Courtesy: ai image
ਚੰਡੀਗੜ੍ਹ: ਪੰਜਾਬ ਵਿੱਚ ਪਿੱਛਲੇ ਕਈ ਦਿਨਾਂ ਤੋਂ ਮਾਨਸੂਨ ਸਰਗਰਮ ਹੈ। ਬੀਤੇ ਦਿਨ ਸੂਬੇ ਦੇ ਕਈ ਜ਼ਿਲ੍ਹਿਆਂ 'ਚ ਹਲਕੀ ਬੂੰਦਾਬਾਂਦੀ ਹੋਈ। ਅੱਜ ਵੀ ਮੌਸਮ ਵਿਭਾਗ ਨੇ ਕਈ ਥਾਂਵਾਂ 'ਤੇ ਮੀਂਹ ਦੀ ਸੰਭਾਵਨਾ ਜਤਾਈ ਹੈ ਅਤੇ ਆਉਣ ਵਾਲੇ 3-4 ਦਿਨਾਂ ਲਈ ਭਾਰੀ ਬਾਰਿਸ਼ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਲੋਕਾਂ ਨੂੰ ਬਿਜਲੀ ਡਿੱਗਣ ਦੌਰਾਨ ਖੁੱਲ੍ਹੀਆਂ ਥਾਵਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਗਈ ਹੈ।
ਐਤਵਾਰ ਨੂੰ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ’ਚ ਮੌਸਮ ਸਾਫ਼ ਰਿਹਾ ਅਤੇ ਕਈ ਜ਼ਿਲ੍ਹਿਆਂ ’ਚ ਹਲਕੀ ਬੂੰਦਾਬਾਂਦੀ ਵੀ ਹੋਈ। ਇਸਦੇ ਨਾਲ ਹੀ, ਬਠਿੰਡਾ ’ਚ ਵੱਧ ਤੋਂ ਵੱਧ ਤਾਪਮਾਨ 36.5 ਦਰਜ ਕੀਤਾ ਗਿਆ ਅਤੇ ਲੁਧਿਆਣਾ ’ਚ 35 ਡਿਗਰੀ ਸੈਲਸੀਅਸ ਤਾਪਮਾਨ ਰਿਹਾ।
ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ, 3 ਅਗਸਤ ਨੂੰ ਕਈ ਇਲਾਕਿਆਂ ਵਿੱਚ ਭਾਰੀ ਬਾਰਿਸ਼ ਹੋਣ ਦੀ ਉਮੀਦ ਹੈ। ਇਸ ਦੇ ਮੱਦੇਨਜ਼ਰ, ਮੌਸਮ ਵਿਭਾਗ ਨੇ ‘ਯੈਲੋ ਅਲਰਟ’ ਜਾਰੀ ਕੀਤਾ ਹੈ।
ਸੋਮਵਾਰ ਯਾਨੀ ਅੱਜ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਮੋਹਾਲੀ ਅਤੇ ਫਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਹਾਲਾਂਕਿ, ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਫਾਜ਼ਿਲਕਾ, ਮੁਕਤਸਰ, ਮੋਗਾ, ਫਰੀਦਕੋਟ, ਬਠਿੰਡਾ, ਮਾਨਸਾ, ਬਰਨਾਲਾ, ਸੰਗਰੂਰ, ਲੁਧਿਆਣਾ, ਜਲੰਧਰ, ਕਪੂਰਥਲਾ ਅਤੇ ਪਟਿਆਲਾ ਲਈ ਕੋਈ ਚੇਤਾਵਨੀ ਨਹੀਂ ਦਿੱਤੀ ਗਈ ਹੈ।
ਇਸਤੋਂ ਇਲਾਵਾ 4, 5 ਅਤੇ 6 ਅਗਸਤ ਨੂੰ ਸੂਬੇ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਗਰਜ-ਤੂਫ਼ਾਨ ਦੇ ਨਾਲ ਮੀਂਹ ਪੈਣ ਦੀ ਵੀ ਸੰਭਾਵਨਾ ਹੈ। ਬਾਰਿਸ਼ ਨਾਲ ਤਾਪਮਾਨ ਵਿੱਚ ਗਿਰਾਵਟ ਆਵੇਗੀ, ਜਿਸ ਨਾਲ ਲੋਕਾਂ ਗਰਮੀ ਤੋਂ ਥੋੜ੍ਹੀ ਰਾਹਤ ਮਿਲੇਗੀ।
ਚੰਡੀਗੜ੍ਹ, ਮੋਹਾਲੀ ’ਚ ਅਗਲੇ ਪੰਜ ਦਿਨ ਗਰਜ-ਚਮਕ ਦੇ ਨਾਲ ਬਾਰਿਸ਼ ਦੀ ਸੰਭਾਵਨਾ ਹੈ। ਵਿਭਾਗ ਮੁਤਾਬਕ ਇਕ ਜੂਨ ਤੋਂ ਹੁਣ ਤੱਕ ਸੂਬੇ ’ਚ 379.2 ਮਿਲੀਮੀਟਰ ਬਾਰਿਸ਼ ਹੋ ਚੁੱਕੀ ਹੈ, ਜੋ ਆਮ ਤੋਂ 14.6 ਫ਼ੀਸਦੀ ਘੱਟ ਹੈ। ਮੌਸਮ ਵਿਭਾਗ ਨੇ ਖਰਾਬ ਮੌਸਮ ਦੌਰਾਨ ਲੋਕਾਂ ਨੂੰ ਸਾਵਧਾਨ ਰਹਿਣ, ਪਾਣੀ ਭਰੇ ਇਲਾਕਿਆਂ ਤੋਂ ਬਚਣ ਅਤੇ ਬਿਜਲੀ ਡਿੱਗਣ ਦੌਰਾਨ ਖੁੱਲ੍ਹੀਆਂ ਥਾਵਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ।