16 ਜੂਨ ਨੂੰ ਰਾਸ਼ਟਰੀ ਰਾਜਧਾਨੀ ਵਿਖੇ ਕਾਂਗਰਸ ਦੀ ਉੱਚ ਅਗਵਾਈ ਪੰਜਾਬ ਇਕਾਈ ਦੀਆਂ ਚੁਣੌਤੀਆਂ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 2027 ਨੂੰ ਦੇਖਦਿਆਂ ਆਪਣੀ ਰਣਨੀਤੀ ਬਣਾਉਣ ਜਾ ਰਹੀ ਹੈ। ਪੰਜਾਬ ਲਈ ਤਾਇਨਾਤ ਕੀਤੇ ਗਏ ਤਿੰਨ ਨਿਗਰਾਨ ਵੱਖ-ਵੱਖ ਆਗੂਆਂ ਤੋਂ ਸਿੱਧਾ ਫੀਡਬੈਕ ਇਕੱਠਾ ਕਰਨਗੇ ਅਤੇ ਇਸ ਤੋਂ ਬਾਅਦ ਆਪਣੀ ਰਿਪੋਰਟ ਹਾਈਕਮਾਨ ਨੂੰ ਭੇਜ ਦੇਣਗੇ।
ਅਗਲੇ ਸਾਲਾਂ ਵਿੱਚ ਹੋਣ ਵਾਲੀਆਂ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਕਾਂਗਰਸ ਵੱਲੋਂ ਕੋਈ ਵੀ ਢਿੱਲ ਨਹੀਂ ਬਰਤੀ ਜਾਵੇਗੀ। ਅਜਿਹੇ 'ਚ ਉਹ ਚਰਚਾਵਾਂ ਹੋਰ ਵੀ ਅਹਿਮ ਹੋ ਗਈਆਂ ਹਨ, ਜਿਨ੍ਹਾਂ ਵਿੱਚ ਪੰਜਾਬ ਕਾਂਗਰਸ ਪ੍ਰਧਾਨ ਅਤੇ ਕਾਂਗਰਸ ਵਿਧਾਇਕ ਦਲ (CLP) ਦੇ ਆਗੂ ਦੇ ਅਹੁਦੇ ਵਿੱਚ ਤਬਦੀਲੀ ਦੀ ਸੰਭਾਵਨਾ ਜਤਾਈ ਜਾ ਰਹੀ ਸੀ।
ਪੰਜਾਬ ਕਾਂਗਰਸ ਦੇ ਅੰਦਰਲੀ ਗੁੱਟਬਾਜ਼ੀ ਨੂੰ ਮੁੱਕਣ ਲਈ ਕਾਂਗਰਸ ਹਾਈਕਮਾਨ ਪਹਿਲਾਂ ਹੀ ਵੱਡਾ ਕਦਮ ਚੁੱਕ ਚੁੱਕਾ ਹੈ। 11 ਜੂਨ ਨੂੰ ਪਾਰਟੀ ਮੁਖੀ ਮਲਿਕਾਰਜੁਨ ਖੜਗੇ ਅਤੇ ਲੋਕ ਸਭਾ 'ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਸੀਨੀਅਰ ਪੰਜਾਬੀ ਆਗੂਆਂ ਨਾਲ ਮੀਟਿੰਗ ਕਰਕੇ ਅਜੈ ਮਾਕਨ, ਮੀਨਾਕਸ਼ੀ ਨਟਰਾਜਨ ਅਤੇ ਭਜਨ ਲਾਲ ਜਾਟਵ ਨੂੰ ਨਿਗਰਾਨਾਂ ਵਜੋਂ ਨਿਯੁਕਤ ਕੀਤਾ ਸੀ। ਉਦੋਂ ਹੀ ਤੈਅ ਕੀਤਾ ਗਿਆ ਸੀ ਕਿ ਵੱਖ-ਵੱਖ ਆਗੂਆਂ ਦੇ ਵਿਚਾਰ ਲਏ ਜਾਣਗੇ ਅਤੇ ਉਨ੍ਹਾਂ ਦੇ ਆਧਾਰ 'ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
ਤਿੰਨ ਮੈਂਬਰੀ ਪੈਨਲ ਨੇ ਦਿੱਲੀ 'ਚ ਸੰਸਦ ਮੈਂਬਰਾਂ, ਮੌਜੂਦਾ ਅਤੇ ਸਾਬਕਾ ਵਿਧਾਇਕਾਂ, ਅਤੇ ਜ਼ਿਲ੍ਹਾ ਪ੍ਰਧਾਨਾਂ ਨਾਲ ਤਿੰਨ ਦਿਨਾਂ ਲਈ ਵਿਅਕਤੀਗਤ ਮੁਲਾਕਾਤਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ। ਪਹਿਲੇ ਪੜਾਅ ਵਿੱਚ 7 ਸੰਸਦ ਮੈਂਬਰਾਂ, ਵਿਧਾਇਕਾਂ, ਸਾਬਕਾ ਵਿਧਾਇਕਾਂ ਅਤੇ ਜ਼ਿਲ੍ਹਾ ਪ੍ਰਧਾਨਾਂ ਨਾਲ ਗੱਲਬਾਤ ਕੀਤੀ ਜਾਵੇਗੀ।