ਮੋਹਾਲੀ ਜ਼ਿਲ੍ਹਾ ਅਦਾਲਤ ਨੇ ਨਾਬਾਲਗ ਬੱਚੀਆਂ ਨਾਲ ਜਿਨਸੀ ਦੁਰਵਿਹਾਰ ਅਤੇ ਅਸ਼ਲੀਲ ਸਮੱਗਰੀ ਬਣਾਉਣ ਦੇ ਦੋ ਵੱਖ-ਵੱਖ ਮਾਮਲਿਆਂ ਵਿੱਚ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਦੇਵਰਾਜ ਮੌਰੀਆ ਨੂੰ 40 ਸਾਲ ਦੀ ਸਖ਼ਤ ਸਜ਼ਾ ਸੁਣਾਈ ਗਈ ਹੈ। ਫਾਸਟ ਟ੍ਰੈਕ ਕੋਰਟ ਵਿੱਚ ਚੱਲੀਆਂ ਇਨ੍ਹਾਂ ਸੁਣਵਾਈਆਂ ਵਿੱਚ ਦੋਸ਼ੀ ਨੂੰ ਵੱਖ-ਵੱਖ ਧਾਰਾਵਾਂ ਤਹਿਤ ਲੰਬੀ ਕੈਦ ਅਤੇ ਭਾਰੀ ਜੁਰਮਾਨਾ ਵੀ ਲਾਇਆ ਗਿਆ। ਇਹ ਦੋਵੇਂ ਮਾਮਲੇ ਸਾਲ 2025 ਦੇ ਦੌਰਾਨ ਸਾਹਮਣੇ ਆਏ ਸਨ।
ਪਹਿਲਾ ਮਾਮਲਾ: 11 ਸਾਲਾ ਬੱਚੀ ਨੂੰ ਲਾਲਚ ਦੇ ਕੇ ਕਮਰੇ ਵਿੱਚ ਕਰਦਾ ਸੀ ਦੁਰਵਿਹਾਰ
ਇਸ ਮਾਮਲੇ ਵਿੱਚ ਪੀੜਤ ਬੱਚੀ ਦੇ ਪਿਤਾ, ਜੋ ਕਿ ਪੇਸ਼ੇ ਤੋਂ ਡਰਾਈਵਰ ਹਨ, ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਦੀ 11 ਸਾਲਾ ਬੇਟੀ ਪੰਜਵੀਂ ਜਮਾਤ ਵਿੱਚ ਪੜ੍ਹਦੀ ਸੀ। ਦੋਸ਼ੀ ਉਨ੍ਹਾਂ ਦੇ ਗੁਆਂਢ ਵਿੱਚ ਰਹਿੰਦਾ ਸੀ ਅਤੇ ਸਕੂਲ ਆਉਂਦੇ-ਜਾਂਦੇ ਸਮੇਂ ਬੱਚੀ ਨੂੰ ਖਾਣ-ਪੀਣ ਦਾ ਲਾਲਚ ਦੇ ਕੇ ਆਪਣੇ ਕਮਰੇ ਵਿੱਚ ਲੈ ਜਾਂਦਾ ਸੀ, ਜਿੱਥੇ ਉਹ ਉਸ ਨਾਲ ਗੰਦੀਆਂ ਹਰਕਤਾਂ ਕਰਦਾ ਸੀ। ਜਦੋਂ ਪੀੜਤ ਬੱਚੀ ਦਾ ਪਰਿਵਾਰ ਚੰਡੀਗੜ੍ਹ ਸ਼ਿਫਟ ਹੋ ਗਿਆ, ਤਾਂ ਵੀ ਦੋਸ਼ੀ ਉੱਥੇ ਪਹੁੰਚ ਕੇ ਉਸ ਨਾਲ ਦੁਰਵਿਹਾਰ ਕਰਦਾ ਰਿਹਾ। ਇਸ ਤੋਂ ਇਲਾਵਾ ਉਹ ਬੱਚੀ ਦੀਆਂ ਅਸ਼ਲੀਲ ਫੋਟੋਆਂ ਅਤੇ ਵੀਡੀਓ ਬਣਾ ਕੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਸੀ, ਜਿਸ ਕਾਰਨ ਉਹ ਲੰਬੇ ਸਮੇਂ ਤੱਕ ਚੁੱਪ ਰਹਿਣ ਲਈ ਮਜਬੂਰ ਰਹੀ।
ਦੂਜਾ ਮਾਮਲਾ: ਸਾਢੇ ਸੱਤ ਸਾਲ ਦੀ ਬੱਚੀ ਸਮੇਤ ਹੋਰ ਬੱਚੇ ਵੀ ਬਣੇ ਸ਼ਿਕਾਰ
ਦੂਜੇ ਮਾਮਲੇ ਵਿੱਚ ਸਾਢੇ ਸੱਤ ਸਾਲ ਦੀ ਇੱਕ ਬੱਚੀ ਦੇ ਪਿਤਾ ਨੇ ਸ਼ਿਕਾਇਤ ਦਿੱਤੀ ਕਿ ਦੋਸ਼ੀ ਉਸ ਦੀ ਬੇਟੀ ਨੂੰ ਵੀ ਪੈਸੇ ਅਤੇ ਖਾਣ-ਪੀਣ ਦੀਆਂ ਚੀਜ਼ਾਂ ਦਾ ਲਾਲਚ ਦੇ ਕੇ ਕਮਰੇ ਵਿੱਚ ਲੈ ਜਾਂਦਾ ਸੀ ਅਤੇ ਅਸ਼ਲੀਲ ਹਰਕਤਾਂ ਕਰਦਾ ਸੀ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਦੋਸ਼ੀ ਨੇ ਇੱਕ ਹੋਰ ਨਾਬਾਲਗ ਲੜਕੀ ਨਾਲ ਵੀ ਛੇੜਛਾੜ ਕੀਤੀ ਸੀ ਅਤੇ ਚੌਥੀ ਜਮਾਤ ਵਿੱਚ ਪੜ੍ਹਨ ਵਾਲੇ ਇੱਕ ਮਾਸੂਮ ਬੱਚੇ ਨੂੰ ਵੀ ਕਮਰੇ ਵਿੱਚ ਲੈ ਜਾ ਕੇ ਉਸ ਦੀਆਂ ਅਸ਼ਲੀਲ ਤਸਵੀਰਾਂ ਖਿੱਚੀਆਂ ਸਨ। ਦੋਸ਼ੀ ਨੇ ਸਾਰੇ ਬੱਚਿਆਂ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਉਨ੍ਹਾਂ ਨੂੰ ਚੁੱਪ ਰਹਿਣ ਲਈ ਮਜਬੂਰ ਕੀਤਾ ਹੋਇਆ ਸੀ।
ਪਹਿਲੇ ਮਾਮਲੇ ਵਿੱਚ ਅਦਾਲਤ ਨੇ ਦੋਸ਼ੀ ਨੂੰ ਪੌਕਸੋ ਐਕਟ ਦੀ ਧਾਰਾ 6 ਤਹਿਤ 20 ਸਾਲ ਦੀ ਕੈਦ ਅਤੇ 50 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ। ਨਾਲ ਹੀ ਆਈ.ਟੀ. ਐਕਟ ਦੀ ਧਾਰਾ 67-ਬੀ ਤਹਿਤ 5 ਸਾਲ ਦੀ ਕੈਦ ਅਤੇ 5 ਹਜ਼ਾਰ ਰੁਪਏ ਜੁਰਮਾਨਾ, ਅਤੇ ਬੀ.ਐਨ.ਐਸ. ਦੀ ਧਾਰਾ 351(2) ਤਹਿਤ 1 ਸਾਲ ਦੀ ਕੈਦ ਵੀ ਸੁਣਾਈ ਗਈ।
ਦੂਜੇ ਮਾਮਲੇ ਵਿੱਚ ਵੀ ਅਦਾਲਤ ਨੇ ਦੋਸ਼ੀ ਨੂੰ ਪੌਕਸੋ ਐਕਟ ਅਤੇ ਹੋਰ ਸੰਬੰਧਿਤ ਧਾਰਾਵਾਂ ਤਹਿਤ 20 ਸਾਲ ਦੀ ਕੈਦ ਅਤੇ 55 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ। ਦੋਵੇਂ ਮਾਮਲਿਆਂ ਵਿੱਚ ਸਜ਼ਾਵਾਂ ਵੱਖ-ਵੱਖ ਹੋਣ ਕਾਰਨ ਦੋਸ਼ੀ ਨੂੰ ਕੁੱਲ 40 ਸਾਲ ਦੀ ਕੈਦ ਅਤੇ 1 ਲੱਖ 10 ਹਜ਼ਾਰ ਰੁਪਏ ਜੁਰਮਾਨਾ ਭਰਨ ਦਾ ਹੁਕਮ ਦਿੱਤਾ ਗਿਆ।
ਸਰਕਾਰੀ ਵੱਲੋਂ ਉਪ ਜ਼ਿਲ੍ਹਾ ਅਟਾਰਨੀ ਹਰਦੀਪ ਸਿੰਘ ਰੋਮਾਣਾ ਨੇ ਅਦਾਲਤ ਵਿੱਚ ਮੁਕੱਦਮੇ ਦੀ ਪੈਰਵੀ ਕੀਤੀ ਅਤੇ ਪੀੜਤ ਬੱਚਿਆਂ ਦੇ ਬਿਆਨਾਂ ਅਤੇ ਸਬੂਤਾਂ ਦੇ ਆਧਾਰ 'ਤੇ ਦੋਸ਼ੀ ਨੂੰ ਸਜ਼ਾ ਦੁਆਉਣ ਵਿੱਚ ਅਹਿਮ ਭੂਮਿਕਾ ਨਿਭਾਈ। ਅਦਾਲਤ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਦੋਸ਼ੀ ਨੂੰ ਸਖ਼ਤ ਸਜ਼ਾ ਸੁਣਾ ਕੇ ਸਮਾਜ ਨੂੰ ਇੱਕ ਮਜ਼ਬੂਤ ਸੰਦੇਸ਼ ਦਿੱਤਾ ਹੈ।