Courtesy: ai image
ਲੁਧਿਆਣਾ: ਪੰਜਾਬ 'ਚ ਵਿਧਾਨਸਭਾ ਚੋਣਾਂ ਬਹੁਤ ਨੇੜੇ ਹਨ। ਅਜਿਹੇ 'ਚ ਪੰਜਾਬ ਦੇ ਕਈ ਵਿਭਾਗਾਂ ਦੇ ਲੋਕ ਰੱਲ ਕੇ ਵਿਰੋਧ ਪ੍ਰਦਰਸ਼ਨਾਂ ਰਾਹੀਂ ਸਰਕਾਰ ਤੋਂ ਆਪਣੀਆਂ ਮੰਗਾਂ ਮਨਾਉਣ ਵਿੱਚ ਜੁੱਟੇ ਹੋਏ ਹਨ। ਇਸ ਵਿਚਾਲੇ ਪੰਜਾਬ ਦੇ ਲੋਕਾਂ ਲਈ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਸੂਬੇ ਦੇ ਲੋਕਾਂ ਨੂੰ ਇੱਕ ਵਾਰ ਫੇਰ ਤੋਂ ਸਫ਼ਰ ਕਰਦੇ ਸਮੇਂ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪੰਜਾਬ ਰੋਡਵੇਜ਼ ਤੇ ਪੀਆਰਟੀਸੀ ਠੇਕਾ ਮੁਲਾਜ਼ਮਾਂ ਵੱਲੋਂ ਤਿੰਨ ਦਿਨਾਂ ਦੀ ਹੜਤਾਲ ਕਰਨ ਦਾ ਐਲਾਨ ਕੀਤਾ ਗਿਆ ਹੈ।
ਮੁਲਾਜ਼ਮਾਂ ਨੂੰ ਨਹੀਂ ਕੀਤਾ ਪੱਕਾ
ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਤੇ ਸੂਬਾ ਸੰਸਥਾਪਕ ਕਮਲ ਕੁਮਾਰ ਨੇ ਕਿਹਾ ਕਿ ਸਰਕਾਰ ਬਣੀ ਨੂੰ ਚਾਰ ਤੋਂ ਵੱਧ ਸਾਲ ਸਮਾਂ ਹੋ ਚੁੱਕਿਆ ਹੈ, ਪਰ ਮੁਲਾਜ਼ਮ ਭਾਗਾਂ ਵਿੱਚ ਪੱਕੇ ਨਹੀਂ ਕੀਤਾ ਗਿਆ ਅਤੇ ਨਾ ਹੀ ਵਿਭਾਗ ਦੀ ਮਾਲਕੀ ਸਰਕਾਰੀ ਬੱਸ ਨਹੀਂ ਪਾਈ ਗਈ।
ਵਾਅਦੇ ਨਹੀ ਕੀਤੇ ਗਏ ਪੂਰੇ
ਉਨ੍ਹਾਂ ਨੇ ਕਿਹਾ ਕਿ ਸਰਕਾਰ ਆਪਣੇ ਚਹੇਤਿਆਂ ਨੂੰ ਲਾਭ ਦੇਣ ਲਈ ਕਿਲੋਮੀਟਰ ਸਕੀਮਾਂ ਦੇ ਤਹਿਤ ਬੱਸਾਂ ਪਾ ਰਹੀ ਹੈ ਤੇ ਸਾਡੇ ਕੁਝ ਸਾਥੀ ਨਜਾਇਜ਼ ਜੇਲਾਂ ਦੇ ਵਿੱਚ ਬੰਦ ਕੀਤੇ ਹੋਏ ਨੇ। ਸਰਕਾਰ ਮੁਲਾਜ਼ਮਾਂ ਨੂੰ ਪੱਕਾ ਕਰਨ ਅਤੇ ਉਨ੍ਹਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਬਜਾਏ ਉਲਟਾ ਮੁਲਾਜ਼ਮਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਪ੍ਰਧਾਨ ਨੇ ਕਿਹਾ ਕਿ 22 ਜੂਨ ਤੋਂ ਹੜਤਾਲ ਰੱਖੀ ਗਈ ਸੀ ਪਰ ਅਚਾਨਕ ਨੀਟ ਦਾ ਪੇਪਰ ਦੀ ਤਰੀਕ ਆਉਣ ਤੇ ਸਰਕਾਰ ਵੱਲੋਂ ਪ੍ਰੀਖਿਆ ਵਿਭਾਗ ਵਿੱਚ ਭਾਗ ਲੈਣ ਵਿਦਿਆਰਥੀਆਂ ਨੂੰ ਫ੍ਰੀ ਸਫ਼ਰ ਪ੍ਰਦਾਨ ਕਰਨ ਦਾ ਫੈਸਲਾ ਲਿਆ ਗਿਆ ਸੀ, ਜਿਸ ਨੂੰ ਮੁੱਖ ਰੱਖਦੇ ਹੋਏ ਜਥੇਬੰਦੀ ਵੱਲੋਂ ਦੋ ਦਿਨਾਂ ਨੂੰ ਹੜਤਾਲ ਪਿੱਛੇ ਕੀਤਾ ਗਿਆ।
ਤਿੰਨ ਦਿਨ ਮੁਕੰਮਲ ਤੌਰ ’ਤੇ ਹੜਤਾਲ ਦਾ ਐਲਾਨ
ਹੁਣ ਪਨਬਸ ਤੇ ਪੀਆਰਟੀਸੀ ਵੱਲੋਂ 24,25,26 ਜੂਨ ਨੂੰ ਮੁਕੰਮਲ ਤੌਰ ’ਤੇ ਹੜਤਾਲ ਦਾ ਐਲਾਨ ਕੀਤਾ ਗਿਆ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਿਹਾਇਸ਼ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ।