menu-icon
Punjabi Story Line
  • Home
  • News
  • Auto
  • ਫੋਕਸਵੈਗਨ 'ਤੇ ਆਇਆ ਸੰਕਟ! 1 ਲੱਖ ਤੱਕ ਨੌਕਰੀਆਂ ਜਾਣ ਦਾ ਖਤਰਾ

ਫੋਕਸਵੈਗਨ 'ਤੇ ਆਇਆ ਸੰਕਟ! 1 ਲੱਖ ਤੱਕ ਨੌਕਰੀਆਂ ਜਾਣ ਦਾ ਖਤਰਾ

ਸਭ ਤੋਂ ਵੱਡੀਆਂ ਕਾਰ ਨਿਰਮਾਤਾ ਕੰਪਨੀਆਂ ਵਿੱਚੋਂ ਇੱਕ ਫੋਕਸਵੈਗਨ (Volkswagen) ਤੇ ਵੱਡਾ ਸੰਕਟ ਆਇਆ ਹੈ। ਯੂਰਪ ਵਿੱਚ ਘਟਦੀ ਮੰਗ, ਚੀਨੀ ਕੰਪਨੀਆਂ ਵੱਲੋਂ ਵਧਦਾ ਮੁਕਾਬਲਾ ਅਤੇ ਅਮਰੀਕੀ ਟੈਰਿਫ਼ ਦੇ ਦਬਾਅ ਕਾਰਨ ਕੰਪਨੀ ਵੱਡੇ ਪੱਧਰ 'ਤੇ ਖਰਚ ਘਟਾਉਣ ਦੀ ਯੋਜਨਾ ਬਣਾ ਰਹੀ ਹੈ, ਜਿਸ ਕਾਰਨ 4 ਫੈਕਟਰੀਆਂ ਬੰਦ ਹੋ ਸਕਦੀਆਂ ਹਨ।

Date Updated Last Updated : 27 June 2026, 03:43 PM IST
Share:

ਨਵੀਂ ਦਿੱਲੀ: ਦੁਨੀਆ ਦੀਆਂ ਸਭ ਤੋਂ ਵੱਡੀਆਂ ਕਾਰ ਨਿਰਮਾਤਾ ਕੰਪਨੀਆਂ ਵਿੱਚੋਂ ਇੱਕ ਫੋਕਸਵੈਗਨ (Volkswagen) ਆਪਣੇ ਇਤਿਹਾਸ ਦੇ ਸਭ ਤੋਂ ਵੱਡੇ ਪੁਨਰਗਠਨ ਦੀ ਤਿਆਰੀ ਕਰ ਰਹੀ ਹੈ। ਯੂਰਪ ਵਿੱਚ ਘਟਦੀ ਮੰਗ, ਚੀਨੀ ਕੰਪਨੀਆਂ ਵੱਲੋਂ ਵਧਦਾ ਮੁਕਾਬਲਾ ਅਤੇ ਅਮਰੀਕੀ ਟੈਰਿਫ਼ ਦੇ ਦਬਾਅ ਕਾਰਨ ਕੰਪਨੀ ਵੱਡੇ ਪੱਧਰ 'ਤੇ ਖਰਚ ਘਟਾਉਣ ਦੀ ਯੋਜਨਾ ਬਣਾ ਰਹੀ ਹੈ। ਇਸ ਯੋਜਨਾ ਦੇ ਤਹਿਤ ਲਗਭਗ ਇੱਕ ਲੱਖ ਕਰਮਚਾਰੀਆਂ ਦੀਆਂ ਨੌਕਰੀਆਂ ਪ੍ਰਭਾਵਿਤ ਹੋ ਸਕਦੀਆਂ ਹਨ, ਜਦਕਿ ਚਾਰ ਉਤਪਾਦਨ ਇਕਾਈਆਂ ਨੂੰ ਬੰਦ ਕਰਨ 'ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ।

ਚਾਰ ਵੱਡੇ ਪਲਾਂਟ ਬੰਦ ਕਰਨ ਦੀ ਤਿਆਰੀ

ਰਿਪੋਰਟਾਂ ਅਨੁਸਾਰ ਫੋਕਸਵੈਗਨ ਦੇ ਉੱਚ ਅਧਿਕਾਰੀਆਂ ਸਾਹਮਣੇ ਜੋ ਪ੍ਰਸਤਾਵ ਰੱਖੇ ਗਏ ਹਨ, ਉਨ੍ਹਾਂ ਵਿੱਚ ਹੈਨੋਵਰ, ਜ਼ਵਿਕਾਊ, ਐਮਡਨ ਅਤੇ ਆਡੀ ਦੇ ਨੇਕਾਰਸੁਲਮ ਪਲਾਂਟ ਨੂੰ ਬੰਦ ਕਰਨ ਦੀ ਯੋਜਨਾ ਵੀ ਸ਼ਾਮਲ ਹੈ। ਕੰਪਨੀ ਦੇ ਬੋਰਡ ਦੀ 9 ਜੁਲਾਈ ਨੂੰ ਹੋਣ ਵਾਲੀ ਮੀਟਿੰਗ ਵਿੱਚ ਇਨ੍ਹਾਂ ਪ੍ਰਸਤਾਵਾਂ 'ਤੇ ਵਿਚਾਰ ਕੀਤਾ ਜਾ ਸਕਦਾ ਹੈ।

ਜੇਕਰ ਇਹ ਯੋਜਨਾ ਮਨਜ਼ੂਰ ਹੋ ਜਾਂਦੀ ਹੈ ਤਾਂ ਕਰੀਬ 45 ਹਜ਼ਾਰ ਕਰਮਚਾਰੀਆਂ ਦੀਆਂ ਨੌਕਰੀਆਂ ਤੁਰੰਤ ਪ੍ਰਭਾਵਿਤ ਹੋ ਸਕਦੀਆਂ ਹਨ। ਇਸ ਤੋਂ ਪਹਿਲਾਂ ਵੀ ਕੰਪਨੀ ਲਗਭਗ 50 ਹਜ਼ਾਰ ਅਹੁਦਿਆਂ ਵਿੱਚ ਕਟੌਤੀ ਨੂੰ ਲੈ ਕੇ ਕਰਮਚਾਰੀ ਯੂਨੀਅਨਾਂ ਨਾਲ ਚਰਚਾ ਕਰ ਚੁੱਕੀ ਹੈ। ਕੁੱਲ ਮਿਲਾ ਕੇ ਇਹ ਗਿਣਤੀ ਇੱਕ ਲੱਖ ਤੱਕ ਪਹੁੰਚ ਸਕਦੀ ਹੈ, ਜੋ ਆਟੋ ਉਦਯੋਗ ਦੇ ਇਤਿਹਾਸ ਦੀ ਸਭ ਤੋਂ ਵੱਡੀ ਛਾਂਟੀ ਮੰਨੀ ਜਾ ਰਹੀ ਹੈ।

ਨਿਵੇਸ਼ ਵਿੱਚ ਵੀ ਵੱਡੀ ਕਟੌਤੀ

ਫੋਕਸਵੈਗਨ ਸਿਰਫ ਕਰਮਚਾਰੀਆਂ ਦੀ ਗਿਣਤੀ ਘਟਾਉਣ 'ਤੇ ਹੀ ਨਹੀਂ, ਸਗੋਂ ਆਪਣੇ ਭਵਿੱਖੀ ਨਿਵੇਸ਼ ਵਿੱਚ ਵੀ ਕਮੀ ਲਿਆਉਣ ਦੀ ਯੋਜਨਾ ਬਣਾ ਰਹੀ ਹੈ। ਜਾਣਕਾਰੀ ਮੁਤਾਬਕ ਅਗਲੇ ਪੰਜ ਸਾਲਾਂ ਦੌਰਾਨ ਕੰਪਨੀ ਆਪਣੇ ਕੁੱਲ ਨਿਵੇਸ਼ ਵਿੱਚ ਲਗਭਗ 15 ਫੀਸਦੀ ਦੀ ਕਟੌਤੀ ਕਰ ਸਕਦੀ ਹੈ। ਇਸ ਤੋਂ ਬਾਅਦ ਕੰਪਨੀ ਦਾ ਕੁੱਲ ਨਿਵੇਸ਼ ਕਰੀਬ 130 ਅਰਬ ਯੂਰੋ ਰਹਿ ਜਾਣ ਦੀ ਸੰਭਾਵਨਾ ਹੈ।

ਚੀਨੀ ਕੰਪਨੀਆਂ ਤੋਂ ਮਿਲ ਰਹੀ ਕੜੀ ਟੱਕਰ

ਪਿਛਲੇ ਕੁਝ ਸਾਲਾਂ ਵਿੱਚ ਚੀਨ ਦੀਆਂ ਕਾਰ ਨਿਰਮਾਤਾ ਕੰਪਨੀਆਂ ਨੇ ਵਿਸ਼ਵ ਬਾਜ਼ਾਰ ਵਿੱਚ ਤੇਜ਼ੀ ਨਾਲ ਆਪਣੀ ਪਕੜ ਮਜ਼ਬੂਤ ਕੀਤੀ ਹੈ। ਘੱਟ ਕੀਮਤ, ਨਵੀਂ ਤਕਨੀਕ ਅਤੇ ਖਾਸ ਕਰਕੇ ਇਲੈਕਟ੍ਰਿਕ ਵਾਹਨਾਂ ਵਿੱਚ ਤੇਜ਼ੀ ਨਾਲ ਹੋ ਰਹੇ ਵਿਕਾਸ ਕਾਰਨ ਚੀਨੀ ਬ੍ਰਾਂਡਾਂ ਨੇ ਯੂਰਪੀ ਕੰਪਨੀਆਂ ਲਈ ਮੁਸ਼ਕਲਾਂ ਖੜ੍ਹੀਆਂ ਕਰ ਦਿੱਤੀਆਂ ਹਨ।

ਇੱਕ ਸਮਾਂ ਸੀ ਜਦੋਂ ਫੋਕਸਵੈਗਨ ਚੀਨ ਵਿੱਚ ਸਭ ਤੋਂ ਵੱਧ ਕਾਰਾਂ ਵੇਚਦੀ ਸੀ, ਪਰ 2024 ਵਿੱਚ BYD ਨੇ ਉਸਨੂੰ ਪਿੱਛੇ ਛੱਡ ਦਿੱਤਾ। ਇਸ ਤੋਂ ਬਾਅਦ ਫੋਕਸਵੈਗਨ ਦੀ ਵਿਕਰੀ ਵਿੱਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ।

ਯੂਰਪ ਵਿੱਚ ਵੀ ਵਧਿਆ ਮੁਕਾਬਲਾ

ਚੀਨੀ ਕੰਪਨੀਆਂ ਦਾ ਦਬਾਅ ਹੁਣ ਸਿਰਫ ਚੀਨ ਤੱਕ ਸੀਮਿਤ ਨਹੀਂ ਰਿਹਾ। ਯੂਰਪੀ ਬਾਜ਼ਾਰ ਵਿੱਚ ਵੀ BYD, Chery, SAIC ਅਤੇ Leapmotor ਵਰਗੀਆਂ ਕੰਪਨੀਆਂ ਦੀ ਹਿਸੇਦਾਰੀ ਤੇਜ਼ੀ ਨਾਲ ਵਧੀ ਹੈ। ਇਸ ਕਾਰਨ ਫੋਕਸਵੈਗਨ ਨੂੰ ਆਪਣੇ ਹੀ ਘਰੇਲੂ ਬਾਜ਼ਾਰ ਵਿੱਚ ਸਖ਼ਤ ਮੁਕਾਬਲੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਅਮਰੀਕੀ ਟੈਰਿਫ਼ ਅਤੇ ਘਟਦੀ ਮੰਗ ਨੇ ਵਧਾਈਆਂ ਮੁਸ਼ਕਲਾਂ

ਯੂਰਪ ਵਿੱਚ ਕਾਰਾਂ ਦੀ ਮੰਗ ਪਹਿਲਾਂ ਨਾਲੋਂ ਘੱਟ ਹੋ ਰਹੀ ਹੈ। ਇਸਦੇ ਨਾਲ ਹੀ ਅਮਰੀਕਾ ਵੱਲੋਂ ਯੂਰਪੀ ਉਤਪਾਦਾਂ 'ਤੇ ਲਗਾਏ ਗਏ ਟੈਰਿਫ਼ ਨੇ ਵੀ ਕੰਪਨੀ ਦੇ ਕਾਰੋਬਾਰ 'ਤੇ ਅਸਰ ਪਾਇਆ ਹੈ। ਵਧਦੀ ਲਾਗਤ, ਘਟਦੀ ਵਿਕਰੀ ਅਤੇ ਮੁਨਾਫ਼ੇ ਵਿੱਚ ਕਮੀ ਕਾਰਨ ਫੋਕਸਵੈਗਨ ਆਪਣੀ ਕਾਰੋਬਾਰੀ ਰਣਨੀਤੀ ਵਿੱਚ ਵੱਡੇ ਬਦਲਾਅ ਕਰਨ ਲਈ ਮਜਬੂਰ ਹੋ ਰਹੀ ਹੈ।

ਕੰਪਨੀ ਦੇ ਪ੍ਰਬੰਧਨ ਨੇ ਵੀ ਮੰਨਿਆ ਹੈ ਕਿ ਮੌਜੂਦਾ ਹਾਲਾਤਾਂ ਵਿੱਚ ਪੁਰਾਣੇ ਕਾਰੋਬਾਰੀ ਮਾਡਲ 'ਤੇ ਕੰਮ ਕਰਨਾ ਮੁਸ਼ਕਲ ਹੋ ਰਿਹਾ ਹੈ। ਇਸ ਲਈ ਖਰਚ ਘਟਾਉਣ, ਉਤਪਾਦਨ ਸਮਰੱਥਾ ਵਿੱਚ ਸੋਧ ਕਰਨ ਅਤੇ ਨਵੇਂ ਬਾਜ਼ਾਰਾਂ ਦੇ ਮੁਤਾਬਕ ਖੁਦ ਨੂੰ ਢਾਲਣ ਲਈ ਇਹ ਕਦਮ ਚੁੱਕੇ ਜਾ ਰਹੇ ਹਨ।

Recent News