ਬਹੁਤ ਸਾਰੇ ਲੋਕ ਕਾਰ ਇੰਸ਼ੋਰੈਂਸ ਖਰੀਦਦੇ ਸਮੇਂ ਸਿਰਫ਼ ਘੱਟ ਪ੍ਰੀਮੀਅਮ ਨੂੰ ਹੀ ਤਰਜੀਹ ਦਿੰਦੇ ਹਨ। ਪਰ ਸਸਤੀ ਪਾਲਿਸੀ ਵਿੱਚ ਅਕਸਰ ਕਈ ਮਹੱਤਵਪੂਰਨ ਸੁਵਿਧਾਵਾਂ ਸ਼ਾਮਲ ਨਹੀਂ ਹੁੰਦੀਆਂ।
ਇੰਜਣ ਪ੍ਰੋਟੈਕਸ਼ਨ, ਜ਼ੀਰੋ ਡਿਪਰੀਸੀਏਸ਼ਨ ਕਵਰ, ਰੋਡਸਾਈਡ ਅਸਿਸਟੈਂਸ ਅਤੇ ਕਨਜ਼ਿਊਮੇਬਲ ਕਵਰ ਵਰਗੀਆਂ ਸੁਵਿਧਾਵਾਂ ਵੱਖਰੇ ਤੌਰ 'ਤੇ ਲੈਣੀਆਂ ਪੈ ਸਕਦੀਆਂ ਹਨ। ਜੇਕਰ ਕਵਰੇਜ ਨੂੰ ਸਮਝੇ ਬਿਨਾਂ ਸਿਰਫ਼ ਸਸਤੀ ਪਾਲਿਸੀ ਚੁਣੀ ਜਾਂਦੀ ਹੈ ਤਾਂ ਹਾਦਸੇ ਤੋਂ ਬਾਅਦ ਵੱਡਾ ਖਰਚਾ ਆਪਣੀ ਜੇਬ ਵਿਚੋਂ ਕਰਨਾ ਪੈ ਸਕਦਾ ਹੈ।
ਇੰਸ਼ੋਰੈਂਸ ਕੰਪਨੀ ਨੂੰ ਵਾਹਨ ਨਾਲ ਜੁੜੀ ਹਰ ਜਾਣਕਾਰੀ ਸਹੀ ਤਰੀਕੇ ਨਾਲ ਦੇਣੀ ਚਾਹੀਦੀ ਹੈ। ਕਈ ਵਾਰ ਲੋਕ ਕਾਰ ਵਿੱਚ ਕੀਤੀਆਂ ਮੋਡੀਫਿਕੇਸ਼ਨਾਂ ਜਾਂ ਵਾਹਨ ਦੀ ਵਰਤੋਂ ਬਾਰੇ ਪੂਰੀ ਜਾਣਕਾਰੀ ਨਹੀਂ ਦਿੰਦੇ।
ਜਦੋਂ ਕਲੇਮ ਕੀਤਾ ਜਾਂਦਾ ਹੈ ਅਤੇ ਜਾਂਚ ਦੌਰਾਨ ਗਲਤ ਜਾਂ ਅਧੂਰੀ ਜਾਣਕਾਰੀ ਸਾਹਮਣੇ ਆ ਜਾਂਦੀ ਹੈ ਤਾਂ ਕੰਪਨੀ ਕਲੇਮ ਰੱਦ ਕਰ ਸਕਦੀ ਹੈ। ਇਸ ਲਈ ਪਾਲਿਸੀ ਲੈਂਦੇ ਸਮੇਂ ਹਰ ਜਾਣਕਾਰੀ ਪੂਰੀ ਇਮਾਨਦਾਰੀ ਨਾਲ ਦੇਣੀ ਚਾਹੀਦੀ ਹੈ।
ਜੇਕਰ ਕੋਈ ਹਾਦਸਾ ਵਾਪਰ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਇੰਸ਼ੋਰੈਂਸ ਕੰਪਨੀ ਨੂੰ ਇਸ ਬਾਰੇ ਜਾਣਕਾਰੀ ਦੇਣੀ ਲਾਜ਼ਮੀ ਹੈ।
ਜੇ ਹਾਦਸੇ ਦੀ ਸੂਚਨਾ ਦੇਣ ਵਿੱਚ ਦੇਰੀ ਹੋ ਜਾਂਦੀ ਹੈ ਤਾਂ ਕਲੇਮ ਪ੍ਰਕਿਰਿਆ ਪ੍ਰਭਾਵਿਤ ਹੋ ਸਕਦੀ ਹੈ। ਕੁਝ ਮਾਮਲਿਆਂ ਵਿੱਚ ਕੰਪਨੀ ਕਲੇਮ ਨੂੰ ਸਿੱਧਾ ਰੱਦ ਵੀ ਕਰ ਸਕਦੀ ਹੈ। ਇਸ ਲਈ ਹਰ ਘਟਨਾ ਦੀ ਜਾਣਕਾਰੀ ਸਮੇਂ ਸਿਰ ਦੇਣਾ ਬਹੁਤ ਜ਼ਰੂਰੀ ਹੈ।
ਮਾਹਿਰਾਂ ਮੁਤਾਬਕ ਨਸ਼ੇ ਦੀ ਹਾਲਤ ਵਿੱਚ ਗੱਡੀ ਚਲਾਉਣਾ, ਵੈਧ ਡਰਾਈਵਿੰਗ ਲਾਇਸੈਂਸ ਨਾ ਹੋਣਾ ਜਾਂ ਸਮੇਂ ਸਿਰ ਪਾਲਿਸੀ ਰੀਨਿਊ ਨਾ ਕਰਵਾਉਣਾ ਕਲੇਮ ਰੱਦ ਹੋਣ ਦੇ ਵੱਡੇ ਕਾਰਨ ਬਣ ਸਕਦੇ ਹਨ।
ਇਸ ਤੋਂ ਇਲਾਵਾ ਪਾਲਿਸੀ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ 'ਤੇ ਵੀ ਕੰਪਨੀ ਮੁਆਵਜ਼ਾ ਦੇਣ ਤੋਂ ਇਨਕਾਰ ਕਰ ਸਕਦੀ ਹੈ।
ਕਈ ਲੋਕ ਛੋਟੇ ਹਾਦਸਿਆਂ ਤੋਂ ਬਾਅਦ ਆਪਣੀ ਕਾਰ ਕਿਸੇ ਸਥਾਨਕ ਗੈਰ-ਮਾਨਤਾ ਪ੍ਰਾਪਤ ਗੈਰਾਜ ਵਿੱਚ ਠੀਕ ਕਰਵਾ ਲੈਂਦੇ ਹਨ ਅਤੇ ਬਾਅਦ ਵਿੱਚ ਇੰਸ਼ੋਰੈਂਸ ਕਲੇਮ ਦੀ ਉਮੀਦ ਰੱਖਦੇ ਹਨ।
ਪਰ ਬਹੁਤ ਸਾਰੀਆਂ ਕੰਪਨੀਆਂ ਅਜਿਹੇ ਗੈਰਾਜਾਂ ਦੇ ਖਰਚੇ ਨੂੰ ਕਵਰ ਨਹੀਂ ਕਰਦੀਆਂ। ਇਸ ਲਈ ਵਾਹਨ ਨੂੰ ਹਮੇਸ਼ਾ ਕੰਪਨੀ ਵੱਲੋਂ ਮਨਜ਼ੂਰਸ਼ੁਦਾ ਸਰਵਿਸ ਸੈਂਟਰ 'ਤੇ ਹੀ ਲੈ ਕੇ ਜਾਣਾ ਚਾਹੀਦਾ ਹੈ।
ਸਹੀ ਕਾਰ ਇੰਸ਼ੋਰੈਂਸ ਚੁਣਨਾ ਜਿੰਨਾ ਮਹੱਤਵਪੂਰਨ ਹੈ, ਉਸ ਦੀਆਂ ਸ਼ਰਤਾਂ ਅਤੇ ਨਿਯਮਾਂ ਨੂੰ ਸਮਝਣਾ ਵੀ ਉਤਨਾ ਹੀ ਜ਼ਰੂਰੀ ਹੈ।
ਮਾਹਿਰਾਂ ਦਾ ਮੰਨਣਾ ਹੈ ਕਿ ਥੋੜ੍ਹੀ ਜਿਹੀ ਸਾਵਧਾਨੀ ਅਤੇ ਸਹੀ ਜਾਣਕਾਰੀ ਭਵਿੱਖ ਵਿੱਚ ਵੱਡੇ ਆਰਥਿਕ ਨੁਕਸਾਨ ਤੋਂ ਬਚਾ ਸਕਦੀ ਹੈ। ਇਸ ਲਈ ਪਾਲਿਸੀ ਖਰੀਦਣ ਤੋਂ ਪਹਿਲਾਂ ਹਰ ਵੇਰਵਾ ਧਿਆਨ ਨਾਲ ਪੜ੍ਹਨਾ ਅਤੇ ਸਮਝਣਾ ਬਹੁਤ ਲਾਜ਼ਮੀ ਹੈ।