Courtesy: file photo
ਜਲੰਧਰ ਦੇ ਈਦਗਾਹ ਇਲਾਕੇ ’ਚ ਤਾਰਾਂ ਤੋਂ ਪਤੰਗ ਕੱਢਣ ਦੀ ਕੋਸ਼ਿਸ਼ ਕਰਦੇ ਸਮੇਂ 10 ਸਾਲ ਦੇ ਬੱਚੇ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਦਾਨਿਸ਼ ਵਜੋਂ ਹੋਈ। ਦੱਸਿਆ ਜਾ ਰਿਹਾ ਹੈ ਕਿ ਦਾਨਿਸ਼ ਆਪਣੇ ਘਰ ਦੀ ਛੱਤ 'ਤੇ ਪਤੰਗ ਉਡਾ ਰਿਹਾ ਸੀ ਅਤੇ ਇਸ ਦੌਰਾਨ ਪਤੰਗ ਦੀ ਡੋਰ ਬਿਜਲੀ ਦੀਆਂ ਤਾਰਾਂ ’ਚ ਫ਼ਸ ਗਈ। ਜਦੋਂ ਦਾਨਿਸ਼ ਨੇ ਘਰ ਦੀ ਛੱਤ ਦੇ ਨੇੜਿਓਂ ਲੰਘਦੀਆਂ ਹਾਈ ਟੈਂਸ਼ਨ ਤਾਰਾਂ ਤੋਂ ਪਤੰਗ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਰੱਸੀ ਦੀ ਬਜਾਏ ਤਾਰ ਨੂੰ ਹੱਥ ਲਾ ਲਿਆ।
ਮੌਕੇ 'ਤੇ ਮੌਜੂਦ ਗੁਆਂਢੀ ਸੋਮਨਾਥ ਨੇ ਦੱਸਿਆ ਕਿ ਬੱਚਾ ਲੋਹੇ ਦੇ ਪਾਈਪ ਨਾਲ ਪਤੰਗ ਕੱਢਣ ਦੀ ਕੋਸ਼ਿਸ਼ ਕਰ ਰਿਹਾ ਸੀ। ਹਾਈ ਟੈਂਸ਼ਨ ਤਾਰਾਂ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਉਸਨੂੰ ਬਿਜਲੀ ਦਾ ਝਟਕਾ ਲੱਗਿਆ। ਜਦੋਂ ਬੱਚਾ ਹੇਠਾਂ ਡਿੱਗਿਆ ਤਾਂ ਸਾਨੂੰ ਸਾਰਿਆਂ ਨੂੰ ਇਸ ਬਾਰੇ ਪਤਾ ਲੱਗਾ। ਅਸੀਂ ਭੱਜ ਕੇ ਉਸਨੂੰ ਚੁੱਕਿਆ, ਪਰ ਉਹ ਪਹਿਲਾਂ ਹੀ ਬੁਰੀ ਤਰ੍ਹਾਂ ਸੜ ਚੁੱਕਾ ਸੀ। ਸੋਮਨਾਥ ਨੇ ਕਿਹਾ ਕਿ ਉਹ ਬਿਲਕੁਲ ਸਾਹਮਣੇ ਕੁਰਸੀ 'ਤੇ ਬੈਠਾ ਸੀ ਅਤੇ ਪਹਿਲਾਂ ਤਾਂ ਉਸਨੇ ਬੱਚੇ ਨੂੰ ਕਈ ਵਾਰ ਝਿੜਕਿਆ ਅਤੇ ਕਿਹਾ ਕਿ ਅਜਿਹਾ ਨਾ ਕਰੇ ਪਰ ਉਹ ਨਹੀਂ ਹਟਿਆ, ਜਿਸ ਕਾਰਨ ਇਹ ਹਾਦਸਾ ਵਾਪਰਿਆ।
ਕਰੰਟ ਦੇ ਜ਼ੋਰਦਾਰ ਝਟਕੇ ਦੇ ਨਾਲ ਦਾਨਿਸ਼ ਬੁਰੀ ਤਰ੍ਹਾਂ ਸੜ ਗਿਆ। ਦਾਨਿਸ਼ ਨੂੰ ਉਸਦੇ ਪਰਿਵਾਰਕ ਮੈਂਬਰਾਂ ਨੇ ਗੜ੍ਹਾ ਇਲਾਕੇ ਦੇ ਐਸਜੀਐਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਇਲਾਕੇ ਦੇ ਲੋਕਾਂ ਨੇ ਕਿਹਾ ਕਿ ਪਾਵਰਕਾਮ ਨੂੰ ਆਪਣੀਆਂ ਤਾਰਾਂ ਛੱਤਾਂ ਤੋਂ ਦੂਰ ਰੱਖਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਉਹ ਇਲਾਕੇ ਦੇ ਨੁਮਾਇੰਦਿਆਂ ਨਾਲ ਬਿਜਲੀ ਵਿਭਾਗ ਦੇ ਐਸ.ਡੀ.ਓ. ਅਤੇ ਜੇ.ਈ. ਨੂੰ ਮਿਲਣਗੇ ਅਤੇ ਇਸ ਸਮੱਸਿਆ ਦਾ ਹੱਲ ਕਰਨ ਦੀ ਮੰਗ ਕਰਨਗੇ।