CANADA VISA ਵਿਦੇਸ਼ ਜਾਣ ਦੀ ਸਨਕ ਵਿੱਚ ਦਿੱਤੀ ਜਾਨ

ਮ੍ਰਿਤਕ ਸਿਮਰਨਜੀਤ ਪੁੱਤਰ ਲਖਵਿੰਦਰ ਸਿੰਘ ਨਿਵਾਸੀ ਗੁਰਦਾਸਪੁਰ ਦਾ ਵੀਜਾ ਦੋ ਵਾਰ ਰਿਫਿਊਜ ਹੋਇਆ ਸੀ। ਉਹ ਬੀਤੀ ਰਾਤ ਮੋਹਾਲੀ ਵਿੱਚ ਆਪਣੇ ਇਕ ਦੋਸਤ ਦੇ ਘਰ ਆਇਆ ਸੀ। ਤੜਕੇ ਸਵੇਰੇ ਪੌਣੇ ਪੰਜ ਵਜੇ ਉਸ ਨੇ ਬਾਲਕੋਨੀ ’ਚੋਂ ਛਾਲ ਮਾਰ ਦਿੱਤੀ।

Share:

ਹਾਈਲਾਈਟਸ

  • ਫਿਲਹਾਲ ਪੁਲਿਸ ਨੇ ਲਾਸ਼ ਸਿਵਲ ਹਸਪਤਾਲ ਖਰੜ ਦੀ ਮੌਰਚਰੀ ’ਚ ਰਖਵਾ ਦਿੱਤੀ ਹੈ

ਪੰਜਾਬੀ ਨੌਜਵਾਨਾਂ ਵਿੱਚ ਵਿਦੇਸ਼ ਜਾਣ ਦਾ ਕ੍ਰੇਜ਼ ਇੰਨਾ ਵੱਧ ਗਿਆ ਹੈ ਕਿ ਉਹ ਇਸ ਲਈ ਕੁੱਝ ਵੀ ਕਰਨ ਨੂੰ ਤਿਆਰ ਹੋ ਜਾਂਦੇ ਹਨ। ਜਿਹੜੇ ਨੌਜਵਾਨਾਂ ਦਾ ਵਿਦੇਸ਼ ਜਾਣ ਦਾ ਸੁਪਨਾ ਕਿਸੇ ਕਾਰਨ ਪੂਰਾ ਨਹੀਂ ਹੋ ਪਾਉਂਦਾ, ਉਹ ਕਈ ਵਾਰ ਅਜਿਹੇ ਕਦਮ ਉੱਠਾ ਲੈਂਦੇ ਹਨ, ਜੋ ਉਨ੍ਹਾਂ ਦੇ ਪਰਿਵਾਰਾਂ ਨੂੰ ਹਮੇਸ਼ਾ ਲਈ ਦੁੱਖ ਦੇ ਜਾਂਦੇ ਹਨ। ਇਹੋ ਜਿਹਾ ਹੀ ਇੱਕ ਮਾਮਲਾ ਮੋਹਾਲੀ ਤੋਂ ਸਾਹਮਣੇ ਆਇਆ ਹੈ, ਜਿੱਥੇ ਕੈਨੇਡਾ ਦਾ ਵੀਜ਼ਾ ਦੋ ਵਾਰ ਰਿਫਿਊਜ ਹੋਣ ਤੋਂ ਬਾਦ ਨੌਜਵਾਨ ਨੇ ਖਰੜ-ਲਾਂਡਰਾਂ ਰੋਡ ਸੈਕਟਰ-115 ਵਿਖੇ ਸਥਿਤ ਸਕਾਈਲਾਰਕ ਸੋਸਾਇਟੀ ਦੇ ਫਲੈਟ ਦੀ ਚੌਥੀ ਮੰਜ਼ਿਲ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਹਿਚਾਣ ਸਿਮਰਨਜੀਤ ਪੁੱਤਰ ਲਖਵਿੰਦਰ ਸਿੰਘ ਨਿਵਾਸੀ ਗੁਰਦਾਸਪੁਰ ਵਜੋਂ ਹੋਈ ਹੈ। 

ਮਾਨਸਿਕ ਤੌਰ ’ਤੇ ਸੀ ਪਰੇਸ਼ਾਨ

ਨੌਜਵਾਨ ਵੀਜ਼ਾ ਰਿਫਿਊਜ ਹੋਣ ਕਾਰਨ ਕਾਫੀ ਦਿਨਾਂ ਤੋਂ ਪਰੇਸ਼ਾਨ ਸੀ। ਉਹ ਬੀਤੀ ਰਾਤ ਸੋਸਾਇਟੀ ਵਿੱਚ ਆਪਣੇ ਇਕ ਦੋਸਤ ਕੋਲ ਆਇਆ ਸੀ ਫਿਰ ਤੜਕੇ ਸਵੇਰੇ ਪੌਣੇ ਪੰਜ ਵਜੇ ਉਸ ਨੇ ਫਲੈਟ ਦੇ ਬਾਹਰ ਬਾਲਕੋਨੀ ’ਚੋਂ ਛਾਲ ਮਾਰ ਦਿੱਤੀ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਵਾਲੀ ਥਾਂ ਤੋਂ ਖ਼ੁਦਕੁਸ਼ੀ ਨੋਟ ਜਾਂ ਕੋਈ ਵੀ ਹੋਰ ਸੁਰਾਗ ਪੁਲਿਸ ਦੇ ਹੱਥ ਨਹੀਂ ਲੱਗਾ ਹੈ, ਜਿਸ ਤੋਂ ਘਟਨਾ ਦਾ ਕਾਰਨਾਂ ਦਾ ਪਤਾ ਲੱਗ ਸਕੇ। 

ਦੋਸਤ ਨੇ ਦਿੱਤੀ ਪੁਲਿਸ ਨੂੰ ਸੂਚਨਾ 

ਫਲੈਟ ’ਚ ਰਹਿ ਰਹੇ ਮ੍ਰਿਤਕ ਸਿਮਰਨਜੀਤ ਸਿੰਘ ਦੇ ਦੋਸਤ ਪਰਮਵੀਰ ਸਿੰਘ ਨੇ ਦੱਸਿਆ ਕਿ ਮੰਗਲਵਾਰ ਉਸ ਨੂੰ ਸਿਮਰਨ ਦਾ ਫੋਨ ਆਇਆ ਸੀ ਕਿ ਉਹ ਉਸ ਕੋਲ ਆ ਰਿਹਾ ਹੈ। ਰਾਤੀਂ 10 ਵਜੇ ਸਿਮਰਨਜੀਤ ਸਿੰਘ ਦੇ ਕਹਿਣ ਤੇ ਉਹ ਉਸ ਨੂੰ ਮੋਹਾਲੀ ਰੇਲਵੇ ਸਟੇਸ਼ਨ ਨੇੜਿਓਂ ਆਪਣੇ ਨਾਲ ਘਰ ਲੈ ਕੇ ਆਇਆ ਤੇ ਜਦੋਂ ਉਹ ਸੌਂ ਗਿਆ ਤਾਂ ਸਿਮਰਨਜੀਤ ਨੇ ਉਸ ਨੂੰ ਆਵਾਜ਼ ਮਾਰ ਕੇ ਕਿਹਾ ਕਿ, ‘ਪਰਮ-ਪਰਮ ਮੈਂ ਚੱਲਿਆਂ’। ਜਦੋਂ ਉਸ ਨੇ ਬਾਹਰ ਨਿਕਲ ਕੇ ਦੇਖਿਆ ਤਾਂ ਉਹ ਬਾਲਕੋਨੀ ਤੋਂ ਥੱਲੇ ਲਹੂ-ਲੁਹਾਨ ਹਾਲਤ ਵਿਚ ਪਿਆ ਸੀ। ਉਸ ਨੇ ਇਸ ਦੀ ਸੂਚਨਾ ਤੁਰੰਤ ਪੁਲਿਸ ਕੰਟਰੋਲ ਰੂਮ ’ਤੇ ਦਿੱਤੀ। ਫਿਲਹਾਲ ਪੁਲਿਸ ਨੇ ਲਾਸ਼ ਸਿਵਲ ਹਸਪਤਾਲ ਖਰੜ ਦੀ ਮੌਰਚਰੀ ’ਚ ਰਖਵਾ ਦਿਤੀ ਹੈ ਅਤੇ ਮ੍ਰਿਤਕ ਦੇ ਵਾਰਸਾਂ ਨੂੰ ਸੂਚਿਤ ਕਰ ਦਿਤਾ ਗਿਆ ਹੈ। 

ਇਹ ਵੀ ਪੜ੍ਹੋ