Courtesy: Credit: OpenAI
ਇੱਕ ਸਮਾਂ ਸੀ ਜਦੋਂ ਵੈਸਟਇੰਡੀਜ਼ ਦੀ ਟੀਮ ਵਿਸ਼ਵ ਕ੍ਰਿਕਟ 'ਤੇ ਰਾਜ ਕਰਦੀ ਸੀ, ਪਰ ਹੁਣ ਉਹ 2027 ਦੇ ODI ਵਰਲਡ ਕੱਪ ਲਈ ਸਿੱਧੀ ਕੁਆਲੀਫਿਕੇਸ਼ਨ ਤੋਂ ਵੀ ਦੂਰ ਹੁੰਦੀ ਨਜ਼ਰ ਆ ਰਹੀ ਹੈ। 2023 ਦੇ ਵਰਲਡ ਕੱਪ ਵਿੱਚ ਜਗ੍ਹਾ ਨਾ ਬਣਾ ਸਕਣ ਤੋਂ ਬਾਅਦ ਹੁਣ ਕੈਰੇਬੀਆਈ ਟੀਮ ਇੱਕ ਵਾਰ ਫਿਰ ਵੱਡੇ ਸੰਕਟ ਦਾ ਸਾਹਮਣਾ ਕਰ ਰਹੀ ਹੈ। ਮੌਜੂਦਾ ਹਾਲਾਤਾਂ ਵਿੱਚ ਸਿਰਫ਼ ਆਪਣੀ ਜਿੱਤ ਹੀ ਨਹੀਂ, ਸਗੋਂ ਹੋਰ ਟੀਮਾਂ ਦੇ ਨਤੀਜੇ ਵੀ ਉਸਦੇ ਭਵਿੱਖ ਦਾ ਫ਼ੈਸਲਾ ਕਰਨਗੇ।
ICC ਦੇ ਨਿਯਮਾਂ ਅਨੁਸਾਰ 30 ਸਤੰਬਰ 2026 ਤੱਕ ODI ਰੈਂਕਿੰਗ ਵਿੱਚ ਟਾਪ-8 ਵਿੱਚ ਰਹਿਣ ਵਾਲੀਆਂ ਟੀਮਾਂ ਨੂੰ 2027 ਵਰਲਡ ਕੱਪ ਲਈ ਸਿੱਧੀ ਐਂਟਰੀ ਮਿਲੇਗੀ।
ਇਸ ਵੇਲੇ ਸ਼ਾਈ ਹੋਪ ਦੀ ਅਗਵਾਈ ਵਾਲੀ ਵੈਸਟਇੰਡੀਜ਼ ਟੀਮ ਦਸਵੇਂ ਸਥਾਨ 'ਤੇ ਹੈ। ਕਟ-ਆਫ਼ ਤਾਰੀਖ ਤੋਂ ਪਹਿਲਾਂ ਟੀਮ ਕੋਲ ਬਹੁਤ ਘੱਟ ਮੈਚ ਬਚੇ ਹਨ, ਜਿਸ ਕਾਰਨ ਸਿੱਧੀ ਕੁਆਲੀਫਿਕੇਸ਼ਨ ਦਾ ਰਸਤਾ ਕਾਫ਼ੀ ਮੁਸ਼ਕਲ ਹੋ ਗਿਆ ਹੈ।
ਸਤੰਬਰ ਵਿੱਚ ਵੈਸਟਇੰਡੀਜ਼ ਨੂੰ ਭਾਰਤ ਖ਼ਿਲਾਫ਼ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਖੇਡਣੀ ਹੈ। ਹਾਲਾਂਕਿ 30 ਸਤੰਬਰ ਦੀ ਕਟ-ਆਫ਼ ਤਾਰੀਖ ਤੋਂ ਪਹਿਲਾਂ ਸਿਰਫ਼ ਪਹਿਲੇ ਦੋ ਮੈਚ ਹੀ ਰੈਂਕਿੰਗ ਲਈ ਗਿਣੇ ਜਾਣਗੇ।
ਜੇਕਰ ਵੈਸਟਇੰਡੀਜ਼ ਨੂੰ ਸਿੱਧੀ ਕੁਆਲੀਫਿਕੇਸ਼ਨ ਦੀ ਉਮੀਦ ਜ਼ਿੰਦਾ ਰੱਖਣੀ ਹੈ ਤਾਂ ਉਸਨੂੰ ਇਹ ਦੋਵੇਂ ਮੁਕਾਬਲੇ ਜਿੱਤਣੇ ਲਾਜ਼ਮੀ ਹੋਣਗੇ।
ਸਿਰਫ਼ ਭਾਰਤ ਨੂੰ ਹਰਾਉਣਾ ਹੀ ਕਾਫ਼ੀ ਨਹੀਂ ਹੋਵੇਗਾ। ਵੈਸਟਇੰਡੀਜ਼ ਦੀਆਂ ਨਜ਼ਰਾਂ ਆਇਰਲੈਂਡ ਅਤੇ ਅਫਗਾਨਿਸਤਾਨ ਵਿਚਾਲੇ ਚੱਲ ਰਹੀ ਵਨਡੇ ਸੀਰੀਜ਼ 'ਤੇ ਵੀ ਰਹਿਣਗੀਆਂ।
ਜੇਕਰ ਆਇਰਲੈਂਡ ਇਹ ਸੀਰੀਜ਼ ਵੱਡੇ ਅੰਤਰ ਨਾਲ ਆਪਣੇ ਨਾਮ ਕਰਦਾ ਹੈ ਤਾਂ ਵੈਸਟਇੰਡੀਜ਼ ਲਈ ਟਾਪ-8 ਵਿੱਚ ਪਹੁੰਚਣ ਦੀ ਸੰਭਾਵਨਾ ਬਣ ਸਕਦੀ ਹੈ। ਹਾਲਾਂਕਿ ਮੀਂਹ ਕਾਰਨ ਸੀਰੀਜ਼ ਦਾ ਪਹਿਲਾ ਮੈਚ ਰੱਦ ਹੋ ਚੁੱਕਾ ਹੈ, ਜਿਸ ਨਾਲ ਸਮੀਕਰਨ ਹੋਰ ਪੇਚੀਦਾ ਹੋ ਗਏ ਹਨ।
ਮੌਜੂਦਾ ICC ODI ਰੈਂਕਿੰਗ ਵਿੱਚ ਅਫਗਾਨਿਸਤਾਨ ਅੱਠਵੇਂ ਸਥਾਨ 'ਤੇ ਹੈ, ਜਦਕਿ ਆਇਰਲੈਂਡ ਬਾਰ੍ਹਵੇਂ ਨੰਬਰ 'ਤੇ ਹੈ।
ਕ੍ਰਿਕਟ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਅਫਗਾਨਿਸਤਾਨ ਦੀ ਸਿੱਧੀ ਕੁਆਲੀਫਿਕੇਸ਼ਨ ਦੀ ਸੰਭਾਵਨਾ ਮਜ਼ਬੂਤ ਹੈ, ਜਦਕਿ ਆਇਰਲੈਂਡ ਨੂੰ ਕੁਆਲੀਫਾਇਰ ਰਾਹੀਂ ਹੀ ਵਰਲਡ ਕੱਪ ਵਿੱਚ ਜਾਣਾ ਪੈ ਸਕਦਾ ਹੈ।
ਜੇਕਰ ਵੈਸਟਇੰਡੀਜ਼ ਟਾਪ-8 ਵਿੱਚ ਜਗ੍ਹਾ ਨਹੀਂ ਬਣਾ ਸਕੀ ਤਾਂ ਉਸਨੂੰ ਇੱਕ ਵਾਰ ਫਿਰ ਵਰਲਡ ਕੱਪ ਕੁਆਲੀਫਾਇਰ ਖੇਡਣਾ ਪਵੇਗਾ।
ਇਹ ਕੁਆਲੀਫਾਇਰ ਫਰਵਰੀ-ਮਾਰਚ 2027 ਵਿੱਚ ਕਰਵਾਏ ਜਾਣ ਦੀ ਸੰਭਾਵਨਾ ਹੈ। ਯਾਦ ਰਹੇ ਕਿ 2023 ਦੇ ਵਰਲਡ ਕੱਪ ਤੋਂ ਪਹਿਲਾਂ ਵੀ ਵੈਸਟਇੰਡੀਜ਼ ਕੁਆਲੀਫਾਇਰ ਵਿੱਚ ਅਸਫਲ ਰਹੀ ਸੀ ਅਤੇ ਇਤਿਹਾਸ ਵਿੱਚ ਪਹਿਲੀ ਵਾਰ ਵਰਲਡ ਕੱਪ ਤੋਂ ਬਾਹਰ ਰਹਿ ਗਈ ਸੀ।
2027 ਦਾ ICC ODI ਵਰਲਡ ਕੱਪ ਦੱਖਣੀ ਅਫਰੀਕਾ, ਜ਼ਿੰਬਾਬਵੇ ਅਤੇ ਨਾਮੀਬੀਆ ਦੀ ਸਾਂਝੀ ਮੇਜ਼ਬਾਨੀ ਹੇਠ ਖੇਡਿਆ ਜਾਵੇਗਾ।
ਇਸ ਵਾਰ ਟੂਰਨਾਮੈਂਟ ਵਿੱਚ ਕੁੱਲ 14 ਟੀਮਾਂ ਹਿੱਸਾ ਲੈਣਗੀਆਂ। ਇਸ ਕਾਰਨ ਕੁਆਲੀਫਿਕੇਸ਼ਨ ਦੀ ਦੌੜ ਹੋਰ ਵੀ ਦਿਲਚਸਪ ਬਣ ਗਈ ਹੈ।
ਫਿਲਹਾਲ ਵੈਸਟਇੰਡੀਜ਼ ਆਪਣੇ ਘਰੇਲੂ ਮੈਦਾਨ 'ਤੇ ਪਾਕਿਸਤਾਨ ਖ਼ਿਲਾਫ਼ ਟੈਸਟ ਸੀਰੀਜ਼ ਵਿੱਚ ਰੁੱਝੀ ਹੋਈ ਹੈ। ਇਸ ਤੋਂ ਬਾਅਦ ਟੀਮ ਭਾਰਤ ਖ਼ਿਲਾਫ਼ ਵਨਡੇ ਅਤੇ ਟੀ-20 ਸੀਰੀਜ਼ ਖੇਡੇਗੀ।
ਹੁਣ ਸਭ ਦੀਆਂ ਨਜ਼ਰਾਂ ਇਸ ਗੱਲ 'ਤੇ ਹੋਣਗੀਆਂ ਕਿ ਕੀ ਵੈਸਟਇੰਡੀਜ਼ ਭਾਰਤ ਖ਼ਿਲਾਫ਼ ਜਿੱਤ ਦਰਜ ਕਰਕੇ ਆਪਣੀ ਸਿੱਧੀ ਕੁਆਲੀਫਿਕੇਸ਼ਨ ਦੀ ਆਸ ਬਚਾ ਸਕੇਗੀ ਜਾਂ ਉਸਨੂੰ ਇੱਕ ਵਾਰ ਫਿਰ ਵਰਲਡ ਕੱਪ ਕੁਆਲੀਫਾਇਰ ਦਾ ਔਖਾ ਰਸਤਾ ਤੈਅ ਕਰਨਾ ਪਵੇਗਾ।