ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਫਰੀਦਕੋਟ ਤੇ ਮੋਗਾ ਦਾ ਕੀਤਾ ਦੌਰਾ, ਸਾਈਬਰ ਕ੍ਰਾਇਮ ਥਾਣੇ ਦਾ ਉਦਘਾਟਨ

ਅਤਿ-ਆਧੁਨਿਕ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ, ਹਾਈ-ਟੈਕ ਉਪਕਰਨਾਂ ਨਾਲ ਲੈਸ ਕਾਨਫਰੰਸ ਹਾਲ ਅਤੇ 250 ਵਿਅਕਤੀਆਂ ਦੇ ਬੈਠਣ ਦੀ ਸਮਰੱਥਾ ਵਾਲਾ ਇੱਕ ਬ੍ਰੀਫਿੰਗ ਹਾਲ ਸ਼ਾਮਲ ਹੈ, ਜਦੋਂ ਕਿ ਮੋਗਾ ਜ਼ਿਲ੍ਹੇ ਵਿੱਚ ਭਵਿੱਖਮੁਖੀ ਸਮਾਰਟ ਪੁਲਿਸ ਕੰਟਰੋਲ ਰੂਮ ਦਾ ਉਦਘਾਟਨ ਕੀਤਾ ਗਿਆ ਹੈ।

Courtesy: ਡੀਜੀਪੀ ਨੇ ਸਾਈਬਰ ਕ੍ਰਾਇਮ ਥਾਣੇ ਦਾ ਉਦਘਾਟਨ ਕੀਤਾ

Share:

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਜ਼ਬੂਤ ਪੁਲਿਸ ਬੁਨਿਆਦੀ ਢਾਂਚੇ ਨੂੰ ਵਿਕਸਤ ਕਰਨ ਲਈ, ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਸੂਬੇ ਵਿੱਚ ਚੱਲ ਰਹੀ ਨਸ਼ਾ ਵਿਰੋਧੀ 'ਯੁੱਧ ਨਸ਼ਿਆ ਵਿਰੁੱਧ' ਮੁਹਿੰਮ ਦੀ ਸਮੀਖਿਆ ਕਰਨ ਲਈ ਅੱਜ ਫਰੀਦਕੋਟ ਅਤੇ ਮੋਗਾ ਦਾ ਦੌਰਾ ਕੀਤਾ ਅਤੇ ਇਸ ਦੌਰਾਨ ਦੋਵਾਂ ਜ਼ਿਲ੍ਹਿਆਂ ਵਿੱਚ ਕਈ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ। ਡੀਜੀਪੀ ਨੇ ਫਰੀਦਕੋਟ ਵਿੱਚ ਤਿੰਨ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਹੈ ਜਿਸ ਵਿੱਚ ਅਤਿ-ਆਧੁਨਿਕ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ, ਹਾਈ-ਟੈਕ ਉਪਕਰਨਾਂ ਨਾਲ ਲੈਸ ਕਾਨਫਰੰਸ ਹਾਲ ਅਤੇ 250 ਵਿਅਕਤੀਆਂ ਦੇ ਬੈਠਣ ਦੀ ਸਮਰੱਥਾ ਵਾਲਾ ਇੱਕ ਬ੍ਰੀਫਿੰਗ ਹਾਲ ਸ਼ਾਮਲ ਹੈ, ਜਦੋਂ ਕਿ ਮੋਗਾ ਜ਼ਿਲ੍ਹੇ ਵਿੱਚ ਭਵਿੱਖਮੁਖੀ ਸਮਾਰਟ ਪੁਲਿਸ ਕੰਟਰੋਲ ਰੂਮ ਦਾ ਉਦਘਾਟਨ ਕੀਤਾ ਗਿਆ ਹੈ। ਇਸ ਮੌਕੇ ਡੀਜੀਪੀ ਦੇ ਨਾਲ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ (ਡੀਆਈਜੀ) ਫਰੀਦਕੋਟ ਰੇਂਜ ਅਸ਼ਵਨੀ ਕਪੂਰ ਵੀ ਮੌਜੂਦ ਸਨ।

ਸਾਈਬਰ ਕ੍ਰਾਇਮ ਨੂੰ ਰੋਕਣ ਦੀ ਰਣਨੀਤੀ 

ਫਰੀਦਕੋਟ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਉੱਨਤ ਡਿਜੀਟਲ ਫੋਰੈਂਸਿਕ ਉਪਕਰਨਾਂ ਨਾਲ ਲੈਸ ਇਸ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਨੂੰ ਆਨਲਾਈਨ ਵਿੱਤੀ ਧੋਖਾਧੜੀ, ਪਛਾਣ ਚੋਰੀ (ਆਈਡੈਂਟਿਟੀ ਥੈਪਟ) ਅਤੇ ਸਾਈਬਰ ਧੋਖਾਧੜੀ ਨਾਲ ਨਜਿੱਠਣ ਲਈ ਸਥਾਪਿਤ ਕੀਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਫਰੀਦਕੋਟ ਪੁਲਿਸ ਵੱਲੋਂ ਪਹਿਲਾਂ ਹੀ 260 ਗੁਆਚੇ ਮੋਬਾਈਲ ਫੋਨ ਮਾਲਕਾਂ ਨੂੰ ਵਾਪਸ ਕੀਤੇ ਗਏ ਹਨ ਅਤੇ ਸਾਈਬਰ ਧੋਖਾਧੜੀ ਪੀੜਤਾਂ ਨੂੰ 90 ਲੱਖ ਰੁਪਏ ਵਾਪਸ ਕਰ ਚੁੱਕੀ ਹੈ।

ਵੱਡੇ ਖਾਣੇ ਦਾ ਪ੍ਰਬੰਧ ਕਰਕੇ ਵਿਚਾਰ ਵਟਾਂਦਰਾ 

ਫਰੀਦਕੋਟ ਪੁਲਿਸ ਵੱਲੋਂ ਆਯੋਜਿਤ 'ਵੱਡਾ ਖਾਣਾ' (ਦੁਪਹਿਰ ਦਾ ਖਾਣਾ) ਦੌਰਾਨ ਡੀਜੀਪੀ ਸ਼ਾਮਲ ਹੋਏ, ਜਿੱਥੇ ਸਾਰੇ ਰੈਂਕਾਂ ਦੇ ਅਧਿਕਾਰੀਆਂ ਨੂੰ ਪੁਲਿਸ ਬਲ ਦੇ ਮੁਖੀ ਨਾਲ ਗੱਲਬਾਤ ਕਰਨ ਅਤੇ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲਿਆ, ਜਿਸ ਨਾਲ ਖੇਤਰ ਵਿੱਚ ਪ੍ਰਭਾਵਸ਼ਾਲੀ ਟੀਮ ਵਰਕ ਲਈ ਲੋੜੀਂਦੇ ਸਬੰਧ ਮਜ਼ਬੂਤ ਹੋਏ। ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐਸਐਸਪੀ) ਫਰੀਕੋਟ ਡਾ. ਪ੍ਰਗਿਆ ਜੈਨ ਨੇ ਡੀਜੀਪੀ ਨੂੰ ਦੱਸਿਆ ਕਿ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਫਰੀਦਕੋਟ ਪੁਲਿਸ ਨੇ 150 ਐਫਆਈਆਰ ਦਰਜ ਕਰਕੇ 300 ਤੋਂ ਵੱਧ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ 4.7 ਕਿਲੋ ਹੈਰੋਇਨ, 3 ਕਿਲੋ ਅਫੀਮ, 130 ਕਿਲੋ ਭੁੱਕੀ, 3.83 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਐਨਡੀਪੀਐਸ ਦੀ ਧਾਰਾ 68 ਐਫ ਅਧੀਨ 5 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਫਰੀਜ਼ ਕੀਤੀ ਗਈ ਹੈ ਜਿਸ ਨਾਲ ਜ਼ਿਲ੍ਹਾ ਫਰੀਦਕੋਟ ਵਿੱਚ ਡਰੱਗ ਨੈੱਟਵਰਕ ਨੂੰ ਵੱਡਾ ਝਟਕਾ ਲੱਗਿਆ ਹੈ।

ਮੋਗਾ ਵਿਖੇ ਖੋਲ੍ਹਿਆ ਸਮਾਰਟ ਪੁਲਿਸ ਕੰਟਰੋਲ ਰੂਮ 

ਮੋਗਾ ਵਿੱਚ, ਡੀਜੀਪੀ ਗੌਰਵ ਯਾਦਵ ਨੇ ਸਮਾਰਟ ਪੁਲਿਸ ਕੰਟਰੋਲ ਰੂਮ ਦਾ ਉਦਘਾਟਨ ਕਰਦਿਆਂ ਕਿਹਾ ਕਿ ਇਹ ਸਹੂਲਤ ਅਤਿ-ਆਧੁਨਿਕ ਨਿਗਰਾਨ ਪ੍ਰਣਾਲੀਆਂ ਅਤੇ ਉੱਨਤ ਨਿਗਰਾਨ ਤਕਨਾਲੋਜੀਆਂ ਨਾਲ ਲੈਸ ਹੈ, ਜੋ ਅਪਰਾਧ ਰੋਕਥਾਮ  ਵਿੱਚ ਵਾਧਾ ਕਰੇਗੀ, ਸ਼ੱਕੀ ਗਤੀਵਿਧੀਆਂ ਦੀ ਨਿਗਰਾਨੀ ਕਰੇਗੀ ਅਤੇ ਅਪਰਾਧਿਕ ਤੱਤਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲੱਭਣ ਵਿੱਚ ਸਹਾਇਤਾ ਕਰੇਗੀ। ਉਨ੍ਹਾਂ ਕਿਹਾ ਕਿ ਮੋਗਾ ਪੁਲਿਸ ਵੱਲੋਂ ਮੋਗਾ ਸ਼ਹਿਰ, ਬਾਘਾਪੁਰਾਣਾ ਅਤੇ ਧਰਮਕੋਟ ਵਿੱਚ 140 ਨਿਗਰਾਨੀ ਕੈਮਰੇ - ਜਿਨ੍ਹਾਂ ਵਿੱਚ 107 ਬੁਲੇਟ ਕੈਮਰੇ ਅਤੇ 33 ਆਟੋਮੈਟਿਕ ਨੰਬਰ ਪਲੇਟ ਪਛਾਣ ਕਰਨ ਕੈਮਰੇ ਸ਼ਾਮਲ ਹਨ - ਲਗਾਏ ਗਏ ਹਨ। ਇਹ ਕੈਮਰੇ  ਏ.ਆਈ.-ਸਮਰੱਥ ਹਨ, ਜੋ ਅੰਤਰ-ਜ਼ਿਲ੍ਹਾ ਚੌਕੀਆਂ ਦੀ ਵੀ ਨਿਗਰਾਨੀ ਕਰਨਗੇ। ਉਨ੍ਹਾਂ ਨੇ ਨਿਹਾਲ ਸਿੰਘ ਵਾਲਾ, ਬਾਘਾਪੁਰਾਣਾ ਅਤੇ ਧਰਮਕੋਟ ਸਬ-ਡਵੀਜ਼ਨਾਂ ਵਿੱਚ 100 ਹੋਰ ਸੀਸੀਟੀਵੀ ਕੈਮਰੇ ਲਗਾਉਣ ਦਾ ਵੀ ਐਲਾਨ ਕੀਤਾ।

 

ਇਹ ਵੀ ਪੜ੍ਹੋ