menu-icon
Punjabi Story Line
Independence Day 2026
  • Home
  • News
  • Sports
  • IND vs SL: 15 ਅਗਸਤ ਨੂੰ ਖੇਡਿਆ ਜਾਵੇਗਾ ਗਾਲੇ ’ਚ ਪਹਿਲਾ ਟੈਸਟ, ਵੈਦਰ ਰਿਪੋਰਟ ਨੇ ਵਧਾਈ ਟੈਂਸ਼ਨ

IND vs SL: 15 ਅਗਸਤ ਨੂੰ ਖੇਡਿਆ ਜਾਵੇਗਾ ਗਾਲੇ ’ਚ ਪਹਿਲਾ ਟੈਸਟ, ਵੈਦਰ ਰਿਪੋਰਟ ਨੇ ਵਧਾਈ ਟੈਂਸ਼ਨ

ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਦੋ ਟੈਸਟ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੁਕਾਬਲਾ 15 ਅਗਸਤ, 2026 ਨੂੰ ਗਾਲੇ ਵਿੱਚ ਖੇਡਿਆ ਜਾਵੇਗਾ। ਇਹ ਸੀਰੀਜ਼ ਦੋਵਾਂ ਟੀਮਾਂ ਲਈ ਮਹੱਤਵਪੂਰਨ ਹੈ, ਕਿਉਂਕਿ ਇਸ ਦੇ ਨਤੀਜੇ ਵਰਲਡ ਟੈਸਟ ਚੈਂਪੀਅਨਸ਼ਿਪ (WTC) 2025-27 ਦੀ ਅੰਕ ਸੂਚੀ ’ਤੇ ਸਿੱਧਾ ਪ੍ਰਭਾਵ ਪਾਉਣਗੇ। ਇਸ ਵਿਚਾਲੇ ਵੈਦਰ ਰਿਪੋਰਟ ਨੇ ਟੈਂਸ਼ਨ ਵਧਾ ਦਿੱਤੀ ਹੈ।

Date Updated Last Updated : 14 August 2026, 12:51 PM IST
Share:

ਨਵੀਂ ਦਿੱਲੀ: ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਦੋ ਟੈਸਟ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੁਕਾਬਲਾ 15 ਅਗਸਤ, 2026 ਨੂੰ ਗਾਲੇ ਵਿੱਚ ਖੇਡਿਆ ਜਾਵੇਗਾ। ਇਹ ਸੀਰੀਜ਼ ਦੋਵਾਂ ਟੀਮਾਂ ਲਈ ਮਹੱਤਵਪੂਰਨ ਹੈ, ਕਿਉਂਕਿ ਇਸ ਦੇ ਨਤੀਜੇ ਵਰਲਡ ਟੈਸਟ ਚੈਂਪੀਅਨਸ਼ਿਪ (WTC) 2025-27 ਦੀ ਅੰਕ ਸੂਚੀ ’ਤੇ ਸਿੱਧਾ ਪ੍ਰਭਾਵ ਪਾਉਣਗੇ। ਭਾਰਤ ਇਸ ਸਮੇਂ WTC ਸਟੈਂਡਿੰਗਜ਼ ਵਿੱਚ 52 ਅੰਕਾਂ ਅਤੇ 48.15 ਦੇ ਪੌਇੰਟਸ ਪਰਸੈਂਟੇਜ (PCT) ਨਾਲ ਪੰਜਵੇਂ ਸਥਾਨ ’ਤੇ ਹੈ। ਸ਼੍ਰੀਲੰਕਾ 20 ਅੰਕਾਂ ਨਾਲ ਛੇਵੇਂ ਨੰਬਰ ’ਤੇ ਹੈ, ਜਦਕਿ ਉਸ ਦਾ PCT 41.67 ਹੈ। ਇਸ ਲਈ ਦੋਵਾਂ ਟੀਮਾਂ ਲਈ ਸੀਰੀਜ਼ ਵਿੱਚ ਵੱਧ ਤੋਂ ਵੱਧ ਅੰਕ ਹਾਸਲ ਕਰਨਾ ਬੇਹੱਦ ਜ਼ਰੂਰੀ ਹੋਵੇਗਾ।

ਭਾਰਤੀ ਟੀਮ ਦੀ ਕਪਤਾਨੀ ਸ਼ੁਭਮਨ ਗਿੱਲ ਕਰ ਰਹੇ ਹਨ, ਜਦਕਿ ਸ਼੍ਰੀਲੰਕਾ ਦੀ ਕਮਾਨ ਧਨੰਜਯ ਡੀ ਸਿਲਵਾ ਦੇ ਹੱਥਾਂ ਵਿੱਚ ਹੈ। ਪਹਿਲਾ ਟੈਸਟ ਭਾਰਤੀ ਸਮੇਂ ਅਨੁਸਾਰ ਸਵੇਰੇ 10 ਵਜੇ ਸ਼ੁਰੂ ਹੋਵੇਗਾ। ਮੈਚ ਤੋਂ ਪਹਿਲਾ ਸਭ ਤੋਂ ਵੱਡੇ ਸਵਾਲਾਂ ਵਿੱਚੋਂ ਇੱਕ ਗਾਲੇ ਦੀ ਪਿੱਚ ਅਤੇ ਮੌਸਮ ਨੂੰ ਲੈ ਕੇ ਹੈ। ਦੋਵਾਂ ਦਾ ਮੈਚ ਦੀ ਦਿਸ਼ਾ ’ਤੇ ਵੱਡਾ ਪ੍ਰਭਾਵ ਪੈ ਸਕਦਾ ਹੈ। ਇਸਦੇ ਨਾਲ ਹੀ ਮੌਸਮ ਰਿਪੋਰਟ 'ਤੇ ਨਜ਼ਰ ਮਾਰਦੇ ਹਾਂ


ਗਾਲੇ ਵਿੱਚ ਕਿਹੋ ਜਿਹਾ ਰਹੇਗਾ ਮੌਸਮ ?

 
ਮੌਸਮੀ ਅਨੁਮਾਨ ਮੁਤਾਬਕ, 15 ਅਗਸਤ ਨੂੰ ਗਾਲੇ ਵਿੱਚ ਮੀਂਹ ਦੀ ਸੰਭਾਵਨਾ ਕਾਫ਼ੀ ਜ਼ਿਆਦਾ ਜਤਾਈ ਗਈ ਹੈ। ਇਸ ਦਿਨ ਵੱਧ ਤੋਂ ਵੱਧ ਤਾਪਮਾਨ ਲਗਭਗ 31 ਡਿਗਰੀ ਸੈਲਸੀਅਸ ਰਹਿ ਸਕਦਾ ਹੈ। ਸਵੇਰੇ ਹਲਕੀ ਬਾਰਿਸ਼ ਦੇ ਨਾਲ ਹਵਾ ਵਿੱਚ ਨਮੀ ਦਾ ਪੱਧਰ ਵੀ ਉੱਚਾ ਰਹਿਣ ਦੀ ਸੰਭਾਵਨਾ ਹੈ। ਇਸ ਤਰ੍ਹਾਂ ਦੇ ਹਾਲਾਤ ਖ਼ਾਸ ਕਰਕੇ ਮੈਚ ਦੇ ਸ਼ੁਰੂਆਤੀ ਪੜਾਅ ਵਿੱਚ ਤੇਜ਼ ਗੇਂਦਬਾਜ਼ਾਂ ਲਈ ਫਾਇਦੇਮੰਦ ਹੋ ਸਕਦੇ ਹਨ। ਬੱਦਲਾਂ ਅਤੇ ਨਮੀ ਕਾਰਨ ਗੇਂਦ ਨੂੰ ਹਵਾ ਵਿੱਚ ਕੁਝ ਮੂਵਮੈਂਟ ਮਿਲ ਸਕਦੀ ਹੈ, ਜਿਸ ਨਾਲ ਬੱਲੇਬਾਜ਼ਾਂ ਲਈ ਸ਼ੁਰੂਆਤੀ ਸੈਸ਼ਨ ਆਸਾਨ ਨਹੀਂ ਰਹੇਗਾ।

ਕੀ ਪੂਰਾ ਮੈਚ ਪ੍ਰਭਾਵਿਤ ਕਰ ਸਕਦਾ ਹੈ ਮੀਂਹ?

ਹਾਲਾਂਕਿ, ਮੌਸਮ ਦੇ ਅਨੁਮਾਨ ਵਿੱਚ ਮੀਂਹ ਦੀ ਸੰਭਾਵਨਾ ਜਰੂਰ ਹੈ, ਲੇਕਿਨ ਇਸ ਦਾ ਮਤਲਬ ਇਹ ਨਹੀਂ ਕਿ ਪੂਰਾ ਦਿਨ ਲਗਾਤਾਰ ਮੀਂਹ ਪੈਂਦਾ ਰਹੇਗਾ। ਮੌਸਮ ਵਿਭਾਗ ਨੇ 4 ਮਿਲੀਮੀਟਰ ਵਰਖਾ ਅਤੇ ਕਰੀਬ ਡੇਢ ਘੰਟੇ ਦੇ ਆਸ-ਪਾਸ ਮੀਂਹ ਪੈਣ ਦਾ ਅਨੁਮਾਨ ਦੱਸਿਆ ਗਿਆ ਹੈ, ਜਿਸ ਮੁਤਾਬਕ ਕੁੱਝ ਸਮੇਂ ਲਈ ਖੇਡ ਰੁਕਣ ਦੀ ਸੰਭਾਵਨਾ ਰਹਿ ਸਕਦੀ ਹੈ। ਜੇਕਰ ਮੀਂਹ ਰੁਕ-ਰੁਕ ਕੇ ਪੈਂਦਾ ਹੈ ਤਾਂ ਮੈਚ ਵਿੱਚ ਵਾਰ-ਵਾਰ ਵਿਘਨ ਪੈ ਸਕਦਾ ਹੈ। ਇਸ ਨਾਲ ਖਿਡਾਰੀਆਂ ਦੀ ਲੈਅ ਅਤੇ ਦੋਵਾਂ ਟੀਮਾਂ ਦੀ ਰਣਨੀਤੀ ਪ੍ਰਭਾਵਿਤ ਹੋ ਸਕਦੀ ਹੈ।


ਗਾਲੇ ਦੀ ਪਿੱਚ ਕਿਸ ਲਈ ਹੋਵੇਗੀ ਫਾਇਦੇਮੰਦ?

ਗਾਲੇ ਦੀ ਪਿੱਚ ਆਮ ਤੌਰ ’ਤੇ ਟੈਸਟ ਮੈਚ ਦੇ ਸ਼ੁਰੂਆਤੀ ਦਿਨਾਂ ਵਿੱਚ ਬੱਲੇਬਾਜ਼ਾਂ ਨੂੰ ਕਾਫ਼ੀ ਮੌਕੇ ਦਿੰਦੀ ਹੈ। ਪਹਿਲੇ ਇੱਕ-ਦੋ ਦਿਨਾਂ ਵਿੱਚ ਸਤ੍ਹਾ ਤੁਲਨਾਤਮਕ ਤੌਰ ’ਤੇ ਸਮਤਲ ਰਹਿੰਦੀ ਹੈ, ਜਿਸ ਕਾਰਨ ਸੈੱਟ ਬੱਲੇਬਾਜ਼ ਆਪਣੇ ਸ਼ਾਟ ਖੇਡ ਸਕਦੇ ਹਨ। ਇਸੇ ਕਰਕੇ ਗਾਲੇ ਵਿੱਚ ਪਹਿਲੀ ਪਾਰੀ ਦਾ ਸਕੋਰ ਅਕਸਰ 300 ਦੌੜਾਂ ਤੋਂ ਉੱਪਰ ਜਾਂਦਾ ਹੈ। ਇੱਥੇ ਟਾਸ ਜਿੱਤਣ ਵਾਲੀ ਟੀਮ ਅਕਸਰ ਪਹਿਲਾਂ ਬੱਲੇਬਾਜ਼ੀ ਕਰਨ ਨੂੰ ਤਰਜੀਹ ਦਿੰਦੀ ਹੈ, ਤਾਂ ਜੋ ਪਿੱਚ ਦੇ ਬਿਹਤਰ ਪੜਾਅ ਦਾ ਫਾਇਦਾ ਚੁੱਕ ਕੇ ਵੱਡਾ ਸਕੋਰ ਬਣਾਇਆ ਜਾ ਸਕੇ।

ਤੀਜੇ ਦਿਨ ਤੋਂ ਸਪਿਨਰਾਂ ਦਾ ਦਬਦਬਾ?

ਗਾਲੇ ਦੀ ਪਿੱਚ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਮੈਚ ਅੱਗੇ ਵਧਣ ਨਾਲ ਇਸ ਦਾ ਸੁਭਾਅ ਬਦਲ ਜਾਂਦਾ ਹੈ। ਪਿੱਚ ਸੁੱਕਣ ਲੱਗਦੀ ਹੈ ਅਤੇ ਇਸ ’ਤੇ ਦਰਾਰਾਂ ਪੈਦਾ ਹੋ ਸਕਦੀਆਂ ਹਨ। ਤੀਜੇ ਦਿਨ ਤੋਂ ਸਪਿਨ ਗੇਂਦਬਾਜ਼ਾਂ ਨੂੰ ਪਿੱਚ ਤੋਂ ਵਧੇਰੇ ਟਰਨ ਅਤੇ ਉਛਾਲ ਮਿਲਣ ਦੀ ਸੰਭਾਵਨਾ ਰਹਿੰਦੀ ਹੈ। ਇਸ ਨਾਲ ਬੱਲੇਬਾਜ਼ਾਂ ਲਈ ਸ਼ਾਟ ਚੁਣਨਾ ਅਤੇ ਗੇਂਦ ਨੂੰ ਸਮਝਣਾ ਮੁਸ਼ਕਲ ਹੋ ਸਕਦਾ ਹੈ। ਚੌਥੀ ਅਤੇ ਪੰਜਵੀਂ ਪਾਰੀ ਤੱਕ ਪਹੁੰਚਦਿਆਂ ਪਿੱਚ ਹੋਰ ਚੁਣੌਤੀਪੂਰਨ ਹੋ ਸਕਦੀ ਹੈ। ਇਸ ਪੜਾਅ ’ਤੇ ਸਪਿਨਰਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੋ ਜਾਂਦੀ ਹੈ।

 
ਗਾਲੇ ਵਿੱਚ ਟੈਸਟ ਮੈਚ ਦੀ ਚੌਥੀ ਪਾਰੀ ਵਿੱਚ ਬੱਲੇਬਾਜ਼ੀ ਕਰਨਾ ਅਕਸਰ ਵੱਡੀ ਚੁਣੌਤੀ ਬਣ ਜਾਂਦਾ ਹੈ। ਜਿਵੇਂ-ਜਿਵੇਂ ਪਿੱਚ ਪੁਰਾਣੀ ਹੁੰਦੀ ਹੈ, ਗੇਂਦ ਨੂੰ ਵਧੇਰੇ ਟਰਨ ਮਿਲ ਸਕਦਾ ਹੈ ਅਤੇ ਬੱਲੇਬਾਜ਼ਾਂ ਲਈ ਰੱਖਿਆਤਮਕ ਖੇਡ ਵੀ ਮੁਸ਼ਕਲ ਹੋ ਸਕਦੀ ਹੈ। ਇਸ ਲਈ ਪਹਿਲੀ ਪਾਰੀ ਵਿੱਚ ਵੱਡਾ ਸਕੋਰ ਬਣਾਉਣਾ ਅਤੇ ਵਿਰੋਧੀ ਟੀਮ ’ਤੇ ਦਬਾਅ ਪਾਉਣਾ ਦੋਵਾਂ ਟੀਮਾਂ ਦੀ ਰਣਨੀਤੀ ਦਾ ਅਹਿਮ ਹਿੱਸਾ ਹੋ ਸਕਦਾ ਹੈ।


ਭਾਰਤੀ ਟੀਮ: ਸ਼ੁਭਮਨ ਗਿੱਲ, ਕੇਐਲ ਰਾਹੁਲ (ਉਪ-ਕਪਤਾਨ), ਯਸ਼ਸਵੀ ਜਾਇਸਵਾਲ, ਰਿਸ਼ਭ ਪੰਤ (ਵਿਕਟਕੀਪਰ), ਧਰੁਵ ਜੁਰੇਲ (ਵਿਕਟਕੀਪਰ), ਰਵਿੰਦਰ ਜਡੇਜਾ, ਕੁਲਦੀਪ ਯਾਦਵ, ਮਾਨਵ ਸੁਥਾਰ, ਮੁਹੰਮਦ ਸਿਰਾਜ, ਪ੍ਰਸਿੱਧ ਕ੍ਰਿਸ਼ਨਾ, ਗੁਰਨੂਰ ਬਰਾੜ, ਦੇਵਦੱਤ ਪਡਿੱਕਲ, ਸਾਰਾਂਸ਼ ਜੈਨ, ਔਕਿਬ ਨਬੀ ਅਤੇ ਸਰਫਰਾਜ਼ ਖਾਨ।

ਸ਼੍ਰੀਲੰਕਾ ਦੀ ਟੀਮ: ਧਨੰਜਯ ਡੀ ਸਿਲਵਾ (ਕਪਤਾਨ), ਲਾਹਿਰੂ ਉਦਾਨਾ, ਨਿਸ਼ਾਨ ਮਦੁਸ਼ਕਾ, ਕਾਮਿੰਦੂ ਮੈਂਡਿਸ, ਦਿਨੇਸ਼ ਚਾਂਦੀਮਲ, ਪਸਿੰਦੂ ਸੂਰਿਆਬੰਡਾਰਾ, ਸੋਨਲ ਦਿਨੂਸ਼ਾ, ਨਿਰੋਸ਼ਨ ਡਿਕਵੇਲਾ, ਰਮੇਸ਼ ਮੈਂਡਿਸ, ਪ੍ਰਭਾਤ ਜੈਸੂਰਿਆ, ਕੇਸ਼ਰਾ ਨੁਵਾਂਥਾ, ਮਿਲਨ ਰਥਨਾਇਕੇ, ਅਸਿਥਾ ਫਰਨਾਂਡੋ, ਲਾਹਿਰੂ ਕੁਮਾਰਾ, ਵਿਸ਼ਵਾ ਫਰਨਾਂਡੋ ਅਤੇ ਦਿਲਸ਼ਾਨ ਮਦੁਸ਼ੰਕਾ।


 

Recent News