Federal elections 2025 : ਕੈਨੇਡਾ ਵਿੱਚ 28 ਅਪ੍ਰੈਲ ਨੂੰ ਹੋਣ ਵਾਲੀਆਂ ਫੈਡਰਲ ਚੋਣਾਂ ਵਿੱਚ ਸਾਊਥ ਏਸ਼ੀਅਨ ਭਾਈਚਾਰੇ ਦੀ ਅਹਿਮ ਭੂਮਿਕਾ ਸਾਹਮਣੇ ਆ ਰਹੀ ਹੈ। ਇਸ ਵਾਰ ਦੇਸ਼ ਭਰ ਦੀਆਂ ਵੱਖ-ਵੱਖ ਚੋਣ ਹਲਕਿਆਂ ਤੋਂ ਰਿਕਾਰਡ ਗਿਣਤੀ ‘ਚ ਸਾਊਥ ਏਸ਼ੀਅਨ ਮੂਲ ਦੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਰੇ ਹਨ, ਜੋ ਕੈਨੇਡੀਅਨ ਸਿਆਸਤ ਵਿੱਚ ਇਸ ਭਾਈਚਾਰੇ ਦੀ ਵਧਦੀ ਸੰਖਿਆ ਅਤੇ ਪ੍ਰਭਾਵ ਨੂੰ ਦਰਸਾਉਂਦਾ ਹੈ। ਇਹ ਗਿਣਤੀ ਪਿਛਲੀਆਂ ਚੋਣਾਂ ਨਾਲੋਂ ਕਾਫੀ ਵੱਧ ਹੈ ਅਤੇ ਸਾਊਥ ਏਸ਼ੀਅਨ ਕਮਿਊਨਿਟੀ ਦੀ ਸਿਆਸੀ ਜਾਗਰੂਕਤਾ ਦਾ ਸਪੱਸ਼ਟ ਸੰਕੇਤ ਹੈ।
ਇਸ ਵਾਰ ਦੀਆਂ ਚੋਣਾਂ ਵਿੱਚ ਪੰਜਾਬੀ ਮੂਲ ਦੇ ਉਮੀਦਵਾਰ ਸਭ ਤੋਂ ਵੱਧ ਸੰਖਿਆ ਵਿੱਚ ਹਨ, ਜਿਨ੍ਹਾਂ ਨੇ ਸਰੀ, ਬ੍ਰੈਂਪਟਨਅਤੇ ਵੈਨਕੂਵਰ ‘ਚ ਵੱਖ-ਵੱਖ ਚੋਣ ਹਲਕਿਆਂ ਮਜ਼ਬੂਤ ਦਾਅਵੇਦਾਰੀ ਪੇਸ਼ ਕੀਤੀ ਹੈ। ਇਸ ਦੇ ਨਾਲ ਹੀ, ਗੁਜਰਾਤੀ ਅਤੇ ਤਾਮਿਲ ਮੂਲ ਦੇ ਉਮੀਦਵਾਰ ਵੀ ਕੈਲਗਰੀ, ਐਡਮਿੰਟਨ, ਅਤੇ ਮਿਸੀਸਾਗਾ ਵਰਗੇ ਸ਼ਹਿਰਾਂ ਵਿੱਚ ਸਰਗਰਮੀ ਨਾਲ ਚੋਣਾਂ ਵਿੱਚ ਹਿੱਸਾ ਲੈ ਰਹੇ ਹਨ। ਲਿਬਰਲ, ਕੰਜ਼ਰਵੇਟਿਵ, ਨਿਊ ਡੈਮੋਕ੍ਰੈਟਿਕ ਪਾਰਟੀ (ਐਨਡੀਪੀ), ਅਤੇ ਗ੍ਰੀਨ ਪਾਰਟੀ ਸਮੇਤ ਸਾਰੀਆਂ ਮੁੱਖ ਸਿਆਸੀ ਧਿਰਾਂ ਨੇ ਸਾਊਥ ਏਸ਼ੀਅਨ ਉਮੀਦਵਾਰਾਂ ਨੂੰ ਨਾਮਜ਼ਦ ਕੀਤਾ ਹੈ, ਜਦਕਿ ਕਈ ਸੁਤੰਤਰ ਉਮੀਦਵਾਰ ਵੀ ਸਥਾਨਕ ਮੁੱਦਿਆਂ ਨੂੰ ਉਜਾਗਰ ਕਰ ਰਹੇ ਹਨ।
ਕੁਝ ਪ੍ਰਮੁੱਖ ਸਾਊਥ ਏਸ਼ੀਅਨ ਉਮੀਦਵਾਰ ਜੋ ਚਰਚਾ ਵਿੱਚ ਹਨ, ਉਨ੍ਹਾਂ ਵਿੱਚ ਜਗਮੀਤ ਸਿੰਘ (ਐਨਡੀਪੀ) ਸਾਊਥ ਬਰਨਾਬੀ ਤੋਂ ਮੁੜ ਚੋਣ ਲੜ ਰਹੇ ਹਨ ਅਤੇ ਨੌਜਵਾਨ ਵੋਟਰਾਂ ਵਿੱਚ ਖਾਸ ਪ੍ਰਭਾਵ ਰੱਖਦੇ ਹਨ। ਅਨੰਦਪਰੀਤ ਗਿੱਲ (ਲਿਬਰਲ) ਬ੍ਰੈਂਪਟਨ ਈਸਟ ਤੋਂ ਮੈਦਾਨ ਵਿੱਚ ਹਨ, ਜੋ ਸਾਊਥ ਏਸ਼ੀਅਨ ਬਹੁਗਿਣਤੀ ਵਾਲਾ ਇਲਾਕਾ ਹੈ। ਹਰਦਿਆਲ ਢਿੱਲੋਂ (ਕੰਜ਼ਰਵੇਟਿਵ) ਕੈਲਗਰੀ ਦੀ ਇੱਕ ਤਿੱਖੀ ਟੱਕਰ ਵਾਲੀ ਸੀਟ ਤੋਂ ਉਮੀਦਵਾਰ ਹਨ। ਅਮਰੀਨ ਖਾਨ (ਲਿਬਰਲ) ਮਿਸੀਸਾਗਾ ਮੈਲਟਨ ਤੋਂ ਚੋਣ ਲੜ ਰਹੀਆਂ ਹਨ ਅਤੇ ਮਹਿਲਾ ਵੋਟਰਾਂ ਵਿੱਚ ਮਜ਼ਬੂਤ ਸਮਰਥਨ ਹਾਸਲ ਕਰ ਰਹੇ ਹਨ।
ਸਾਊਥ ਏਸ਼ੀਅਨ ਉਮੀਦਵਾਰ ਨਾ ਸਿਰਫ ਇਮੀਗ੍ਰੇਸ਼ਨ ਜਾਂ ਸੱਭਿਆਚਾਰਕ ਮੁੱਦਿਆਂ ਤੱਕ ਸੀਮਤ ਹਨ, ਸਗੋਂ ਇਸ ਵਾਰ ਉਹ ਅਰਥਚਾਰਾ, ਮਹਿੰਗਾਈ, ਸਿਹਤ ਸੰਭਾਲ, ਸਿੱਖਿਆ, ਵਾਤਾਵਰਣ, ਅਤੇ ਭ੍ਰਿਸ਼ਟਾਚਾਰ ਵਰਗੇ ਵਿਸ਼ਾਲ ਮੁੱਦਿਆਂ ‘ਤੇ ਵੀ ਧਿਆਨ ਕੇਂਦਰਿਤ ਕਰ ਰਹੇ ਹਨ। ਇਸ ਵਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਨੀਤੀਆਂ, ਖਾਸ ਕਰਕੇ ਵਪਾਰਕ ਟੈਰਿਫ ਅਤੇ ਆਰਥਿਕ ਪਾਬੰਦੀਆਂ, ਵੀ ਚੋਣ ਚਰਚਾ ਦਾ ਕੇਂਦਰ ਬਣੀਆਂ ਹੋਈਆਂ ਹਨ। ਉਮੀਦਵਾਰ ਵੋਟਰਾਂ ਨੂੰ ”ਟਰੰਪ ਦੀਆਂ ਨੀਤੀਆਂ ਤੋਂ ਕੈਨੇਡਾ ਨੂੰ ਸੁਰੱਖਿਅਤ ਰੱਖਣ” ਦਾ ਸੰਦੇਸ਼ ਦੇ ਕੇ ਸਮਰਥਨ ਇਕੱਠਾ ਕਰ ਰਹੇ ਹਨ।