Courtesy: ਸੰਗਰੂਰ ਵਿਖੇ ਚਰਚ ਬਣਾਉਣ ਨੂੰ ਲੈਕੇ ਦੋ ਧਿਰਾਂ ਦਰਮਿਆਨ ਝਗੜਾ ਹੋਇਆ
ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਧਾਂਦਰਾ 'ਚ ਚਰਚ ਬਣਾਉਣ ਨੂੰ ਲੈ ਕੇ ਦੋ ਧਿਰਾਂ ਦਰਮਿਆਨ ਝੜਪ ਹੋ ਗਈ। ਇੱਥੇ ਮਾਹੌਲ ਤਣਾਅਪੂਰਨ ਹੋ ਗਿਆ। ਇਸ ਘਟਨਾ 'ਚ ਦੋਨਾਂ ਧਿਰਾਂ ਵੱਲੋਂ ਵਰਤੇ ਡੰਡਿਆਂ ਤੇ ਹੋਰ ਤੇਜਧਾਰ ਹਥਿਆਰਾਂ ਕਾਰਨ ਕਈ ਵਿਅਕਤੀ ਜ਼ਖਮੀ ਹੋ ਗਏ। ਇਨ੍ਹਾਂ 'ਚੋਂ 2 ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਪਿੰਡ ਦੇ ਈਸਾਈ ਭਾਈਚਾਰੇ ਦੇ ਲੋਕਾਂ ਦਾ ਦੋਸ਼ ਹੈ ਕਿ ਕੁੱਝ ਲੋਕ ਉਨ੍ਹਾਂ ਨੂੰ ਚਰਚ ਜਾਣ ਤੋਂ ਜ਼ਬਰਦਸਤੀ ਰੋਕ ਰਹੇ ਹਨ, ਜਦਕਿ ਦੂਜੀ ਧਿਰ ਦਾ ਦੋਸ਼ ਹੈ ਕਿ ਪਿੰਡ 'ਚ ਪ੍ਰਸ਼ਾਸਨ ਨੇ ਚਰਚ 'ਤੇ ਪਾਬੰਦੀ ਲਗਾਈ ਹੋਈ ਹੈ, ਜਿਸ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ ਤੇ ਪਿੰਡ ਅੰਦਰ ਚਰਚ ਦੀ ਸਥਾਪਨਾ ਕੀਤੀ ਜਾ ਰਹੀ ਹੈ।
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ 25 ਦਸੰਬਰ ਨੂੰ ਵੀ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਸਮੇਂ ਵੀ ਪਿੰਡ ਵਿੱਚ ਉਕਤ ਧੜੇ ਵੱਲੋਂ ਚਰਚ ਕੀਤੀ ਗਈ ਸੀ ਉਸ ਸਮੇਂ ਮਾਹੌਲ ਖਰਾਬ ਹੋਇਆ ਸੀ। ਉਸ ਸਮੇਂ ਪਿੰਡ ਦੇ ਲੋਕਾਂ ਅਤੇ ਪ੍ਰਸ਼ਾਸਨ ਦੇ ਵਿੱਚ ਸਹਿਮਤੀ ਬਣੀ ਸੀ ਕਿ ਜਦੋਂ ਤੱਕ ਪਿੰਡ ਦੇ ਲੋਕ ਸਹਿਮਤ ਨਹੀਂ ਹੋਣਗੇ ਉਦੋਂ ਤੱਕ ਇਹ ਚਰਚ ਨਹੀਂ ਲਾਈ ਜਾਵੇਗੀ। ਪ੍ਰੰਤੂ ਬੀਤੇ ਕੱਲ੍ਹ ਐਤਵਾਰ ਨੂੰ ਜਾਣਬੁੱਝ ਕੇ ਫਿਰ ਮਾਹੌਲ ਖ਼ਰਾਬ ਕਰਨ ਦੇ ਲਈ ਬੱਕਰੀਆਂ ਵਾਲੇ ਬਾੜੇ 'ਚ ਇਹ ਚਰਚ ਲਾਈ ਗਈ ਜਿਸਦਾ ਪਿੰਡ ਦੇ ਲੋਕਾਂ ਨੇ ਵਿਰੋਧ ਕੀਤਾ। ਲੋਕਾਂ ਨੇ ਸਿਰਫ ਜਾ ਕੇ ਬੇਨਤੀ ਕੀਤੀ ਕਿ ਇਹ ਪੂਰਾ ਮਾਮਲਾ ਪ੍ਰਸ਼ਾਸਨ ਦੇ ਧਿਆਨ 'ਚ ਹੈ। ਅਜਿਾਹ ਨਾ ਕੀਤਾ ਜਾਵੇ। ਪ੍ਰੰਤੂ ਦੂਜੀ ਧਿਰ ਨੇ ਉਹਨਾਂ ਨਾਲ ਹੱਥੋਪਾਈ ਕੀਤੀ।
ਥਾਣਾ ਸਦਰ ਧੂਰੀ ਦੇ ਐਸਐਚਓ ਕਰਮਜੀਤ ਸਿੰਘ ਨੇ ਦੱਸਿਆ ਕਿ ਚਰਚ ਦੀ ਉਸਾਰੀ ਨੂੰ ਲੈ ਕੇ ਦੋਵਾਂ ਧਿਰਾਂ ਵਿੱਚ ਪਹਿਲਾਂ ਵੀ ਝਗੜਾ ਚੱਲ ਰਿਹਾ ਸੀ। ਐਤਵਾਰ ਨੂੰ ਘਟਨਾ ਦਾ ਪਤਾ ਲੱਗਦਿਆਂ ਹੀ ਉਹ ਪੁਲਸ ਪਾਰਟੀ ਨਾਲ ਮੌਕੇ 'ਤੇ ਪਹੁੰਚ ਗਏ। ਦੋਵੇਂ ਧਿਰਾਂ ਸ਼ਾਂਤ ਹੋ ਗਈਆਂ ਹਨ। ਹਾਲੇ ਤੱਕ ਕਿਸੇ ਨੇ ਵੀ ਉਨ੍ਹਾਂ ਕੋਲ ਬਿਆਨ ਦਰਜ ਨਹੀਂ ਕਰਵਾਏ ਹਨ। ਬਿਆਨਾਂ ਤੋਂ ਬਾਅਦ ਹੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।