ਕੜਾਕੇ ਦੀ ਠੰਡ 'ਚ ਪੰਜਾਬ ਦਾ ਸਿਆਸੀ ਪਾਰਾ ਦਿਨੋਂਦਿਨ ਚੜ੍ਹਦਾ ਹੀ ਜਾ ਰਿਹਾ ਹੈ। ਮਾਹੌਲ ਗਰਮਾਇਆ ਹੋਇਆ ਹੈ। ਸਿਆਸਤ ਦੇ ਇਹਨਾਂ ਪਲਾਂ ਦੌਰਾਨ ਹੁਣ ਸੀਐਮ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਵੱਡੀ ਗੱਲ ਆਖ ਦਿੱਤੀ। ਮਾਨ ਨੇ ਕਿਹਾ ਕਿ ਅਕਾਲੀ ਦਲ ਤੋਂ ਪੰਜਾਬ ਬਚਾ ਲਓ। ਅਜਿਹਾ ਉਸ ਸਮੇਂ ਕਿਹਾ ਗਿਆ ਜਦੋਂ ਕਿ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਬਚਾਓ ਯਾਤਰਾ ਕੱਢਣ ਦਾ ਐਲਾਨ ਕੀਤਾ। ਇਸਦੇ ਉਲਟ ਮਾਨ ਨੇ ਕਿਹਾ ਕਿ ਅਕਾਲੀਆਂ ਨੇ 15 ਸਾਲਾਂ ਦੇ ਕੁਸ਼ਾਸਨ ਦੌਰਾਨ ਪੰਜਾਬ ਨੂੰ ਬੇਰਹਿਮੀ ਨਾਲ ਲੁੱਟਿਆ। ਜਿਸ ਕਰਕੇ ਇਸ ਯਾਤਰਾ ਦਾ ਅਸਲੀ ਨਾਮ ‘ਅਕਾਲੀ ਦਲ ਤੋਂ ਪੰਜਾਬ ਬਚਾ ਲਓ ਯਾਤਰਾ’ ਹੋਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਦਲ ਨੇ 15 ਸਾਲਾਂ ਦੇ ਹਨੇਰਗਰਦੀ ਅਤੇ ਬਦਅਮਨੀ ਵਾਲੇ ਸ਼ਾਸਨ ਦੌਰਾਨ ਸੂਬੇ ਦੇ ਵਸੀਲਿਆਂ ਉਤੇ ਡਾਕਾ ਮਾਰਿਆ ਅਤੇ ਪੰਜਾਬੀਆਂ ਦੇ ਹਿਰਦਿਆਂ ਨੂੰ ਗਹਿਰੇ ਜ਼ਖ਼ਮ ਦਿੱਤੇ। ਉਨ੍ਹਾਂ ਕਿਹਾ ਕਿ ਸੂਬੇ ਦੀ ਸਭ ਤੋਂ ਪੁਰਾਣੀ ਸਿਆਸੀ ਪਾਰਟੀ ਹੁਣ ਹਾਸ਼ੀਏ ਉਤੇ ਪਹੁੰਚ ਚੁੱਕੀ ਹੈ ਅਤੇ ਸੂਬੇ ਵਿੱਚ ਲੰਮਾ ਸਮਾਂ ਸੱਤਾ ਵਿੱਚ ਰਹਿਣ ਤੋਂ ਬਾਅਦ ਅੱਜ ਤਿੰਨ ਸੀਟਾਂ ਤੱਕ ਸਿਮਟ ਕੇ ਰਹਿ ਗਈ ਹੈ।
ਸਾਰੇ ਪੰਜਾਬ ਨੂੰ 15 ਸਾਲ ਹਰੇਕ ਪੱਖ ਤੋਂ ਲੁੱਟ ਕੇ ਅਕਾਲੀ ਦਲ ਬਾਦਲ ਨੇ ਬੋਲਿਆ ਵੱਡਾ ਸੱਚ ..ਵੋਟਾਂ ਤੋਂ ਪਹਿਲਾਂ ਪੂਰੇ ਪੰਜਾਬ ਚ “ਅਕਾਲੀ ਦਲ ਤੋਂ ਪੰਜਾਬ ਬਚਾਲੋ “ ਯਾਤਰਾ ਸ਼ੁਰੂ ਕਰਨ ਦਾ ਐਲਾਨ .. ਇਸਦੀ ਮਾਫੀ ਕਦੇ ਫੇਰ ਮੰਗ ਲੈਣਗੇ..
— Bhagwant Mann (@BhagwantMann) January 4, 2024
ਬਾਦਲਾਂ ਨੇ ਕਦੇ ਪੰਜਾਬੀਆਂ ਦੀ ਆਵਾਜ਼ ਨਹੀਂ ਚੁੱਕੀ
ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕ ਅਕਾਲੀਆਂ ਅਤੇ ਬਾਦਲ ਪਰਿਵਾਰ ਦੇ ਦੋਹਰੇ ਕਿਰਦਾਰ ਬਾਰੇ ਚੰਗੀ ਤਰ੍ਹਾਂ ਜਾਣਦੇ ਹਨ ਜਿਸ ਕਰਕੇ ਯਾਤਰਾ ਵਰਗੀਆਂ ਨੌਟੰਕੀਆਂ ਹੁਣ ਕੰਮ ਨਹੀਂ ਆਉਣਗੀਆਂ। ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀਆਂ ਨੂੰ ਚੇਤੇ ਕਰਵਾਇਆ ਕਿ ਅਕਾਲੀ ਦਲ ਦੇ ਲੰਮੇ ਕੁਸ਼ਾਸਨ ਦੌਰਾਨ ਪੰਜਾਬ ਹਰੇਕ ਖੇਤਰ ਵਿੱਚ ਪੱਛੜਦਾ ਰਿਹਾ ਹੈ। ਉਨ੍ਹਾਂ ਨੇ ਅਕਾਲੀ ਦਲ ਨੂੰ ਕਿਹਾ, “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਗੈਂਗਟਸਰਾਂ ਅਤੇ ਨਸ਼ਾ ਮਾਫੀਏ ਦੀ ਪੁਸ਼ਤਪਨਾਹੀ ਵਰਗੇ ਬੱਜਰ ਗੁਨਾਹਾਂ ਵਿੱਚੋਂ ਤੁਸੀਂ ਕਦੇ ਦੁੱਧ ਧੋਤੇ ਸਾਬਤ ਨਹੀਂ ਹੋ ਸਕਦੇ। ਪੰਜਾਬ ਦੇ ਲੋਕ ਉਹ ਸਮਾਂ ਕਦੇ ਵੀ ਭੁੱਲ ਨਹੀਂ ਸਕਦੇ ਜਦੋਂ ਸਮੁੱਚਾ ਪੰਜਾਬ ਕਾਲੇ ਖੇਤੀ ਕਾਨੂੰਨਾਂ ਦੇ ਖਿਲਾਫ਼ ਖੜ੍ਹਾ ਸੀ ਅਤੇ ਉਸ ਵੇਲੇ ਅਕਾਲੀ ਆਪਣੇ ਸੌੜੇ ਸਿਆਸੀ ਹਿੱਤਾਂ ਲਈ ਨਿਰਲੱਜ ਹੋ ਕੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਸੋਹਲੇ ਗਾ ਰਹੇ ਸਨ।” ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਦਲ ਅਤੇ ਖਾਸ ਕਰਕੇ ਬਾਦਲ ਪਰਿਵਾਰ ਦੇ ਪੰਜਾਬ ਵਿਰੋਧੀ ਫੈਸਲਿਆਂ ਦੀ ਸੂਚੀ ਬਹੁਤ ਲੰਮੀ ਹੈ ਜਿਸ ਕਰਕੇ ਇਨ੍ਹਾਂ ਨੂੰ ਸਿਆਸੀ ਗੁਮਨਾਮੀ ਵਿੱਚ ਭੇਜਣਾ ਸਮੇਂ ਦੀ ਲੋੜ ਹੈ। ਉਨ੍ਹਾਂ ਨੇ ਅਕਾਲੀ ਦਲ ਨੂੰ ਆਪਣੇ ਲੰਮੇ ਕਾਰਜਕਾਲ ਦੀ ਇਕ ਵੀ ਪ੍ਰਾਪਤੀ ਲੋਕਾਂ ਨੂੰ ਦੱਸਣ ਦੀ ਚੁਣੌਤੀ ਦਿੱਤੀ ਹੈ। ਭਗਵੰਤ ਸਿੰਘ ਮਾਨ ਨੇ ਤੰਜ਼ ਕੱਸਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਅਤੇ ਹਰਮਿਸਰਤ ਕੌਰ ਬਾਦਲ ਮਹਿਜ਼ ਦੋ ਸੰਸਦ ਮੈਂਬਰ ਲੋਕ ਸਭਾ ਵਿੱਚ ਹਨ ਪਰ ਇਨ੍ਹਾਂ ਨੇ ਵੀ ਕਦੇ ਪੰਜਾਬ ਅਤੇ ਪੰਜਾਬੀਆਂ ਨਾਲ ਜੁੜੇ ਮਸਲਿਆਂ ਲਈ ਲੋਕ ਸਭਾ ਵਿੱਚ ਆਵਾਜ਼ ਨਹੀਂ ਚੁੱਕੀ। ਅਕਾਲੀ ਦਲ ਦੀ ਪ੍ਰਸਤਾਵਿਤ ਯਾਤਰਾ ਸਿਰਫ ਲੋਕਾਂ ਨੂੰ ਗੁੰਮਰਾਹ ਕਰਨ ਅਤੇ ਮੀਡੀਆ ਵਿੱਚ ਸੁਰਖੀਆਂ ਬਟੋਰਨ ਤੋਂ ਵੱਧ ਹੋਰ ਕੁਝ ਨਹੀਂ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਅਕਾਲੀਆਂ ਦੇ ਪੰਜਾਬ ਤੇ ਲੋਕ ਵਿਰੋਧੀ ਕਿਰਦਾਰ ਤੋਂ ਭਲੀ ਭਾਂਤ ਜਾਣੂੰ ਹਨ ਜਿਸ ਕਰਕੇ ਉਨ੍ਹਾਂ ਕਦੇ ਵੀ ਮੁਆਫ਼ ਨਹੀਂ ਕੀਤਾ ਜਾ ਸਕਦਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬੇ ਦੇ ਲੋਕ ਅਕਾਲੀ ਦਲ ਵੱਲੋਂ ਪੰਜਾਬ ਨਾਲ ਕਮਾਏ ਧ੍ਰੋਹ ਲਈ ਉਨ੍ਹਾਂ ਨੂੰ ਕਦੇ ਵੀ ਮੁਆਫ਼ ਨਹੀਂ ਕਰਨਗੇ।