Courtesy: X@ICC
ਨਵੀਂ ਦਿੱਲੀ: ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਨੇ 2027 ਇੱਕ ਰੋਜ਼ਾ (ODI) ਵਿਸ਼ਵ ਕੱਪ ਲਈ ਮੇਜ਼ਬਾਨ ਸ਼ਹਿਰਾਂ ਅਤੇ ਸਟੇਡਿਅਮ ਦਾ ਐਲਾਨ ਕਰ ਦਿੱਤਾ ਹੈ। ਇਸਦੇ ਲਈ ICC ਨੇ ਦੱਖਣੀ ਅਫਰੀਕਾ ਦੇ 8 ਸ਼ਹਿਰਾਂ, ਜ਼ਿੰਬਾਬਵੇ ਦੇ ਤਿੰਨ ਅਤੇ ਨਾਮੀਬੀਆ ਦੀ ਰਾਜਧਾਨੀ ਵਿੰਡਹੋਕ ਨੂੰ ਸਥਾਨ ਵਜੋਂ ਚੁਣਿਆ ਹੈ। ICC ਦੀ ਅਧਿਕਾਰਕ ਵੈਬਸਾਈਟ 'ਤੇ ਇਨ੍ਹਾਂ 12 ਸ਼ਹਿਰਾਂ ਬਾਰੇ ਦੱਸਿਆ ਗਿਆ ਹੈ। ਫਾਈਨਲ ਜੋਹਾਨਸਬਰਗ ਦੇ ਵਾਂਡਰਰਜ਼ ਸਟੇਡੀਅਮ ਜਾਂ ਕੇਪ ਟਾਊਨ ਦੇ ਨਿਊਲੈਂਡਜ਼ ਸਟੇਡੀਅਮ ’ਚ ਹੋ ਸਕਦਾ ਹੈ।
ਕ੍ਰਿਕਟ ਦਾ ਇਹ ਮਹਾਂਕੁੰਭ 4 ਅਕਤੂਬਰ ਤੋਂ 21 ਨਵੰਬਰ 2027 ਤੱਕ ਦੱਖਣੀ ਅਫਰੀਕਾ, ਜ਼ਿੰਬਾਬਵੇ ਅਤੇ ਨਾਮੀਬੀਆ ਵਿੱਚ ਖੇਡਿਆ ਜਾਵੇਗਾ।
ICC ਦੀ ਅਧਿਕਾਰਕ ਵੈਬਸਾਈਟ ਅਨੁਸਾਰ, ਦੱਖਣੀ ਅਫਰੀਕਾ ਦੇ ਅੱਠ ਸ਼ਹਿਰਾਂ ਵਿੱਚ ਵਿਸ਼ਵ ਕੱਪ ਦੇ ਮੈਚ ਖੇਡੇ ਜਾਣਗੇ। ਇਨ੍ਹਾਂ ਵਿੱਚ ਜੋਹਾਨਸਬਰਗ, ਮਬੋਮਬੇਲਾ, ਕੇਪ ਟਾਊਨ, ਸੈਂਚੁਰੀਅਨ, ਡਰਬਨ, ਗਕੇਬਰਹਾ, ਪਾਰਲ ਅਤੇ ਬਲੋਮਫੋਂਟੇਨ ਸ਼ਾਮਲ ਹਨ। ਇਹ ਸਾਰੇ ਮੈਦਾਨ ਪਹਿਲਾਂ ਵੀ ਅੰਤਰਰਾਸ਼ਟਰੀ ਕ੍ਰਿਕਟ ਦੇ ਕਈ ਵੱਡੇ ਮੁਕਾਬਲਿਆਂ ਦੀ ਮੇਜ਼ਬਾਨੀ ਕਰ ਚੁੱਕੇ ਹਨ।
ਇਸ ਤੋਂ ਇਲਾਵਾ ਜ਼ਿੰਬਾਬਵੇ ਦੇ ਹਰਾਰੇ, ਬੁਲਾਵਾਯੋ ਅਤੇ ਵਿਕਟੋਰੀਆ ਫਾਲਸ ਵਿੱਚ ਵੀ ਵਿਸ਼ਵ ਕੱਪ ਦੇ ਮੈਚ ਖੇਡੇ ਜਾਣਗੇ। ਉੱਥੇ ਹੀ ਨਾਮੀਬੀਆ ਦੀ ਰਾਜਧਾਨੀ ਵਿੰਡਹੋਕ ਵੀ ਪਹਿਲੀ ਵਾਰ ਵਿਸ਼ਵ ਕੱਪ ਦੇ ਮੈਚਾਂ ਦੀ ਮੇਜ਼ਬਾਨੀ ਕਰੇਗੀ।
ICC ਮੁਤਾਬਕ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਦੱਖਣੀ ਅਫਰੀਕਾ ਦੇ ਦੋ ਪ੍ਰਸਿੱਧ ਮੈਦਾਨਾਂ ਵਿੱਚੋਂ ਕਿਸੇ ਇੱਕ ‘ਤੇ ਖੇਡਿਆ ਜਾ ਸਕਦਾ ਹੈ। ਇਹ ਜੋਹਾਨਸਬਰਗ ਦੇ ਵਾਂਡਰਰਜ਼ ਸਟੇਡੀਅਮ ਜਾਂ ਕੇਪ ਟਾਊਨ ਦੇ ਨਿਊਲੈਂਡਜ਼ ਸਟੇਡੀਅਮ ’ਚ ਹੋ ਸਕਦਾ ਹੈ।
ਖ਼ਾਸ ਗੱਲ ਇਹ ਹੈ ਕਿ 24 ਸਾਲਾਂ ਬਾਅਦ ਵਨ ਡੇ ਵਿਸ਼ਵ ਕੱਪ ਦੀ ਮੇਜ਼ਬਾਨੀ ਮੁੜ ਅਫਰੀਕੀ ਮਹਾਂਦੀਪ ਨੂੰ ਮਿਲੀ ਹੈ, ਜਿਸ ਨਾਲ ਕ੍ਰਿਕਟ ਲਵਰਜ਼ ਵਿੱਚ ਭਾਰੀ ਉਤਸ਼ਾਹ ਹੈ। ਦੱਖਣੀ ਅਫਰੀਕਾ, ਜ਼ਿੰਬਾਬਵੇ ਅਤੇ ਨਾਮੀਬੀਆ ਸਾਂਝੇ ਤੌਰ 'ਤੇ 2027 ਆਈਸੀਸੀ ਪੁਰਸ਼ ਕ੍ਰਿਕਟ ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨਗੇ। ਇਸਤੋਂ ਪਹਿਲਾ ਮਹਾਂਦੀਪ ਨੇ ਪਹਿਲਾਂ 2003 ਵਿੱਚ ਟੂਰਨਾਮੈਂਟ ਦੇ ਅੱਠਵੇਂ ਐਡੀਸ਼ਨ ਦੀ ਮੇਜ਼ਬਾਨੀ ਕੀਤੀ ਸੀ, ਜਿਸ ਵਿੱਚ ਦੱਖਣੀ ਅਫਰੀਕਾ, ਜ਼ਿੰਬਾਬਵੇ ਅਤੇ ਕੀਨੀਆ ਸਹਿ-ਮੇਜ਼ਬਾਨ ਵਜੋਂ ਸੇਵਾ ਨਿਭਾ ਰਹੇ ਸਨ।