨੂੰ ਸਰਕਾਰੀ ਪ੍ਰਣਾਲੀ ਵਿੱਚ 'ਫਲੈਗ' ਕੀਤਾ ਜਾ ਸਕਦਾ ਹੈ, ਜਿਸ ਨਾਲ ਰਜਿਸਟ੍ਰੇਸ਼ਨ ਸਰਟੀਫਿਕੇਟ ਨਵੀਨੀਕਰਨ, ਆਨਲਾਈਨ ਮੁਆਇਨਾ ਜਾਂ ਹੋਰ ਰਸਮਾਂ ਦੌਰਾਨ ਮੁਸ਼ਕਲਾਂ ਪੈਦਾ ਹੋ ਸਕਦੀਆਂ ਹਨ। ਖ਼ਤਰਨਾਕ ਡ੍ਰਾਈਵਿੰਗ, ਤੇਜ਼ ਰਫਤਾਰ ਜਾਂ ਸ਼ਰਾਬ ਪੀ ਕੇ ਗੱਡੀ ਚਲਾਉਣ ਵਰਗੇ ਗੰਭੀਰ ਮਾਮਲਿਆਂ ਵਿੱਚ ਅਦਾਲਤ ਡ੍ਰਾਈਵਿੰਗ ਲਾਇਸੈਂਸ ਰੱਦ ਜਾਂ ਮੁਅੱਤਲ ਕਰਨ ਦੀ ਸਿਫ਼ਾਰਿਸ਼ ਤੱਕ ਕਰ ਸਕਦੀ ਹੈ।
ਲੰਬਿਤ ਚਾਲਾਨ ਵਾਹਨ ਦੀ ਵਿਕਰੀ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ। ਸੰਭਾਵੀ ਖਰੀਦਦਾਰ ਵਾਹਨ ਦਾ ਪੂਰਾ ਰਿਕਾਰਡ ਚੈਕ ਕਰ ਸਕਦੇ ਹਨ। ਜੇਕਰ ਉਨ੍ਹਾਂ ਨੂੰ ਕਈ ਚਾਲਾਨ ਬਕਾਇਆ ਦਿਖਾਈ ਦੇਣ ਤਾਂ ਉਹ ਮੁੱਲ ਘਟਾਉਣ ਦੀ ਕੋਸ਼ਿਸ਼ ਕਰ ਸਕਦੇ ਹਨ ਜਾਂ ਖਰੀਦਣ ਤੋਂ ਇਨਕਾਰ ਕਰ ਸਕਦੇ ਹਨ। ਇਸੇ ਤਰ੍ਹਾਂ ਬੀਮੇ ਦੇ ਸਮੇਂ ਕੁਝ ਕੰਪਨੀਆਂ ਵਾਹਨ ਰਿਕਾਰਡ ਦੀ ਪੜਤਾਲ ਕਰਦੀਆਂ ਹਨ, ਜਿਸਦਾ ਅਸਰ ਪਾਲਿਸੀ ਦੀਆਂ ਸ਼ਰਤਾਂ ਜਾਂ ਉਸਦੀ ਲਾਗਤ 'ਤੇ ਪੈ ਸਕਦਾ ਹੈ।
ਜੇ ਤੁਹਾਨੂੰ ਸ਼ੱਕ ਹੈ ਕਿ ਤੁਹਾਡੇ ਵਾਹਨ ਨਾਲ ਕੋਈ ਪੁਰਾਣਾ ਚਾਲਾਨ ਜੁੜਿਆ ਹੋ ਸਕਦਾ ਹੈ, ਤਾਂ ਪਹਿਲਾਂ ਉਸਦੀ ਸਥਿਤੀ ਦੀ ਆਨਲਾਈਨ ਪੜਤਾਲ ਕਰੋ। ਬਿਨਾਂ ਦੇਰੀ ਕੀਤੇ ਔਨਲਾਈਨ ਭੁਗਤਾਨ ਨੂੰ ਯਕੀਨੀ ਬਣਾਓ। ਜੇਕਰ ਮਾਮਲਾ ਅਦਾਲਤ ਵਿੱਚ ਭੇਜਿਆ ਜਾ ਚੁੱਕਾ ਹੈ, ਤਾਂ ਸਬੰਧਤ ਅਦਾਲਤ ਦੀ ਕਾਰਵਾਈ ਅਨੁਸਾਰ ਕਦਮ ਚੁੱਕੋ। ਕਈ ਥਾਵਾਂ 'ਤੇ ਵਰਚੁਅਲ ਕੋਰਟ ਰਾਹੀਂ ਵੀ ਇਸ ਨੂੰ ਹੱਲ ਕੀਤਾ ਜਾ ਸਕਦਾ ਹੈ। ਸਮੇਂ ਸਿਰ ਕੀਤੀ ਗਈ ਇਹ ਛੋਟੀ ਜਿਹੀ ਸਾਵਧਾਨੀ ਤੁਹਾਨੂੰ ਵੱਡੀ ਕਾਨੂੰਨੀ ਉਲਝਣ ਤੋਂ ਬਚਾ ਸਕਦੀ ਹੈ।