ਅੱਜ-ਕੱਲ੍ਹ ਸਿਹਤ ਪ੍ਰਤੀ ਸੁਚੇਤ ਹੋਏ ਲੋਕ ਆਪਣੀ ਖੁਰਾਕ ਨੂੰ ਪੂਰਾ ਕਰਨ ਲਈ ਕਈ ਤਰ੍ਹਾਂ ਦੇ ਪੌਸ਼ਟਿਕ ਸਪਲੀਮੈਂਟਸ ਦਾ ਸਹਾਰਾ ਲੈ ਰਹੇ ਹਨ, ਜਿਨ੍ਹਾਂ ਵਿੱਚ ਓਮੇਗਾ-3 ਫੈਟੀ ਐਸਿਡ ਸਭ ਤੋਂ ਵੱਧ ਚਰਚਿਤ ਹੈ। ਦਿਲ, ਦਿਮਾਗ ਅਤੇ ਅੱਖਾਂ ਦੀ ਸਿਹਤ ਲਈ ਲਾਹੇਵੰਦ ਸਮਝੇ ਜਾਣ ਵਾਲੇ ਇਹ ਕੈਪਸੂਲ ਜਾਂ ਟੈਬਲੈੱਟ ਬਜ਼ਾਰ 'ਚ ਖੂਬ ਵਿਕ ਰਹੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਹਰ ਕਿਸੇ ਨੂੰ ਇਨ੍ਹਾਂ ਦੀ ਲੋੜ ਨਹੀਂ ਹੁੰਦੀ ਅਤੇ ਇਨ੍ਹਾਂ ਦਾ ਬੇਲੋੜਾ ਸੇਵਨ ਸਿਹਤ ਲਈ ਨੁਕਸਾਨਦਾਇਕ ਵੀ ਹੋ ਸਕਦਾ ਹੈ? ਜੇਕਰ ਤੁਸੀਂ ਵੀ ਬਿਨਾਂ ਸੋਚੇ-ਸਮਝੇ ਇਹ ਸਪਲੀਮੈਂਟ ਲੈ ਰਹੇ ਹੋ, ਤਾਂ ਇਹ ਖਬਰ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੈ।
ਬਹੁਤ ਸਾਰੇ ਲੋਕ ਸਮਝਦੇ ਹਨ ਕਿ ਓਮੇਗਾ-3 ਸਪਲੀਮੈਂਟਸ ਤਾਂ ਲਾਜ਼ਮੀ ਤੌਰ 'ਤੇ ਹਰ ਵਿਅਕਤੀ ਨੂੰ ਲੈਣੇ ਚਾਹੀਦੇ ਹਨ, ਪਰ ਅਮਰੀਕਾ ਦੀ ਸਿਹਤ ਸੰਸਥਾ (NCCIH) ਮੁਤਾਬਕ ਅਜਿਹਾ ਬਿਲਕੁਲ ਨਹੀਂ ਹੈ। ਜੇਕਰ ਤੁਹਾਡੀ ਰੋਜ਼ਾਨਾ ਖੁਰਾਕ ਵਿੱਚ ਓਮੇਗਾ-3 ਦੀ ਲੋੜੀਂਦੀ ਮਾਤਰਾ ਮੌਜੂਦ ਹੈ, ਤਾਂ ਬਾਹਰੀ ਸਪਲੀਮੈਂਟ ਦੀ ਕੋਈ ਲੋੜ ਨਹੀਂ ਰਹਿੰਦੀ। ਇਸ ਲਈ ਕਿਸੇ ਵੀ ਖੁਰਾਕੀ ਪੂਰਕ ਨੂੰ ਅਪਣਾਉਣ ਤੋਂ ਪਹਿਲਾਂ ਆਪਣੀ ਸਿਹਤ ਅਤੇ ਰੋਜ਼ਾਨਾ ਖਾਣ-ਪੀਣ ਦਾ ਮੁਲਾਂਕਣ ਕਰਨਾ ਜ਼ਰੂਰੀ ਹੈ।
ਜੇਕਰ ਤੁਸੀਂ ਕੋਈ ਪੁਰਾਣੀ ਬੀਮਾਰੀ, ਥਾਈਰਾਇਡ ਜਾਂ ਬਲੱਡ ਪ੍ਰੈਸ਼ਰ ਦੀ ਦਵਾਈ ਲੈ ਰਹੇ ਹੋ, ਤਾਂ ਓਮੇਗਾ-3 ਲੈਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਲੈਣੀ ਬਹੁਤ ਜ਼ਰੂਰੀ ਹੈ। ਖਾਸ ਤੌਰ 'ਤੇ ਖੂਨ ਨੂੰ ਪਤਲਾ ਕਰਨ ਵਾਲੀਆਂ ਦਵਾਈਆਂ (ਜਿਵੇਂ ਕਿ ਐਸਪੀਰਿਨ) ਨਾਲ ਇਸ ਦਾ ਮੇਲ ਸਿਹਤ ਲਈ ਗੰਭੀਰ ਹੋ ਸਕਦਾ ਹੈ। ਇਸ ਤੋਂ ਇਲਾਵਾ, ਸਿਰਫ਼ ਸੋਸ਼ਲ ਮੀਡੀਆ ਜਾਂ ਵਿਗਿਆਪਨਾਂ ਦੇ ਦਾਅਵਿਆਂ 'ਤੇ ਭਰੋਸਾ ਕਰਕੇ ਕੋਈ ਵੀ ਸਪਲੀਮੈਂਟ ਲੈਣਾ ਖ਼ਤਰਨਾਕ ਸਾਬਤ ਹੋ ਸਕਦਾ ਹੈ। ਗੁਣਵੱਤਾ, ਮਾਤਰਾ ਅਤੇ ਨਿਰਮਾਤਾ ਦੀ ਪ੍ਰਮਾਣਿਕਤਾ ਦਾ ਵਿਸ਼ੇਸ਼ ਧਿਆਨ ਰੱਖੋ ਅਤੇ ਸਪਲੀਮੈਂਟਸ ਨੂੰ ਸੰਤੁਲਿਤ ਖੁਰਾਕ ਦਾ ਵਿਕਲਪ ਨਾ ਸਮਝੋ।
ਜਿਵੇਂ ਹਰ ਦਵਾਈ ਜਾਂ ਪੂਰਕ ਦੇ ਕੁਝ ਮਾੜੇ ਪ੍ਰਭਾਵ ਹੁੰਦੇ ਹਨ, ਉਸੇ ਤਰ੍ਹਾਂ ਓਮੇਗਾ-3 ਦਾ ਵੀ ਬੇਲੋੜਾ ਜਾਂ ਵੱਧ ਮਾਤਰਾ 'ਚ ਸੇਵਨ ਨੁਕਸਾਨ ਪਹੁੰਚਾ ਸਕਦਾ ਹੈ। NCCIH ਅਨੁਸਾਰ, ਇਸ ਦੇ ਆਮ ਮਾੜੇ ਪ੍ਰਭਾਵਾਂ ਵਿੱਚ ਮੂੰਹ ਤੋਂ ਮੱਛੀ ਵਰਗੀ ਬਦਬੂ, ਸਾਹ ਦੀ ਦੁਰਗੰਧ, ਡਕਾਰ, ਮਤਲੀ, ਦਸਤ, ਪੇਟ ਖ਼ਰਾਬ ਜਾਂ ਸੀਨੇ ਵਿੱਚ ਜਲਣ ਵਰਗੀਆਂ ਸਮੱਸਿਆਵਾਂ ਸ਼ਾਮਲ ਹਨ। ਇਸ ਤੋਂ ਇਲਾਵਾ, ਬਹੁਤ ਜ਼ਿਆਦਾ ਖੁਰਾਕ ਲੈਣ ਨਾਲ ਖੂਨ ਵਹਿਣ ਦਾ ਖ਼ਤਰਾ ਵਧ ਸਕਦਾ ਹੈ, ਜੋ ਖਾਸ ਕਰਕੇ ਸਰਜਰੀ ਜਾਂ ਸੱਟ ਦੇ ਸਮੇਂ ਗੰਭੀਰ ਬਣ ਸਕਦਾ ਹੈ। ਇਸ ਲਈ ਹਮੇਸ਼ਾ ਇੱਕ ਮਾਹਿਰ ਡਾਕਟਰ ਦੀ ਸਲਾਅ ਤੋਂ ਬਾਅਦ ਹੀ ਇਸ ਦੀ ਵਰਤੋਂ ਸ਼ੁਰੂ ਕਰੋ।