ਪੰਜਾਬ ਐੱਸ.ਸੀ. ਕਮਿਸ਼ਨ ਵੱਲੋਂ ਦੋ ਵੱਖਰੇ ਮਾਮਲਿਆਂ ਵਿੱਚ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿਟੂ, ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਤਲਬ ਕੀਤਾ ਗਿਆ ਹੈ। ਇਹ ਤਿੰਨੇ ਆਗੂ 15 ਜੂਨ ਨੂੰ ਕਮਿਸ਼ਨ ਅੱਗੇ ਆਪਣਾ ਪੱਖ ਰੱਖਣਗੇ। ਕੇਂਦਰੀ ਮੰਤਰੀ ਬਿਟੂ ਨੂੰ ਅੱਜ ਪੇਸ਼ ਹੋਣ ਲਈ ਕਿਹਾ ਗਿਆ ਸੀ, ਪਰ ਉਹ ਆਪਣੀ ਤਰਫ਼ੋਂ ਵਕੀਲ ਭੇਖ ਕੇ ਨਹੀਂ ਆਏ।
ਬਿਟੂ ਵੱਲੋਂ ਵਕੀਲ ਰਾਹੀਂ ਪੱਖ ਰੱਖਿਆ ਗਿਆ ਅਤੇ ਕਮਿਸ਼ਨ ਚੇਅਰਮੈਨ ਨਾਲ ਉਨ੍ਹਾਂ ਦੀ ਗੱਲਬਾਤ ਵੀ ਕਰਵਾਈ ਗਈ। ਬਿਟੂ ਨੇ ਆਪਣੇ ਰੁਝੇਵਿਆਂ ਦਾ ਹਵਾਲਾ ਦਿੰਦਿਆਂ ਗੈਰਹਾਜ਼ਰੀ ਦੀ ਅਰਜ਼ੀ ਦਿੱਤੀ। ਇਸ ਤੋਂ ਬਾਅਦ ਕਮਿਸ਼ਨ ਨੇ ਉਨ੍ਹਾਂ ਨੂੰ 15 ਜੂਨ ਲਈ ਨਵਾਂ ਸੰਮਨ ਜਾਰੀ ਕੀਤਾ ਹੈ। ਇਸੇ ਤਰ੍ਹਾਂ ਕਾਂਗਰਸ ਆਗੂ ਬਾਜਵਾ ਅਤੇ ਵੜਿੰਗ ਪਹਿਲਾਂ ਜਾਰੀ ਨੋਟਿਸਾਂ 'ਤੇ ਵੀ ਨਹੀਂ ਸਨ ਪੇਸ਼ ਹੋਏ, ਜਿਸ ਤੋਂ ਬਾਅਦ ਅੱਜ ਉਨ੍ਹਾਂ ਨੂੰ ਦੁਬਾਰਾ ਨੋਟਿਸ ਭੇਜੇ ਗਏ। ਐੱਸ.ਸੀ. ਕਮਿਸ਼ਨ ਦੇ ਚੇਅਰਮੈਨ ਜਸਬੀਰ ਸਿੰਘ ਗੜ੍ਹੀ ਨੇ ਖੁਦ ਮੀਡੀਆ ਨੂੰ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ।
ਕਮਿਸ਼ਨ ਚੇਅਰਮੈਨ ਜਸਬੀਰ ਸਿੰਘ ਗੜ੍ਹੀ ਮੁਤਾਬਕ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿਟੂ ਨੇ ਦੱਸਿਆ ਕਿ ਉਹ ਕੱਲ੍ਹ ਚੰਡੀਗੜ੍ਹ ਵਿੱਚ ਸਨ ਅਤੇ ਆਉਣ ਵਾਲੇ ਪੰਜ-ਛੇ ਦਿਨਾਂ ਵਿੱਚ ਰਾਜ ਸਭਾ ਚੋਣਾਂ ਹਨ, ਜਿਸ ਕਾਰਨ ਪਾਰਟੀ ਵੱਲੋਂ ਉਨ੍ਹਾਂ ਨੂੰ ਡਿਊਟੀ ਸੌਂਪੀ ਗਈ ਹੈ। ਉਨ੍ਹਾਂ ਇਸ ਤੋਂ ਪਹਿਲਾਂ ਚਾਰ-ਪੰਜ ਵਾਰ ਮੁਆਫੀ ਵੀ ਮੰਗੀ ਸੀ। ਇਨ੍ਹਾਂ ਹਾਲਾਤਾਂ ਨੂੰ ਦੇਖਦੇ ਹੋਏ ਹੁਣ ਬਿਟੂ ਨੂੰ 15 ਜੂਨ ਸਵੇਰੇ 11 ਵਜੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਗੜ੍ਹੀ ਨੇ ਮੀਡੀਆ ਨੂੰ ਬਿਟੂ ਵੱਲੋਂ ਭੇਜਿਆ ਗਿਆ ਵਕਾਲਤਨਾਮਾ ਵੀ ਦਿਖਾਇਆ।
ਦੱਸ ਦੇਈਏ ਕਿ ਨਗਰ ਕੌਂਸਲ ਚੋਣਾਂ ਦੌਰਾਨ ਧੂਰੀ ਵਿੱਚ ਭਾਜਪਾ ਆਗੂ ਰਵਨੀਤ ਸਿੰਘ ਬਿਟੂ ਦੀ ਪੁਲਿਸ ਮੁਲਾਜ਼ਮਾਂ ਨਾਲ ਕਹੀ-ਸੁਣੀ ਹੋ ਗਈ ਸੀ। ਇਸ ਦੌਰਾਨ ਉਨ੍ਹਾਂ 'ਤੇ ਮੁਲਾਜ਼ਮਾਂ ਖ਼ਿਲਾਫ਼ ਜਾਤੀਗਤ ਟਿੱਪਣੀ ਕਰਨ ਦਾ ਦੋਸ਼ ਲੱਗਾ ਸੀ। ਇਸ ਤੋਂ ਬਾਅਦ ਇਹ ਮਾਮਲਾ ਗਰਮਾ ਗਿਆ ਅਤੇ ਕਈ ਥਾਈਂ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਵਿਰੋਧ ਪ੍ਰਦਰਸ਼ਨ ਕੀਤਾ। ਐੱਸ.ਸੀ. ਕਮਿਸ਼ਨ ਨੇ ਇਸ ਮਾਮਲੇ ਦਾ ਆਪਣੇ ਪੱਧਰ 'ਤੇ ਨੋਟਿਸ ਲੈਂਦਿਆਂ ਸੰਗਰੂਰ ਪੁਲਿਸ ਤੋਂ ਪੂਰੀ ਰਿਪੋਰਟ ਮੰਗੀ ਸੀ।
ਇਸ ਤੋਂ ਬਾਅਦ ਇੱਕ ਮਿੱਥੀ ਤਾਰੀਖ਼ 'ਤੇ ਸੰਗਰੂਰ ਦੇ ਪੁਲਿਸ ਅਧਿਕਾਰੀ ਕਮਿਸ਼ਨ ਕੋਲ ਪੇਸ਼ ਹੋਏ ਅਤੇ ਉਨ੍ਹਾਂ ਆਪਣਾ ਪੱਖ ਰੱਖਿਆ। ਇਸ ਤੋਂ ਬਾਅਦ ਹੀ ਕਮਿਸ਼ਨ ਨੇ ਕੇਂਦਰੀ ਮੰਤਰੀ ਬਿਟੂ ਨੂੰ ਤਲਬ ਕੀਤਾ ਸੀ। ਹਾਲਾਂਕਿ, ਇਸ ਤੋਂ ਪਹਿਲਾਂ ਹੀ ਬਿਟੂ ਜਨਤਕ ਤੌਰ 'ਤੇ ਮੁਆਫੀ ਮੰਗ ਚੁੱਕੇ ਸਨ।