menu-icon
Punjabi Story Line
  • Home
  • News
  • Punjab
  • ਪੰਜਾਬ SC ਕਮਿਸ਼ਨ ਦੀ ਕਾਲਜ ਖਿਲਾਫ ਸਖ਼ਤੀ, ਵਿਦਿਆਰਥੀ ਦੇ ਪਿਤਾ ਖਿਲਾਫ ਚੈੱਕ ਬਾਊਂਸ ਕੇਸ ਲਾਉਣ ਦਾ ਨੋਟਿਸ, ਪਿੱਛੇ ਹਟਿਆ ਕਾਲਜ ਪ੍ਰਬੰਧਨ

ਪੰਜਾਬ SC ਕਮਿਸ਼ਨ ਦੀ ਕਾਲਜ ਖਿਲਾਫ ਸਖ਼ਤੀ, ਵਿਦਿਆਰਥੀ ਦੇ ਪਿਤਾ ਖਿਲਾਫ ਚੈੱਕ ਬਾਊਂਸ ਕੇਸ ਲਾਉਣ ਦਾ ਨੋਟਿਸ, ਪਿੱਛੇ ਹਟਿਆ ਕਾਲਜ ਪ੍ਰਬੰਧਨ

ਕਾਲਜ ਪ੍ਰਬੰਧਕਾਂ ਵੱਲੋਂ ਉਸ ਨੂੰ ਚੌਥੇ ਸਮੈਸਟਰ ਵਿੱਚ ਗ਼ੈਰ-ਹਾਜਰ ਹੋਣ ਸੰਬੰਧੀ ਕੋਈ ਨੋਟਿਸ ਨਹੀਂ ਦਿੱਤਾ ਗਿਆ, ਪਰੰਤੂ ਫਿਰ ਵੀ ਕਾਲਜ਼ ਪ੍ਰਬੰਧਕ ਰਮਨਜੀਤ ਸਿੰਘ ਤੋਂ 2018 ਤੱਕ (ਭਾਵ 8ਵੇਂ ਸਮੈਸਟਰ ਤੱਕ) ਫੀਸ ਭਰਵਾਉਂਦੇ ਰਹੇ। ਉਸ ਤੋਂ ਬਾਅਦ ਰਮਨਜੀਤ ਸਿੰਘ 2022 ਵਿੱਚ ਆਪਣੇ ਦਸਤਾਵੇਜ਼ ਲੈਣ ਲਈ ਕਈ ਵਾਰ ਕਾਲਜ ਗਿਆ ਪ੍ਰੰਤੂ ਉਸ ਨੂੰ ਦਸਤਾਵੇਜ਼ ਨਹੀਂ ਦਿੱਤੇ ਗਏ।

Date Updated Last Updated : 03 April 2025, 06:26 PM IST
Share:

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਸ.ਜਸਵੀਰ ਸਿੰਘ ਗੜ੍ਹੀ ਦੇ ਦਖਲ ਨਾਲ ਕਾਲਜ ਪ੍ਰਬੰਧਕਾਂ ਨੇ ਵਿਦਿਆਰਥੀ ਦੇ ਪਿਤਾ ਖ਼ਿਲਾਫ਼ ਦਾਇਰ ਚੈੱਕ ਬਾਉਂਸ ਦਾ ਮਾਮਲਾ ਵਾਪਸ ਲੈ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਸਵੀਰ ਸਿੰਘ ਗੜ੍ਹੀ ਨੇ ਦੱਸਿਆ ਕਿ ਧੂਰੀ ਦੇ ਜਨਤਾ ਨਗਰ ਵਾਸੀ ਰਮਨਜੀਤ ਸਿੰਘ ਸਪੁੱਤਰ ਬਲਵਿੰਦਰ ਕੁਮਾਰ ਨੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਕੋਲ ਲਿਖਤੀ ਸ਼ਿਕਾਇਤ 25 ਮਾਰਚ 2025 ਨੂੰ ਕੀਤੀ ਸੀ ਕਿ ਉਸਨੇ ਗੁਰੂਕੁਲ ਵਿਦਿਆ ਪੀਠ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਆਫ਼ ਟੈਕਨਾਲਾਜੀ ਬਨੂੰੜ ਵਿੱਚ ਬੀ.ਟੈਕ. ਸਿਵਲ ਇੰਜੀਨੀਅਰਿੰਗ ਵਿੱਚ ਦਾਖਲਾ ਲਿਆ ਸੀ,  ਜਿੱਥੇ ਉਹ ਤੀਜੇ ਸਮੈਸਟਰ ਤੱਕ ਰੈਗੂਲਰ ਰਿਹਾ, ਪਰੰਤੂ ਆਪਣੇ ਪਿਤਾ ਦੇ ਆਪਰੇਸ਼ਨ ਕਾਰਨ, ਚੌਥੇ ਸਮੈਸਟਰ ਦੇ ਰੈਗੂਲਰ ਇਮਤਿਹਾਨ ਨਹੀਂ ਦੇ ਪਾਇਆ।

ਧਮਕੀਆਂ ਦੇਣ ਦਾ ਇਲਜ਼ਾਮ 

ਕਾਲਜ ਪ੍ਰਬੰਧਕਾਂ ਵੱਲੋਂ ਉਸ ਨੂੰ ਚੌਥੇ ਸਮੈਸਟਰ ਵਿੱਚ ਗ਼ੈਰ-ਹਾਜਰ ਹੋਣ ਸੰਬੰਧੀ ਕੋਈ ਨੋਟਿਸ ਨਹੀਂ ਦਿੱਤਾ ਗਿਆ, ਪਰੰਤੂ ਫਿਰ ਵੀ ਕਾਲਜ਼ ਪ੍ਰਬੰਧਕ ਰਮਨਜੀਤ ਸਿੰਘ ਤੋਂ 2018 ਤੱਕ (ਭਾਵ 8ਵੇਂ ਸਮੈਸਟਰ ਤੱਕ) ਫੀਸ ਭਰਵਾਉਂਦੇ ਰਹੇ। ਉਸ ਤੋਂ ਬਾਅਦ ਰਮਨਜੀਤ ਸਿੰਘ 2022 ਵਿੱਚ ਆਪਣੇ ਦਸਤਾਵੇਜ਼ ਲੈਣ ਲਈ ਕਈ ਵਾਰ ਕਾਲਜ ਗਿਆ ਪ੍ਰੰਤੂ ਉਸ ਨੂੰ ਦਸਤਾਵੇਜ਼ ਨਹੀਂ ਦਿੱਤੇ ਗਏ। ਜਦੋਂ  ਉਹ ਆਪਣੇ ਦਸਤਾਵੇਜ਼ ਲੈਣ ਲਈ ਗੁਰੂਕੂਲ ਦੇ ਡਾਇਰੈਕਟਰ ਮਨਮੋਹਨ ਗਰਗ ਨੂੰ  ਮਿਲਿਆ ਤਾਂ ਉਸ ਨੇ  ਰਮਨਜੀਤ ਨੂੰ ਅਪਮਾਨਜਨਕ ਸ਼ਬਦ ਬੋਲੇ ਅਤੇ ਨਤੀਜੇ ਭੁਗਤਣ ਦੀਆਂ ਧਮਕੀਆਂ ਦਿੱਤੀਆਂ।

ਵਿਦਿਆਰਥੀ ਦਾ ਭਵਿੱਖ ਸੁਰੱਖਿਅਤ ਕੀਤਾ 

ਇਸ ਉਪਰੰਤ ਕਾਲਜ ਪ੍ਰਬੰਧਕਾਂ ਨੇ ਰਮਨਜੀਤ ਦੇ ਪਿਤਾ ਵਲੋਂ  ਗਰੰਟੀ ਵਜੋਂ ਦਿੱਤੇ ਚੈੱਕ ਨੂੰ ਵਰਤ ਕੇ ਚੈੱਕ ਬਾਉਂਸ ਦਾ ਮਾਮਲਾ ਕੋਰਟ ਵਿੱਚ ਕਰ ਦਿੱਤਾ ਗਿਆ। ਕੋਰਟ ਕਾਰਵਾਈ ਚਲ ਪਈ, ਜਿਸਦੀ ਫੈਂਸਲੇ ਦੇ ਲੱਗਭੱਗ ਤਰੀਕ 2ਅਪ੍ਰੈਲ 2025 ਸੀ। ਇਸ ਸਬੰਧੀ ਰਮਨਜੀਤ ਸਿੰਘ ਵਲੋਂ ਕਮਿਸ਼ਨ ਨੂੰ  ਇਨਸਾਫ਼ ਦੁਆਉਣ ਦੀ ਮੰਗ ਕੀਤੀ ਸੀ।ਜਿਸ ਸਬੰਧੀ ਕਾਰਵਾਈ ਕਰਦਿਆਂ ਕਮਿਸ਼ਨ ਵਲੋਂ ਕਾਲਜ ਪ੍ਰਬੰਧਕਾਂ ਨੂੰ 1ਅਪ੍ਰੈਲ 2025 ਨੂੰ ਤਲਬ ਕੀਤਾ ਗਿਆ ਸੀ ਅਤੇ ਉਨ੍ਹਾਂ ਨੂੰ ਰਮਨਜੀਤ ਸਿੰਘ ਦੇ ਪਿਤਾ ਵਿਰੁੱਧ ਕੀਤੇ ਗਏ ਚੈੱਕ ਬਾਉਂਸ ਦੇ ਮਾਮਲੇ ਨੂੰ ਵਾਪਸ ਲੈਣ ਦੇ ਹੁਕਮ ਦਿੱਤੇ ਗਏ ਸਨ। ਜਿਸ  ਤੋਂ ਬਾਅਦ ਕਾਲਜ਼ ਪ੍ਰਬੰਧਕਾਂ ਨੇ ਅੱਜ ਕੋਰਟ ਵਿੱਚ ਲਿਖਤੀ ਬੇਨਤੀ ਦੇ ਕੇ ਇਹ ਕੇਸ ਵਾਪਸ ਲੈ ਲਿਆ, ਜਿਸ ਨਾਲ ਕਿ ਅਨੁਸੂਚਿਤ ਜਾਤੀ ਪਰਿਵਾਰ ਦਾ ਅਤੇ ਵਿਦਿਆਰਥੀ ਦਾ ਭਵਿੱਖ ਸੁਰੱਖਿਅਤ ਹੋ ਗਿਆ।

Recent News