ਪੰਜਾਬ ਦੀ ਸਿਆਸਤ 'ਚ ਇਨ੍ਹੀਂ ਦਿਨੀਂ ਚੰਦੇ ਨੂੰ ਲੈ ਕੇ ਇੱਕ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਆਮ ਆਦਮੀ ਪਾਰਟੀ (AAP) ਦੇ ਆਗੂ ਅਰਵਿੰਦ ਕੇਜਰੀਵਾਲ ਨੇ ਭਾਰਤੀ ਜਨਤਾ ਪਾਰਟੀ (BJP) 'ਤੇ ਗੰਭੀਰ ਇਲਜ਼ਾਮ ਲਾਉਂਦਿਆਂ ਕਿਹਾ ਕਿ ਈਡੀ (ED) ਨੂੰ ਹਥਿਆਰ ਬਣਾ ਕੇ ਪੰਜਾਬ ਦੇ ਵਪਾਰੀਆਂ ਤੋਂ ਜਬਰੀ ਚੰਦਾ ਵਸੂਲਿਆ ਜਾ ਰਿਹਾ ਹੈ। ਜਵਾਬ 'ਚ BJP ਨੇ ਵੀ ਕੇਜਰੀਵਾਲ ਨੂੰ ਕਰਾਰਾ ਜਵਾਬ ਦਿੰਦਿਆਂ ਕਿਹਾ ਕਿ ਵਪਾਰੀਆਂ ਦਾ ਚੰਦਾ ਦੇਣ ਦਾ ਤਰੀਕਾ ਹੀ ਇਹ ਸਾਬਤ ਕਰਦਾ ਹੈ ਕਿ ਉਹ AAP ਸਰਕਾਰ ਤੋਂ ਪੂਰੀ ਤਰ੍ਹਾਂ ਨਾਰਾਜ਼ ਹਨ ਅਤੇ ਸਰਕਾਰ ਦੇ ਜਾਣ ਦਾ ਸਮਾਂ ਆ ਗਿਆ ਹੈ।
ਅਰਵਿੰਦ ਕੇਜਰੀਵਾਲ ਨੇ ਐਕਸ (ਸਾਬਕਾ ਟਵਿੱਟਰ) 'ਤੇ ਇੱਕ ਪੋਸਟ ਪਾਈ, ਜਿਸ ਵਿੱਚ ਉਨ੍ਹਾਂ ਨੇ ਚੰਦੇ ਦੇ ਅੰਕੜਿਆਂ ਦਾ ਖੁਲਾਸਾ ਕਰਦਿਆਂ ਕਿਹਾ ਕਿ ਜਿਸ BJP ਕੋਲ ਪੰਜਾਬ ਵਿੱਚ ਸਿਰਫ਼ 2 ਵਿਧਾਇਕ ਹਨ, ਉਸ ਨੂੰ ਪਿਛਲੇ ਸਾਲ 60 ਕਰੋੜ ਰੁਪਏ ਦਾ ਚੰਦਾ ਮਿਲਿਆ, ਜਦੋਂ ਕਿ AAP ਨੂੰ ਪੰਜਾਬ ਦੀ ਸਰਕਾਰ ਹੋਣ ਦੇ ਬਾਵਜੂਦ ਸਿਰਫ਼ 70 ਲੱਖ ਰੁਪਏ ਹੀ ਮਿਲੇ। ਉਨ੍ਹਾਂ ਇਸ ਅੰਤਰ ਨੂੰ ਗੈਰ-ਕੁਦਰਤੀ ਦੱਸਿਆ।
ਕੇਜਰੀਵਾਲ ਦਾ ਕਹਿਣਾ ਹੈ ਕਿ ਕੋਈ ਵੀ ਵਪਾਰੀ ਆਪਣੀ ਮਰਜ਼ੀ ਨਾਲ 60 ਕਰੋੜ ਰੁਪਏ ਉਸ ਪਾਰਟੀ ਨੂੰ ਨਹੀਂ ਦਿੰਦਾ, ਜਿਸ ਦਾ ਸਰਕਾਰ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਦੋਸ਼ ਲਾਇਆ ਕਿ BJP ਵੱਲੋਂ ED ਰਾਹੀਂ ਵਪਾਰੀਆਂ ਨੂੰ ਧਮਕੀ ਦਿੱਤੀ ਜਾ ਰਹੀ ਹੈ ਕਿ ਚੰਦਾ ਨਾ ਦੇਣ 'ਤੇ ਉਨ੍ਹਾਂ ਦੀਆਂ ਦਫਤਰਾਂ 'ਚ ਛਾਪੇਮਾਰੀ ਕੀਤੀ ਜਾਵੇਗੀ। ਇਸ ਨੂੰ ਉਨ੍ਹਾਂ "ਚੰਦੇ ਦੇ ਨਾਂ 'ਤੇ ਵਸੂਲੀ" ਕਰਾਰ ਦਿੱਤਾ।
AAP ਆਗੂ ਨੇ ਪੰਜਾਬ ਦੇ ਕਾਰੋਬਾਰੀਆਂ ਨੂੰ ਸਿੱਧੀ ਅਪੀਲ ਕੀਤੀ ਕਿ ਉਹ ਇਨ੍ਹਾਂ ਧਮਕੀਆਂ ਤੋਂ ਡਰਨ ਨਾ। ਉਨ੍ਹਾਂ ਕਿਹਾ ਕਿ ਜੇਕਰ ਕੋਈ ਉਨ੍ਹਾਂ ਨੂੰ ਚੰਦੇ ਲਈ ਦਬਾਅ ਪਾਉਂਦਾ ਹੈ, ਤਾਂ ਉਹ ਤੁਰੰਤ ਪੰਜਾਬ ਸਰਕਾਰ ਨੂੰ ਸੂਚਿਤ ਕਰਨ, ਅਤੇ ਸਰਕਾਰ ਅਜਿਹੇ ਲੋਕਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰੇਗੀ। ਕੇਜਰੀਵਾਲ ਨੇ ਸਪੱਸ਼ਟ ਕਿਹਾ ਕਿ "ਇਹ ਪੰਜਾਬ ਹੈ, ਇੱਥੇ ਧਮਕੀਆਂ ਨਹੀਂ ਚੱਲਣਗੀਆਂ।"
ਦੂਜੇ ਪਾਸੇ, BJP ਦੇ ਸੂਬਾ ਬੁਲਾਰੇ ਪ੍ਰੀਤਪਾਲ ਸਿੰਘ ਬੱਲੀਏਵਾਲ ਨੇ ਕੇਜਰੀਵਾਲ ਦੇ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਵਪਾਰੀ ਹਮੇਸ਼ਾ ਉਸੇ ਪਾਰਟੀ ਨੂੰ ਚੰਦਾ ਦਿੰਦੇ ਹਨ, ਜਿਸ ਨੂੰ ਉਹ ਭਵਿੱਖ 'ਚ ਸੱਤਾ ਵਿੱਚ ਆਉਂਦੀ ਵੇਖਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ 60 ਕਰੋੜ ਦਾ ਚੰਦਾ ਸਾਫ਼ ਸੰਕੇਤ ਹੈ ਕਿ ਪੰਜਾਬ ਦਾ ਵਪਾਰੀ ਵਰਗ AAP ਦੀ ਮੌਜੂਦਾ ਸਰਕਾਰ ਤੋਂ ਉੱਚਾ ਚੁੱਕਾ ਹੈ।
ਬੱਲੀਏਵਾਲ ਨੇ ਤਿੱਖਾ ਪ੍ਰਹਾਰ ਕਰਦਿਆਂ ਕਿਹਾ ਕਿ ਜਿਸ ਪੰਜਾਬ ਵਿੱਚ ਹਰ ਰੋਜ਼ ਵਪਾਰੀਆਂ ਨਾਲ ਲੁੱਟਪਾਟ ਦੀਆਂ ਵਾਰਦਾਤਾਂ ਹੋ ਰਹੀਆਂ ਹਨ ਅਤੇ ਗੈਂਗਸਟਰ ਖੁੱਲ੍ਹੇਆਮ ਰੰਗਦਾਰੀ ਮੰਗ ਰਹੇ ਹਨ, ਉਥੇ AAP ਨੂੰ 70 ਰੁਪਏ ਵੀ ਨਹੀਂ ਮਿਲਣੇ ਚਾਹੀਦੇ ਸਨ। ਉਨ੍ਹਾਂ ਕਿਹਾ ਕਿ AAP ਤਾਂ ਕਾਂਗਰਸ ਨਾਲੋਂ ਵੀ ਮਾੜੀ ਸਾਬਤ ਹੋ ਰਹੀ ਹੈ, ਕਿਉਂਕਿ ਕਾਂਗਰਸ ਨੂੰ 3 ਕਰੋੜ ਰੁਪਏ ਮਿਲੇ ਹਨ।
BJP ਆਗੂ ਦਾ ਕਹਿਣਾ ਸੀ ਕਿ ਚੰਦੇ ਦੇ ਇਹ ਅੰਕੜੇ ਅਤੇ ਵਪਾਰੀਆਂ ਦਾ ਇਹ ਰੁਖ਼ ਇਹੀ ਦੱਸ ਰਿਹਾ ਹੈ ਕਿ ਪੰਜਾਬ 'ਚ AAP ਸਰਕਾਰ ਨੂੰ ਲੈ ਕੇ ਕਾਰੋਬਾਰੀ ਵਰਗ ਵਿੱਚ ਕੋਈ ਭਰੋਸਾ ਨਹੀਂ ਰਿਹਾ। ਉਨ੍ਹਾਂ ਇਸਨੂੰ ਸਰਕਾਰ ਦੇ ਜਾਣ ਦਾ ਸੰਕੇਤ ਕਰਾਰ ਦਿੱਤਾ ਅਤੇ ਕਿਹਾ ਕਿ ਵਪਾਰੀ ਹੁਣ ਆਪਣੀਆਂ ਉਮੀਦਾਂ BJP ਅਤੇ ਹੋਰ ਪਾਰਟੀਆਂ ਨਾਲ ਜੋੜ ਰਹੇ ਹਨ।