ਸੜਕ ਹਾਦਸਿਆਂ ਵਿੱਚ ਕਈ ਜਾਨਾਂ ਚਲੀਆਂ ਜਾਂਦੀਆਂ ਹਨ ਅਤੇ ਕਈ ਆਪਣੇ ਸਕੇ ਸਬੰਧੀਆਂ ਨੂੰ ਗੁਆ ਬੈਠਦੇ ਹਨ। ਪਰ ਹੁਣ ਸੜਕ ਹਾਦਸਿਆਂ ਨੂੰ ਰੋਕਣ ਲਈ ਪੰਜਾਬ ਪੁਲਿਸ ਨੇ ਇੱਕ ਨਵੀਂ ਪੁਲਾਂਘ ਪੁੱਟੀ ਹੈ। ਪੰਜਾਬ ਵਿੱਚ ਸੜਕ ਹਾਦਸਿਆਂ ਕਾਰਨ ਹੋਣ ਵਾਲੇ ਜਾਨੀ ਨੁਕਸਾਨ ਨੂੰ ਰੋਕਣ ਲਈ ਪੁਲਿਸ ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਡਰੋਨ ਅਤੇ ਅਤਿ-ਆਧੁਨਿਕ ਤਕਨੀਕਾਂ ਦੀ ਮਦਦ ਲਵੇਗੀ। ਪੁਲਿਸ ਨੇ ਇਹ ਪ੍ਰਾਜੈਕਟ ਸ਼ੁਰੂ ਕਰ ਦਿੱਤਾ ਹੈ। ਸੂਬੇ ਦਾ ਪਹਿਲਾ ਸੜਕ ਹਾਦਸਾ ਜਾਂਚ ਵਾਹਨ ਨੂੰ ਪੁਲਿਸ ਬੇੜੇ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਨੂੰ ਪਹਿਲਾਂ ਰੂਪਨਗਰ ਰੇਂਜ ਵਿੱਚ ਤਾਇਨਾਤ ਕੀਤਾ ਗਿਆ ਹੈ। ਬਾਅਦ ਵਿੱਚ ਪੰਜਾਬ ਦੇ ਹੋਰ ਜ਼ਿਲ੍ਹਿਆਂ ਨੂੰ ਵੀ ਇਸੇ ਤਰ੍ਹਾਂ ਦੇ ਵਾਹਨ ਦਿੱਤੇ ਜਾਣਗੇ।
ਇਹ ਹਨ ਵਿਸ਼ੇਸ਼ਤਾਵਾਂ
ਇਸ ਵਾਹਨ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿਚ ਕਰੈਸ਼ ਜਾਂਚ ਕਿੱਟ, ਮੂਵਿੰਗ ਲੋਕੇਸ਼ਨ ਲਿੰਕੇਜ ਆਧਾਰਿਤ ਵੀਡੀਓ ਕੈਪਚਰ, ਜੀਓ ਗ੍ਰਾਫਿਕ ਲੋਕੇਸ਼ਨ ਲਿੰਕੇਜ ਦੇ ਨਾਲ ਸਪੀਡ ਕੈਮਰਾ, ਖੇਤਰ ਆਧਾਰਿਤ ਵੀਡੀਓਗ੍ਰਾਫੀ ਲਈ ਡਰੋਨ, ਡਿਜੀਟਲ ਡਿਸਟੈਂਸ ਮੀਟਰ ਅਤੇ ਈ-ਕਾਰ ਡਾਟਾ ਕਲੈਕਸ਼ਨ ਸ਼ਾਮਲ ਹੋਣਗੇ।
ਇਸ ਤਰ੍ਹਾਂ ਕਰੇਗਾ ਕੰਮ
ਹਾਦਸੇ ਤੋਂ ਬਾਅਦ ਇਹ ਵਾਹਨ ਘਟਨਾ ਵਾਲੀ ਥਾਂ 'ਤੇ ਪਹੁੰਚ ਜਾਵੇਗਾ। ਉਸ ਤੋਂ ਬਾਅਦ ਪੂਰੀ ਜਾਂਚ ਕੀਤੀ ਜਾਵੇਗੀ। ਹਾਦਸੇ ਦੀ ਜੜ੍ਹ ਦਾ ਪਤਾ ਲਗਾਇਆ ਜਾਵੇਗਾ। ਭਾਵੇਂ ਇਹ ਹਾਦਸਾ ਸੜਕੀ ਢਾਂਚੇ, ਵਾਹਨਾਂ ਜਾਂ ਮਨੁੱਖੀ ਗਲਤੀ ਕਾਰਨ ਹੋਇਆ ਹੋਵੇ। ਏਡੀਜੀਪੀ ਟਰੈਫਿਕ ਏਐਸ ਰਾਏ, ਏਆਈਜੀ ਟਰੈਫਿਕ ਗਗਨ ਅਜੀਤ ਸਿੰਘ ਅਤੇ ਟਰੈਫਿਕ ਸਲਾਹਕਾਰ ਅਤੇ ਪੰਜਾਬ ਰੋਡ ਸੇਫਟੀ ਐਂਡ ਟਰੈਫਿਕ ਰਿਸਰਚ ਸੈਂਟਰ ਦੇ ਡਾਇਰੈਕਟਰ ਨਵਦੀਪ ਅਸੀਜਾ ਨੇ ਕਿਹਾ ਕਿ ਇਸ ਦਾ ਲੋਕਾਂ ਨੂੰ ਫਾਇਦਾ ਹੋਵੇਗਾ।
ਰੋਡ ਸੇਫਟੀ ਪੁਲਿਸ ਵੀ ਸੰਭਾਲੇਗੀ ਮੋਰਚਾ
ਕੈਨੇਡਾ ਦੀ ਤਰਜ਼ 'ਤੇ ਸੜਕ ਸੁਰੱਖਿਆ ਬਲ ਜਲਦ ਹੀ ਪੰਜਾਬ ਦੇ ਹਾਈਵੇਅ 'ਤੇ ਤਾਇਨਾਤ ਕੀਤੇ ਜਾ ਰਹੇ ਹਨ। ਇਸ ਪੁਲਿਸ ਨੂੰ ਦੁਬਈ ਪੁਲਿਸ ਦੀ ਤਰਜ਼ 'ਤੇ ਅਤਿ ਆਧੁਨਿਕ ਵਾਹਨ ਦਿੱਤੇ ਗਏ ਹਨ। ਪਹਿਲੇ ਪੜਾਅ ਵਿੱਚ 1596 ਮੁਲਾਜ਼ਮਾਂ ਨੂੰ ਫੋਰਸ ਵਿੱਚ ਸ਼ਾਮਲ ਕੀਤਾ ਗਿਆ ਸੀ। ਇਹ ਸਾਰੇ ਕਰਮਚਾਰੀ ਇਸ ਸਮੇਂ ਸਿਖਲਾਈ ਲੈ ਰਹੇ ਹਨ, ਇਨ੍ਹਾਂ ਵਿੱਚ 1012 ਪੁਰਸ਼ ਅਤੇ 288 ਔਰਤਾਂ ਸ਼ਾਮਲ ਹਨ। ਜਦੋਂਕਿ ਪੁਲਿਸ ਵਿੱਚ ਪਹਿਲਾਂ ਤੋਂ ਤਾਇਨਾਤ 296 ਮੁਲਾਜ਼ਮਾਂ ਨੂੰ ਵੀ ਇਸ ਦਾ ਹਿੱਸਾ ਬਣਾਇਆ ਗਿਆ।