ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ 1989 ਦੇ ਤੀਆਨਮੈਨ ਵਿਰੋਧ ਪ੍ਰਦਰਸ਼ਨ ਨੂੰ ਕੁਚਲਣ ਲਈ ਕਮਿਊਨਿਸਟ ਪਾਰਟੀ ਵੱਲੋਂ ਲਏ ਗਏ ਫੈਸਲੇ ਨੂੰ ਸਹੀ ਠਹਿਰਾਇਆ ਹੈ। ਸਾਬਕਾ ਰਾਸ਼ਟਰਪਤੀ ਜਿਆਂਗ ਜੇਮਿਨ ਦੀ 100ਵੀਂ ਬਰਸੀ 'ਤੇ ਆਯੋਜਿਤ ਸਮਾਗਮ ਦੌਰਾਨ ਉਨ੍ਹਾਂ ਇਸ ਕਾਰਵਾਈ ਨੂੰ ਲੋੜੀਂਦਾ ਅਤੇ ਉਸ ਸਮੇਂ ਦੀ ਪਾਰਟੀ ਦੀ ਮਜ਼ਬੂਰੀ ਦੱਸਿਆ। ਇਸ ਦੇ ਨਾਲ ਹੀ ਉਨ੍ਹਾਂ ਜਿਆਂਗ ਜੇਮਿਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਸ਼ੰਘਾਈ ਵਿੱਚ ਹਾਲਾਤ ਨੂੰ ਕਾਬੂ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ।
ਸ਼ੀ ਜਿਨਪਿੰਗ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਉਸ ਵਕਤ ਪਾਰਟੀ ਨੇ ਜੋ ਫੈਸਲਾ ਲਿਆ, ਉਹ ਹਾਲਾਤਾਂ ਨੂੰ ਦੇਖਦਿਆਂ ਸਹੀ ਸੀ। ਉਨ੍ਹਾਂ ਕਿਸੇ ਵੀ ਤਰ੍ਹਾਂ ਦੇ ਬਾਹਰੀ ਦਬਾਅ ਜਾਂ ਵਿਰੋਧ ਨੂੰ ਮੁਲਵਾਣ ਰੱਖਦਿਆਂ ਪਾਰਟੀ ਦੀ ਏਕਤਾ ਅਤੇ ਫੈਸਲਿਆਂ ਦੀ ਮਜ਼ਬੂਤੀ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਮੁਸ਼ਕਲ ਘੜੀਆਂ ਵਿੱਚ ਪਾਰਟੀ ਅਤੇ ਸਰਕਾਰ ਨੂੰ ਸਖ਼ਤ ਕਦਮ ਚੁੱਕਣੇ ਪੈਂਦੇ ਹਨ, ਭਾਵੇਂ ਉਹ ਵਿਵਾਦਿਤ ਹੀ ਕਿਉਂ ਨਾ ਹੋਣ।
ਸ਼ੀ ਨੇ ਆਪਣੇ ਸੰਬੋਧਨ ਦੌਰਾਨ ਸਾਬਕਾ ਰਾਸ਼ਟਰਪਤੀ ਜਿਆਂਗ ਜੇਮਿਨ ਨੂੰ ਭਾਵੁਕ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਜਿਆਂਗ ਨੇ ਪਾਰਟੀ ਦੇ ਸਭ ਤੋਂ ਔਖੇ ਸਮੇਂ ਵਿੱਚ ਇਮਾਨਦਾਰੀ ਅਤੇ ਸੂਝ-ਬੂਝ ਨਾਲ ਕੰਮ ਕੀਤਾ ਅਤੇ ਦੇਸ਼ ਨੂੰ ਸੰਕਟ ਵਿੱਚੋਂ ਉਭਾਰਨ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਸ਼ੀ ਨੇ ਇਹ ਵੀ ਕਿਹਾ ਕਿ ਅੱਜ ਚੀਨ ਨੂੰ ਜਿਹੜੀਆਂ ਚੁਣੌਤੀਆਂ ਦਾ ਸਾਹਮਣਾ ਹੈ, ਉਨ੍ਹਾਂ ਨੂੰ ਪਾਰ ਕਰਨ ਲਈ ਵੀ ਉਸੇ ਤਰ੍ਹਾਂ ਦੀ ਦ੍ਰਿੜਤਾ ਅਤੇ ਇਕੱਜੁੱਟਤਾ ਦੀ ਲੋੜ ਹੈ।
ਆਪਣੇ ਸੰਬੋਧਨ ਵਿੱਚ ਸ਼ੀ ਜਿਨਪਿੰਗ ਨੇ ਚੀਨ ਦੀ ਮਜ਼ਬੂਤੀ ਦਾ ਸੰਦੇਸ਼ ਵੀ ਦਿੱਤਾ। ਉਨ੍ਹਾਂ ਕਿਹਾ ਕਿ ਭਾਵੇਂ ਦੇਸ਼ ਦੇ ਸਾਹਮਣੇ ਕੋਈ ਵੀ ਵੱਡੀ ਚੁਣੌਤੀ ਆਵੇ, ਚੀਨ ਕਦੇ ਪਿੱਛੇ ਨਹੀਂ ਹਟੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮੁਸ਼ਕਲ ਹਾਲਾਤਾਂ ਵਿੱਚ ਵੀ ਹਾਰ ਨਾ ਮੰਨਣ ਅਤੇ ਹਰ ਤਰ੍ਹਾਂ ਦੇ ਵਿਘਨਾਂ ਦਾ ਡਟ ਕੇ ਸਾਹਮਣਾ ਕਰਨ। ਇਸ ਤੋਂ ਇਲਾਵਾ ਉਨ੍ਹਾਂ ਚੀਨੀ ਕਮਿਊਨਿਸਟ ਪਾਰਟੀ ਦੀ ਅਗਵਾਈ 'ਤੇ ਲੋਕਾਂ ਦਾ ਭਰੋਸਾ ਬਰਕਰਾਰ ਰੱਖਣ ਦੀ ਗੱਲ ਵੀ ਕੀਤੀ।
1989 ਵਿੱਚ ਬੀਜਿੰਗ ਦੇ ਤੀਆਨਮੈਨ ਸਕੁਏਅਰ 'ਤੇ ਲੋਕਤੰਤਰੀ ਸੁਧਾਰਾਂ ਦੀ ਮੰਗ ਨੂੰ ਲੈ ਕੇ ਵੱਡੇ ਪ੍ਰਦਰਸ਼ਨ ਹੋਏ ਸਨ। ਹਜ਼ਾਰਾਂ ਛਾਤਰਾਂ ਅਤੇ ਆਮ ਨਾਗਰਿਕਾਂ ਨੇ ਹਫ਼ਤਿਆਂ ਤੱਕ ਵਿਰੋਧ ਕੀਤਾ, ਜਿਸ ਨੂੰ ਬਾਅਦ ਵਿੱਚ ਚੀਨੀ ਫੌਜ ਨੇ ਟੈਂਕਾਂ ਅਤੇ ਬਲ ਦੇ ਵਰਤੋਂ ਨਾਲ ਕੁਚਲ ਦਿੱਤਾ। ਇਸ ਘਟਨਾ ਨੂੰ ਚੀਨ ਦੇ ਆਧੁਨਿਕ ਇਤਿਹਾਸ ਦੇ ਸਭ ਤੋਂ ਵਿਵਾਦਿਤ ਪਹਿਲੂਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।
ਇਸ ਕਾਰਵਾਈ ਵਿੱਚ ਮਰਨ ਵਾਲਿਆਂ ਦੀ ਗਿਣਤੀ ਨੂੰ ਲੈ ਕੇ ਕਦੇ ਕੋਈ ਸਪੱਸ਼ਟ ਅੰਕੜਾ ਜਾਰੀ ਨਹੀਂ ਕੀਤਾ ਗਿਆ। ਚੀਨੀ ਸਰਕਾਰ ਦੇ ਅਧਿਕਾਰਤ ਬਿਆਨ ਮੁਤਾਬਕ 200 ਤੋਂ ਵੱਧ ਲੋਕ ਮਾਰੇ ਗਏ ਸਨ, ਜਦੋਂ ਕਿ ਵਿਦੇਸ਼ੀ ਰਿਪੋਰਟਾਂ ਅਤੇ ਖੁਫੀਆ ਸੂਤਰਾਂ ਵਿੱਚ ਇਹ ਗਿਣਤੀ ਹਜ਼ਾਰਾਂ ਤੱਕ ਦੱਸੀ ਗਈ ਹੈ। ਅੱਜ ਵੀ ਇਸ ਘਟਨਾ ਬਾਰੇ ਚਰਚਾ ਜਾਂ ਜਾਣਕਾਰੀ ਦੇ ਆਦਾਨ-ਪ੍ਰਦਾਨ 'ਤੇ ਚੀਨ ਵਿੱਚ ਪੂਰਨ ਪਾਬੰਦੀ ਹੈ।
ਇਸ ਘਟਨਾ ਤੋਂ ਕੁਝ ਮਹੀਨਿਆਂ ਬਾਅਦ ਹੀ ਚੀਨੀ ਕਮਿਊਨਿਸਟ ਪਾਰਟੀ ਦੇ ਸਿਖਰਲੇ ਅਹੁਦੇ 'ਤੇ ਤਬਦੀਲੀ ਆਈ। ਤਤਕਾਲੀ ਆਗੂ ਝਾਓ ਜਿਆਂਗ, ਜਿਨ੍ਹਾਂ ਨੂੰ ਪ੍ਰਦਰਸ਼ਨਕਾਰੀਆਂ ਪ੍ਰਤੀ ਨਰਮ ਰੁਖ਼ ਅਪਣਾਉਣ ਵਾਲਾ ਮੰਨਿਆ ਜਾਂਦਾ ਸੀ, ਨੂੰ ਹਟਾ ਕੇ ਜਿਆਂਗ ਜੇਮਿਨ ਨੂੰ ਪਾਰਟੀ ਦਾ ਮਹਾਸਚਿਵ ਬਣਾਇਆ ਗਿਆ। ਇਸ ਤੋਂ ਬਾਅਦ ਜਿਆਂਗ ਨੇ 1993 ਤੋਂ 2002 ਤੱਕ ਚੀਨ ਦੇ ਰਾਸ਼ਟਰਪਤੀ ਵਜੋਂ ਵੀ ਸੇਵਾ ਨਿਭਾਈ। 30 ਨਵੰਬਰ 2022 ਨੂੰ 96 ਸਾਲ ਦੀ ਉਮਰ ਵਿੱਚ ਉਨ੍ਹਾਂ ਦਾ ਦਿਹਾਂਤ ਹੋ ਗਿਆ।