menu-icon
Punjabi Story Line
  • Home
  • News
  • Punjab
  • ਦੁਬਈ 'ਚ ਪੰਜਾਬੀ ਨੌਜਵਾਨ ਦੀ ਮੌਤ, ਸੜਕ ਹਾਦਸੇ ਨੇ ਲਈ ਜਾਨ 

ਦੁਬਈ 'ਚ ਪੰਜਾਬੀ ਨੌਜਵਾਨ ਦੀ ਮੌਤ, ਸੜਕ ਹਾਦਸੇ ਨੇ ਲਈ ਜਾਨ 

ਗੁਰਪ੍ਰੀਤ ਸਿੰਘ ਰੋਜ਼ੀ ਰੋਟੀ ਕਮਾਉਣ ਅਤੇ ਸੁਨਹਿਰੀ ਭਵਿੱਖ ਲਈ ਤਕਰੀਬਨ 9 ਸਾਲ ਪਹਿਲਾਂ ਦੁਬਈ ਵਿਖੇ ਗਿਆ ਸੀ ਅਤੇ ਉਹ ਉਥੇ ਕੰਪਨੀਆਂ ਵਿੱਚ ਟੈਕਸੀ ਰਾਹੀਂ ਪਾਰਸਲ (ਟਿਫ਼ਨ) ਪਹੁੰਚਾਉਣ ਦਾ ਕੰਮ ਕਰਦਾ ਸੀ।

Date Updated Last Updated : 27 February 2025, 02:44 PM IST
Share:

ਜ਼ਿਲ੍ਹਾ ਕਪੂਰਥਲਾ ਦੇ ਬਲਾਕ ਸੁਲਤਾਨਪੁਰ ਲੋਧੀ ਦੇ ਪਿੰਡ ਡਡਵਿੰਡੀ ਦੇ ਇੱਕ ਨੌਜਵਾਨ ਦੀ ਦੁਬਈ ਵਿਖੇ ਸੜਕ ਹਾਦਸੇ 'ਚ ਮੌਤ ਹੋ ਜਾਣ ਦੀ ਦੁਖ਼ਦਾਈ ਖ਼ਬਰ ਸਾਹਮਣੇ ਆਈ ਹੈ। ਇਹ ਨੌਜਵਾਨ ਰੁਜ਼ਗਾਰ ਲਈ ਦੁਬਈ ਗਿਆ ਸੀ ਤੇ ਆਪਣੇ ਪਰਿਵਾਰ ਦੀ ਆਰਥਿਕ ਹਾਲਤ ਸੁਧਾਰਨ ਵਾਸਤੇ ਵਿਦੇਸ਼ੀ ਧਰਤੀ 'ਤੇ ਮਿਹਨਤ ਕਰ ਰਿਹਾ ਸੀ। ਇਸੇ ਦਰਮਿਆਨ ਪਰਿਵਾਰ ਨੂੰ ਉਸਦੀ ਬੇਵਕਤੀ ਮੌਤ ਦੀ ਖ਼ਬਰ ਮਿਲੀ। ਜਿਸ ਨਾਲ ਪਰਿਵਾਰ ਉਪਰ ਦੁੱਖਾਂ ਦਾ ਪਹਾੜ ਟੁੱਟ ਪਿਆ ਤੇ ਇਸ ਮੌਤ ਦੀ ਖ਼ਬਰ ਨਾਲ ਪੂਰੇ ਇਲਾਕੇ ਅੰਦਰ ਸੋਗ ਦੀ ਲਹਿਰ ਦੌੜ ਗਈ। 

9 ਸਾਲ ਪਹਿਲਾਂ ਗਿਆ ਸੀ ਦੁਬਈ 

ਮ੍ਰਿਤਕ ਗੁਰਪ੍ਰੀਤ ਸਿੰਘ ਦੇ ਪਿਤਾ ਜਸਵਿੰਦਰ ਲਾਲ ਨੇ ਦੱਸਿਆ ਕਿ ਉਨ੍ਹਾਂ ਦਾ ਨੌਜਵਾਨ ਪੁੱਤਰ ਗੁਰਪ੍ਰੀਤ ਸਿੰਘ ਰੋਜ਼ੀ ਰੋਟੀ ਕਮਾਉਣ ਅਤੇ ਸੁਨਹਿਰੀ ਭਵਿੱਖ ਲਈ ਤਕਰੀਬਨ 9 ਸਾਲ ਪਹਿਲਾਂ ਦੁਬਈ ਵਿਖੇ ਗਿਆ ਸੀ ਅਤੇ ਉਹ ਉਥੇ ਕੰਪਨੀਆਂ ਵਿੱਚ ਟੈਕਸੀ ਰਾਹੀਂ ਪਾਰਸਲ (ਟਿਫ਼ਨ) ਪਹੁੰਚਾਉਣ ਦਾ ਕੰਮ ਕਰਦਾ ਸੀ। ਉਨ੍ਹਾਂ ਦੱਸਿਆ ਕਿ ਅਚਾਨਕ 2 ਦਿਨ ਪਹਿਲਾਂ ਸਾਨੂੰ ਗੁਰਪ੍ਰੀਤ ਦੇ ਚਾਚੇ ਹਰਜਿੰਦਰ ਸਿੰਘ ਜੋ ਕਿ ਦੁਬਈ ਵਿੱਚ ਹੀ ਕੰਮ ਕਰਦਾ ਹੈ ਨੇ ਫੋਨ 'ਤੇ ਦੱਸਿਆ ਕਿ ਗੁਰਪ੍ਰੀਤ ਸਿੰਘ ਦੀ ਕੰਪਨੀ ਵਿੱਚ ਪਾਰਸਲ ਦੇਣ ਜਾਂਦੇ ਸਮੇਂ ਟਰਾਲੇ ਨਾਲ ਟੱਕਰ ਹੋਣ ਕਾਰਨ ਮੌਕੇ ’ਤੇ ਮੌਤ ਹੋ ਗਈ ਹੈ।

2 ਬੱਚਿਆਂ ਦਾ ਪਿਤਾ ਸੀ ਮ੍ਰਿਤਕ 

ਉਨ੍ਹਾਂ ਦੱਸਿਆ ਕਿ ਗੁਰਪ੍ਰੀਤ ਅਪਣੇ ਪਿੱਛੇ ਮਾਤਾ-ਪਿਤਾ ਤੋਂ ਇਲਾਵਾ ਪਤਨੀ ਅਤੇ ਦੋ ਛੋਟੇ ਛੋਟੇ ਬੱਚਿਆਂ ਨੂੰ ਰੋਂਦੇ ਕੁਰਲਾਉਂਦੇ ਛੱਡ ਕੇ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਿਆ ਹੈ। ਪਰਿਵਾਰਕ ਮੈਬਰਾਂ ਅਨੁਸਾਰ ਮ੍ਰਿਤਕ ਗੁਰਪ੍ਰੀਤ ਸਿੰਘ ਦੀ ਲਾਸ਼ ਨੂੰ ਕਾਨੂੰਨੀ ਕਾਰਵਾਈ ਤੋਂ ਬਾਅਦ ਉਸਦੇ ਚਾਚਾ ਹਰਜਿੰਦਰ ਸਿੰਘ ਸ਼ੁੱਕਰਵਾਰ ਤੱਕ ਭਾਰਤ ਲੈ ਕੇ ਆਉਣਗੇ। ਅੱਖਾਂ ਚੋਂ ਲਗਾਤਾਰ ਹੰਝੂ ਵਹਾ ਰਹੇ ਪਿਤਾ ਜਸਵਿੰਦਰ ਲਾਲ ਨੇ ਕਿਹਾ ਕਿ ਉਹਨਾਂ ਨੇ ਕਦੇ ਸੁਪਨੇ 'ਚ ਵੀ ਨਹੀਂ ਸੋਚਿਆ ਸੀ ਕਿ ਗੁਰਪ੍ਰੀਤ ਦੇ ਨਾਲ ਅਜਿਹਾ ਹੋ ਜਾਵੇਗਾ। 

Recent News