ਈਰਾਨ ਦੇ ਸਮਰਥਨ ਵਾਲੇ ਹੂਤੀ ਬਾਗੀਆਂ ਨੇ ਵੀਰਵਾਰ ਨੂੰ ਯਮਨ ਅਤੇ ਸਾਊਦੀ ਅਰਬ 'ਚ ਲਗਭਗ ਇੱਕੋ ਸਮੇਂ ਦੋ ਵੱਡੇ ਹਮਲੇ ਕਰਕੇ ਖੇਤਰੀ ਤਣਾਅ ਨੂੰ ਇੱਕ ਵਾਰ ਫਿਰ ਚਰਮ 'ਤੇ ਪਹੁੰਚਾ ਦਿੱਤਾ। ਯਮਨ 'ਚ ਸਰਕਾਰੀ ਫੌਜੀ ਅੱਡਿਆਂ 'ਤੇ ਬੈਲਿਸਟਿਕ ਮਿਜ਼ਾਈਲਾਂ ਅਤੇ ਡਰੋਨਾਂ ਰਾਹੀਂ ਕੀਤੇ ਗਏ ਹਮਲੇ 'ਚ 58 ਫੌਜੀ ਮਾਰੇ ਗਏ, ਜਦੋਂ ਕਿ ਸਾਊਦੀ ਸ਼ਹਿਰ ਨਜ਼ਰਾਨ 'ਚ ਡਰੋਨ ਹਮਲੇ ਨਾਲ 11 ਆਮ ਨਾਗਰਿਕ ਜ਼ਖ਼ਮੀ ਹੋ ਗਏ, ਜਿਨ੍ਹਾਂ 'ਚ ਇੱਕ ਚਾਰ ਸਾਲਾ ਬੱਚਾ ਵੀ ਸ਼ਾਮਲ ਹੈ।
ਹੂਤੀ ਬਾਗੀਆਂ ਨੇ ਯਮਨ ਦੇ ਕਈ ਫੌਜੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਉਂਦਿਆਂ ਭਾਰੀ ਮਿਜ਼ਾਈਲਾਂ ਅਤੇ ਡਰੋਨਾਂ ਦੀ ਵਰਤੋਂ ਕੀਤੀ। ਇਸ ਹਮਲੇ 'ਚ 58 ਫੌਜੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਬਹੁਤ ਸਾਰੇ ਜਵਾਨ ਜ਼ਖ਼ਮੀ ਹੋਏ। ਯਮਨ ਦੇ ਰੱਖਿਆ ਮੰਤਰਾਲੇ ਨੇ ਇਸ ਹਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਕਿਹਾ ਕਿ ਉੱਚ ਅਧਿਕਾਰੀ ਫੌਜੀ ਮੁੜ-ਗਠਨ ਅਤੇ ਜਵਾਬੀ ਕਾਰਵਾਈ ਦੀਆਂ ਯੋਜਨਾਵਾਂ 'ਤੇ ਕੰਮ ਕਰ ਰਹੇ ਹਨ। ਮੰਤਰਾਲੇ ਵੱਲੋਂ ਕਿਹਾ ਗਿਆ ਕਿ "ਸਹੀ ਸਮੇਂ ਅਤੇ ਸਹੀ ਥਾਂ 'ਤੇ" ਇਸ ਹਮਲੇ ਦਾ ਮੂੰਹ-ਤੋੜ ਜਵਾਬ ਦਿੱਤਾ ਜਾਵੇਗਾ।
ਹੂਤੀ ਬਾਗੀਆਂ ਦਾ ਦੂਜਾ ਹਮਲਾ ਸਾਊਦੀ ਅਰਬ ਦੇ ਦੱਖਣ-ਪੱਛਮੀ ਸ਼ਹਿਰ ਨਜ਼ਰਾਨ 'ਚ ਇੱਕ ਰਿਹਾਇਸ਼ੀ ਇਲਾਕੇ 'ਚ ਕੀਤਾ ਗਿਆ, ਜਿਸ ਕਾਰਨ 11 ਆਮ ਨਾਗਰਿਕ ਜ਼ਖ਼ਮੀ ਹੋਏ। ਜ਼ਖ਼ਮੀਆਂ ਵਿੱਚ 7 ਸਾਊਦੀ, ਇੱਕ ਯਮਨੀ, ਦੋ ਮਿਸਰੀ ਅਤੇ ਇੱਕ ਪਾਕਿਸਤਾਨੀ ਸ਼ਾਮਲ ਹਨ। ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਇਨ੍ਹਾਂ ਵਿੱਚ ਇੱਕ ਚਾਰ ਸਾਲਾ ਬੱਚਾ ਵੀ ਜ਼ਖ਼ਮੀ ਹੋਇਆ ਹੈ। ਡਰੋਨ ਹਮਲੇ ਤੋਂ ਬਾਅਦ ਸ਼ਹਿਰ ਦੇ ਕਈ ਹਿੱਸਿਆਂ 'ਚ ਅੱਗ ਦੀਆਂ ਲਪਟਾਂ ਉੱਠੀਆਂ, ਜਿਨ੍ਹਾਂ ਨੂੰ ਬੁਝਾਉਣ ਲਈ ਸਥਾਨਕ ਪ੍ਰਸ਼ਾਸਨ ਅਤੇ ਐਮਰਜੈਂਸੀ ਸੇਵਾਵਾਂ ਨੇ ਕਈ ਘੰਟੇ ਮਿਹਨਤ ਕੀਤੀ।
ਇਸ ਦੇ ਨਾਲ ਹੀ, ਈਰਾਨ ਦੇ ਇੱਕ ਸੰਸਦ ਮੈਂਬਰ ਅਹਿਮਦ ਬਖ਼ਸ਼ਾਇਸ਼ ਅਰਦੇਸਤਾਨੀ ਨੇ ਦਾਅਵਾ ਕੀਤਾ ਹੈ ਕਿ ਹੋਰਮੁਜ਼ ਸਟ੍ਰੇਟ ਨੂੰ ਲੈ ਕੇ ਅਮਰੀਕਾ ਅਤੇ ਈਰਾਨ ਵਿਚਾਲੇ ਓਮਾਨ ਦੀ ਮੱਧਸਥਤਾ ਰਾਹੀਂ ਗੱਲਬਾਤ ਜਾਰੀ ਹੈ। ਉਨ੍ਹਾਂ ਦੇ ਅਨੁਸਾਰ, ਅਮਰੀਕਾ ਸਿੱਧੀ ਗੱਲਬਾਤ ਤੋਂ ਬਚਦਿਆਂ ਓਮਾਨ ਨੂੰ ਦੂਤ ਬਣਾ ਕੇ ਅੱਗੇ ਵਧਾਇਆ ਜਾ ਰਿਹਾ ਹੈ।
ਪ੍ਰਸਤਾਵਿਤ ਯੋਜਨਾ 'ਚ ਕਿਹਾ ਗਿਆ ਹੈ ਕਿ ਹੋਰਮੁਜ਼ ਸਟ੍ਰੇਟ ਦਾ ਪ੍ਰਬੰਧਨ ਈਰਾਨ ਕੋਲ ਹੋਵੇਗਾ, ਅਤੇ ਇਸ ਰਾਹੀਂ ਲੰਘਣ ਵਾਲੇ ਜਹਾਜ਼ਾਂ ਤੋਂ ਮਾਲ ਦੀ ਕੀਮਤ ਦਾ 7% ਟੈਕਸ ਵਸੂਲਿਆ ਜਾਵੇਗਾ। ਇਸ ਮਾਲੀਏ 'ਚ 75% ਈਰਾਨ ਅਤੇ 25% ਓਮਾਨ ਨੂੰ ਮਿਲਣ ਦੀ ਸੰਭਾਵੀ ਵੰਡ ਹੈ। ਹਾਲਾਂਕਿ, ਅਮਰੀਕਾ ਵੱਲੋਂ ਹੁਣ ਤੱਕ ਇਸ ਦਾਅਵੇ 'ਤੇ ਕੋਈ ਅਧਿਕਾਰਤ ਪ੍ਰਤੀਕਿਰਿਆ ਨਹੀਂ ਆਈ ਹੈ।
ਹੋਰਮੁਜ਼ ਸਟ੍ਰੇਟ, ਜੋ ਦੁਨੀਆ ਦੇ ਤੇਲ ਆਵਾਜਾਈ ਦਾ ਇੱਕ ਅਹਿਮ ਰਸਤਾ ਹੈ, ਦੀ ਸੁਰੱਖਿਆ ਨੂੰ ਲੈ ਕੇ ਇਹ ਗੱਲਬਾਤ ਅਤੇ ਹੂਤੀ ਹਮਲਿਆਂ ਨੇ ਖਾੜੀ ਦੇਸ਼ਾਂ ਦੇ ਸਮੁੰਦਰੀ ਸੁਰੱਖਿਆ ਪ੍ਰਬੰਧਾਂ ਨੂੰ ਚੁਣੌਤੀ ਦਿੱਤੀ ਹੈ। ਭਾਰਤ ਸਮੇਤ ਕਈ ਤੇਲ ਆਯਾਤਕ ਦੇਸ਼ਾਂ ਲਈ ਇਹ ਸਥਿਤੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ, ਕਿਉਂਕਿ ਇਸ ਰਸਤੇ 'ਚ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਨਾਲ ਵਿਸ਼ਵ ਬਾਜ਼ਾਰਾਂ 'ਚ ਕੱਚੇ ਤੇਲ ਦੀਆਂ ਕੀਮਤਾਂ ਪ੍ਰਭਾਵਿਤ ਹੋ ਸਕਦੀਆਂ ਹਨ।