ਜਲੰਧਰ ਦੇ ਰੇਲਵੇ ਸਟੇਸ਼ਨ ਨੇੜੇ ਇੱਕ ਗੈਸਟ ਹਾਊਸ ‘ਚੋਂ ਲੁਧਿਆਣਾ ਦੀ 33 ਸਾਲਾ ਔਰਤ ਦੀ ਲਾਸ਼ ਮਿਲਣ ਨਾਲ ਖਲਬਲੀ ਮਚ ਗਈ ਹੈ। ਕਮਰੇ ਦੀਆਂ ਕੰਧਾਂ ‘ਤੇ ਖੂਨ ਦੇ ਛਿੱਟੇ ਅਤੇ ਮੁਰਦਾ ਔਰਤ ਦੇ ਸਿਰ ‘ਤੇ ਡੂੰਘੇ ਜ਼ਖ਼ਮਾਂ ਦੇ ਨਿਸ਼ਾਨਾਂ ਨੇ ਇਸ ਘਟਨਾ ਨੂੰ ਖ਼ੁਦਕੁਸ਼ੀ ਨਾ ਮੰਨਦਿਆਂ ਹੱਤਿਆ ਦੀ ਆਸ਼ੰਕਾ ਪੈਦਾ ਕਰ ਦਿੱਤੀ ਹੈ। ਪੁਲਸ ਨੇ ਘਟਨਾ ਸਥਾਨ ਤੋਂ ਅਹਿਮ ਸਬੂਤ ਇਕੱਠੇ ਕਰ ਲਏ ਹਨ ਤੇ ਮਾਮਲੇ ਦੀ ਹਰ ਪੱਧਰ ‘ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕਾ ਦੀ ਪਛਾਣ ਯਾਤਿਕਾ ਸ਼ਰਮਾ (33) ਵਜੋਂ ਹੋਈ ਹੈ, ਜੋ ਲੁਧਿਆਣਾ ਦੀ ਰਹਿਣ ਵਾਲੀ ਸੀ। ਉਹ ਪਿਛਲੇ ਦੋ ਦਿਨਾਂ ਤੋਂ ਜਲੰਧਰ ਦੇ ਰਾਇਲ ਗੈਸਟ ਹਾਊਸ ਦੇ ਕਮਰਾ ਨੰ. 102 ਵਿੱਚ ਠਹਿਰੀ ਹੋਈ ਸੀ। ਪੁਲਸ ਜਾਂਚ ਮੁਤਾਬਕ ਮ੍ਰਿਤਕਾ ਨੂੰ ਮਿਲਣ ਉਸਦਾ ਬੁਆਏਫ੍ਰੈਂਡ ਵਿਸ਼ੂ ਉਰਫ਼ ਚਿੰਟੂ ਰੋਜ਼ਾਨਾ ਆਉਂਦਾ ਸੀ ਅਤੇ ਅਕਸਰ ਉੱਥੇ ਰਾਤ ਵੀ ਬਿਤਾਉਂਦਾ ਸੀ।
ਹੋਟਲ ਸਟਾਫ਼ ਮੁਤਾਬਕ ਮ੍ਰਿਤਕਾ ਅਤੇ ਉਸਦੇ ਸਾਥੀ ਵਿਚਕਾਰ ਅਕਸਰ ਕਮਰੇ ‘ਚ ਸ਼ਰਾਬ ਪੀਣ ਦਾ ਸਿਲਸਿਲਾ ਚੱਲਦਾ ਸੀ। ਸਵੇਰੇ ਚਾਹ ਦੇਣ ਗਏ ਕਰਮਚਾਰੀ ਨੂੰ ਅੰਦਰੋਂ ਕੋਈ ਜਵਾਬ ਨਾ ਮਿਲਿਆ, ਜਿਸ ਤੋਂ ਬਾਅਦ ਹੋਟਲ ਪ੍ਰਬੰਧਨ ਨੇ ਪੁਲਸ ਨੂੰ ਸੂਚਨਾ ਦਿੱਤੀ।
ਪੁਲਸ ਨੇ ਜਦੋਂ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤਾਂ ਉੱਥੇ ਮ੍ਰਿਤਕਾ ਦੀ ਲਾਸ਼ ਬਿਸਤਰੇ ‘ਤੇ ਪਈ ਸੀ ਅਤੇ ਕਮਰੇ ਦੀਆਂ ਕੰਧਾਂ ‘ਤੇ ਖੂਨ ਦੇ ਛਿੱਟੇ ਸਨ। ਮ੍ਰਿਤਕਾ ਦੇ ਸਿਰ ‘ਤੇ ਡੂੰਘੀਆਂ ਸੱਟਾਂ ਦੇ ਨਿਸ਼ਾਨ ਮੌਜੂਦ ਸਨ, ਜਿਸ ਨਾਲ ਸਪੱਸ਼ਟ ਹੈ ਕਿ ਇਹ ਕੋਈ ਆਮ ਘਟਨਾ ਨਹੀਂ ਸਗੋਂ ਇੱਕ ਯੋਜਨਾਬੱਧ ਹੱਤਿਆ ਹੋ ਸਕਦੀ ਹੈ।
ਪੁਲਸ ਨੇ ਕਮਰੇ ਦੀ ਤਲਾਸ਼ੀ ਦੌਰਾਨ ਇੱਕ ਲਾਲ ਰੰਗ ਦਾ ਸੂਟਕੇਸ, ਮ੍ਰਿਤਕਾ ਦੇ ਦਸਤਾਵੇਜ਼ ਅਤੇ ਹੋਰ ਸਮਾਨ ਆਪਣੇ ਕਬਜ਼ੇ ‘ਚ ਲਿਆ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ, ਜਿਸ ਤੋਂ ਬਾਅਦ ਅੰਤਿਮ ਸੰਸਕਾਰ ਜਲੰਧਰ ਵਿੱਚ ਹੀ ਕੀਤਾ ਗਿਆ।
ਪੁਲਸ ਨੇ ਮਾਮਲੇ ਦੀ ਜਾਂਚ ਤੇਜ਼ ਕਰ ਦਿੱਤੀ ਹੈ ਅਤੇ ਮ੍ਰਿਤਕਾ ਦੇ ਬੁਆਏਫ੍ਰੈਂਡ ਵਿਸ਼ੂ ਉਰਫ਼ ਚਿੰਟੂ ਸਮੇਤ ਹੋਰ ਸ਼ੱਕੀ ਵਿਅਕਤੀਆਂ ਬਾਰੇ ਵੀ ਪੜਤਾਲ ਕੀਤੀ ਜਾ ਰਹੀ ਹੈ। ਫੋਰੈਂਸਿਕ ਟੀਮ ਨੇ ਮੌਕੇ ਤੋਂ ਫਿੰਗਰਪ੍ਰਿੰਟਸ ਅਤੇ ਹੋਰ ਵਿਗਿਆਨਕ ਸਬੂਤ ਇਕੱਠੇ ਕੀਤੇ ਹਨ। ਅਜੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਨਹੀਂ ਹੋਈ, ਪਰ ਪੁਲਸ ਨੇ ਕਿਹਾ ਹੈ ਕਿ ਜਾਂਚ ਜਾਰੀ ਹੈ ਤੇ ਰਹੱਸਮਈ ਕੋਣਾਂ ਨੂੰ ਵੀ ਖੰਗਾਲਿਆ ਜਾ ਰਿਹਾ ਹੈ।