menu-icon
Punjabi Story Line
  • Home
  • News
  • National
  • ਰਾਂਚੀ 'ਚ ਵਿਦਿਆਰਥੀ ਅੰਦੋਲਨ ਦੌਰਾਨ ਨੇਹਾ ਬੋਰਾ 'ਤੇ ਸੁੱਟੀ ਗਈ ਸਿਆਹੀ, ਬੋਲੀ- 'ਅੱਥਰੂ ਗੈਸ ਦੇ ਗੋਲਿਆਂ ਤੋਂ ਨਹੀ ਡਰੇ, ਹੁਣ ਕੀ ਡਰਾਂਗੇ'

ਰਾਂਚੀ 'ਚ ਵਿਦਿਆਰਥੀ ਅੰਦੋਲਨ ਦੌਰਾਨ ਨੇਹਾ ਬੋਰਾ 'ਤੇ ਸੁੱਟੀ ਗਈ ਸਿਆਹੀ, ਬੋਲੀ- 'ਅੱਥਰੂ ਗੈਸ ਦੇ ਗੋਲਿਆਂ ਤੋਂ ਨਹੀ ਡਰੇ, ਹੁਣ ਕੀ ਡਰਾਂਗੇ'

JPSC ਅਤੇ JSSC ਪ੍ਰੀਖਿਆਵਾਂ ਵਿੱਚ ਕਥਿਤ ਬੇਨਿਯਮੀਆਂ ਵਿਰੁੱਧ ਵਿਦਿਆਰਥੀਆਂ ਦੇ ਅੰਦੋਲਨ 'ਚ ਸਮਰਥਨ ਦੇਣ ਪਹੁੰਚੀ AISA ਦੀ ਰਾਸ਼ਟਰ ਪ੍ਰਧਾਨ 'ਤੇ ਸ਼ੁੱਕਰਵਾਰ ਨੂੰ ਸਿਆਹੀ ਸੁੱਟੀ ਗਈ, ਜਿਸ ਨਾਲ ਮਾਹੌਲ ਕਾਫ਼ੀ ਗਰਮ ਹੋ ਗਿਆ।

Date Updated Last Updated : 07 August 2026, 04:16 PM IST
Share:

ਰਾਂਚੀ: ਪਿਛਲੇ ਕਈ ਦਿਨਾਂ ਤੋਂ ਰਾਂਚੀ ਵਿੱਚ JPSC ਅਤੇ JSSC ਪ੍ਰੀਖਿਆਵਾਂ ਵਿੱਚ ਕਥਿਤ ਬੇਨਿਯਮੀਆਂ ਵਿਰੁੱਧ ਵਿਦਿਆਰਥੀਆਂ ਦਾ ਅੰਦੋਲਨ ਜਾਰੀ ਹੈ। ਇਸ ਵਿਚਾਲੇ ਸ਼ੁੱਕਰਵਾਰ ਨੂੰ ਵਿਦਿਆਰਥੀਆਂ ਦਾ ਸਮਰਥਨ ਕਰਨ ਅੰਦੋਲਨ 'ਚ ਪਹੁੰਚੀ AISA ਦੀ ਰਾਸ਼ਟਰੀ ਪ੍ਰਧਾਨ ਨੂੰ ਬਦਤਮੀਜ਼ੀ ਕਰਨ ਨੂੰ ਲੈ ਕੇ ਵੱਡਾ ਹੰਗਾਮਾ ਹੋਇਆ। ਅੰਦੋਲਨ 'ਚ ਸ਼ਾਮਲ ਹੋਈ ਨੇਹਾ ਬੋਰਾ ਦੇ ਮੂੰਹ 'ਤੇ ਸਿਆਹੀ ਸੁੱਟੀ ਗਈ, ਜਿਸਤੋਂ ਬਾਅਦ ਉਨ੍ਹਾਂ ਨੇ ਹੋਰ ਡੱਟ ਕੇ ਆਪਣੀ ਗੱਲ ਰੱਖੀ।

ਨੇਹਾ ਬੋਰਾ 'ਤੇ ਸੁੱਟੀ ਸਿਆਹੀ

ਸ਼ੁੱਕਰਵਾਰ ਨੂੰ ਅੰਦੋਲਨ ਦੇ 14ਵੇਂ ਦਿਨ ਵੀ ਕਈ ਵਿਦਿਆਰਥੀ ਭੁੱਖ ਹੜਤਾਲ 'ਤੇ ਬੈਠੇ ਰਹੇ। ਇਸ ਦੌਰਾਨ AISA ਨੇ ਵੀ ਝਾਰਖੰਡ ਵਿਧਾਨਸਭਾ ਤੱਕ ਮਾਰਚ ਕੱਢਿਆ। ਮਾਹੌਲ ਉਦੋਂ ਗਰਮ ਹੋ ਗਿਆ, ਜਦੋਂ ਨੇਹਾ ਬੋਰਾ 'ਤੇ ਸਿਆਹੀ ਸੁੱਟੀ ਗਈ। ਉਨ੍ਹਾਂ 'ਤੇ ਕਿਸੇ ਅਨਜਾਨ ਵਿਅਕਤੀ ਨੇ ਸਿਆਹੀ ਸੁੱਟੀ ਅਤੇ ਇਸ ਮਗਰੋਂ ਜੈ ਸ਼੍ਰੀ ਰਾਮ ਦੇ ਨਾਅਰੇ ਵੀ ਲਗਾਏ ਗਏ। ਹਾਲਾਂਕਿ, ਇਸ ਦੌਰਾਨ ਪੁਲਿਸ ਤੁਰੰਤ ਐਕਸ਼ਨ 'ਚ ਆਈ ਅਤੇ ਵਿਵਸਥਾ ਨੂੰ ਸੰਭਾਲਦੇ ਹੋਏ ਕੁੱਝ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ।

ਸਿਆਹੀ ਸੁੱਟੇ ਜਾਣ ਦੀ ਘਟਨਾ 'ਤੇ ਨੇਹਾ ਬੋਰਾ ਨੇ ਕਿਹਾ ਕਿ ਜੋ ਭਾਜਪਾ ਅਤੇ ਆਰਐਸਐਸ ਦੇ ਗੁੰਡੇ ਖੁਦ ਵਿਦਿਆਰਥੀਆਂ ਨਾਲ ਖੜ੍ਹੇ ਹੋਣ ਦਾ ਦਾਅਵਾ ਕਰਦੇ ਹਨ, ਅੱਜ ਉਹੀ JPSC ਅਤੇ JSSC ਪ੍ਰੀਖਿਆਵਾਂ ਰੱਦ ਕਰਨ ਦੀ ਮੰਗ ਨੂੰ ਲੈ ਕੇ ਵਿਧਾਨਸਭਾ ਮਾਰਚ ਦੌਰਾਨ ਮੇਰੇ 'ਤੇ ਸਿਆਹੀ ਸੁੱਟ ਰਹੇ ਹਨ। ਉਨ੍ਹਾਂ ਨੂੰ ਕੀ ਲੱਗਦਾ ਹੈ ਕਿ ਮੇਰੇ 'ਤੇ ਸਿਆਹੀ ਸੁੱਟ ਕੇ ਉਹ ਪੂਰੇ ਦੇਸ਼ ਦੇ ਵਿਦਿਆਰਥੀਆਂ ਅਤੇ ਨੌਜਵਾਨਾਂ ਦੇ ਗੁੱਸੇ ਨੂੰ ਦਬਾ ਲੈਣਗੇ? 
ਉਨ੍ਹਾਂ ਕਿਹਾ ਕਿ 20 ਜੁਲਾਈ ਨੂੰ ਸਾਡੇ 'ਤੇ ਅਥਰੂ ਗੈਸ ਦੇ ਗੋਲੇ ਸੁੱਟੇ ਗਏ, ਪੈਲੇਟ ਗਨ ਦਾ ਇਸਤੇਮਾਲ ਕੀਤਾ ਗਿਆ। ਅਸੀ ਉਦੋਂ ਨਹੀਂ ਡਰੇ ਤਾਂ ਹੁਣ ਇਹ ਮਾਮੂਲੀ ਸਿਆਹੀ ਸਾਡਾ ਕੀ ਵਿਗਾੜੇਗੀ? 

ਨੇਹਾ ਨੇ ਚੁਣੋਤੀ ਦਿੰਦਿਆਂ ਕਿਹਾ ਕਿ ਜੇਕਰ ਉਭਰਦਾ ਹੋਇਆ ਇਹ ਵਿਦਿਆਰਥੀ ਅੰਦੋਲਨ ਤੁਹਾਡੀ ਨਫਰਤ ਦੀ ਰਾਜਨੀਤੀ ਦੀ ਨੀਂਹ ਨਹੀਂ ਹਿਲਾ ਪਾਇਆ ਤਾਂ ਇਹ ਵਿਦਿਆਰਥੀ ਰਾਜਨੀਤੀ ਲਈ ਸ਼ਰਮ ਦੀ ਗੱਲ ਹੋਵੇਗੀ। ਜਿਨ੍ਹਾਂ ਲੋਕਾਂ ਦਾ ਵਿਦਿਆਰਥੀਆਂ ਦੇ ਮੁੱਦਿਆਂ ਤੋਂ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਆਪਣੇ ਰਾਜਨੀਤਿਕ ਉੱਲੂ ਨੂੰ ਸਿੱਧਾ ਕਰਨ ਲਈ ਵਿਦਿਆਰਥੀਆਂ ਨੂੰ ਢਾਲ ਬਣਾ ਰਹੇ ਹਨ, ਉਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ।

ਕੋਣ ਹੈ ਨੇਹਾ ਬੋਰਾ?

ਦੱਸ ਦੇਈਏ, ਨੇਹਾ ਬੋਰਾ ਜਵਾਹਰਲਾਲਾ ਨੇਹਰੂ ਯੂਨੀਵਰਸਿਟੀ ਦੀ ਪੀਐਚਡੀ ਸਕੋਲਰ ਹੈ। ਉਨ੍ਹਾਂ ਨੂੰ ਅਕਸਰ ਸਿੱਖਿਆ, ਮੋਬ ਲਿੰਚਿੰਗ, ਬਿਲਕਿਸ ਬਾਨੇ ਦੇ ਨਿਆਂ ਅਤੇ ਗਾਜਾ ਦੇ ਨਾਗਰਿਕਾਂ ਦੀ ਸਥਿਤੀ ਵਰਗੇ ਮੁੱਦਿਆਂ 'ਤੇ ਆਪਣੀ ਆਵਾਜ਼ ਰੱਖਦੇ ਵੇਖਿਆ ਗਿਆ ਹੈ। 

JPSC-JSSC ਮਾਮਲੇ 'ਚ ਸੜਕਾਂ 'ਤੇ ਪ੍ਰਦਰਸ਼ਨ

ਵਿਦਿਆਰਥੀਆਂ ਦਾ ਦੋਸ਼ ਹੈ ਕਿ ਸੂਬੇ ਦੀਆਂ ਭਰਤੀ ਪ੍ਰੀਖਿਆਵਾਂ ਵਿੱਚ ਪਾਰਦਰਸ਼ਤਾ ਨਹੀਂ ਵਰਤੀ ਗਈ ਅਤੇ ਕਥਿਤ ਬੇਨਿਯਮੀਆਂ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਪ੍ਰਦਰਸ਼ਨਕਾਰੀ ਰਾਜ ਸਰਕਾਰ ਦੀ ਚੱਲ ਰਹੀ ਜਾਂਚ ਤੋਂ ਅਸੰਤੁਸ਼ਟ ਹਨ ਅਤੇ ਇੱਕ ਸੁਤੰਤਰ ਜਾਂਚ ਦੀ ਮੰਗ ਕਰ ਰਹੇ ਹਨ। 
ਦੂਜੇ ਪਾਸੇ, ਮੁੱਖ ਮੰਤਰੀ ਨਾਲ ਗੱਲਬਾਤ ਲਈ ਸੱਤ ਮੈਂਬਰੀ ਵਫ਼ਦ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ, ਜਿਸ ਵਿੱਚ ਰਾਮਾਵਤਾਰ ਮਹਤੋ, ਦੀਨਬੰਧੂ ਮੰਡਲ, ਚੰਦਨ ਕੁਮਾਰ, ਰਵੀ ਸ਼ੰਕਰ, ਪ੍ਰੇਮ ਕੁਮਾਰ, ਅਮਿਤ ਕੁਮਾਰ ਅਤੇ ਵਿਮਲ ਕੁਮਾਰ ਵਿਦਿਆਰਥੀਆਂ ਅਤੇ ਉਮੀਦਵਾਰਾਂ ਦੀਆਂ ਮੰਗਾਂ ਸਰਕਾਰ ਸਾਹਮਣੇ ਪੇਸ਼ ਕਰਨਗੇ।
 

Recent News