Crime News: ਲੁਧਿਆਣਾ ਦੇ ਪਿੰਡ ਕਿਲਾ ਰਾਏਪੁਰ ਵਿੱਚ ਇੱਕ ਔਰਤ ਨੇ ਆਪਣੇ ਪ੍ਰੇਮੀ ਅਤੇ ਉਸਦੇ ਦੋ ਸਾਥੀਆਂ ਨਾਲ ਮਿਲ ਕੇ ਆਪਣੇ ਪਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਅਤੇ ਫਿਰ ਲਾਸ਼ ਨੂੰ ਖੁਰਦ ਬੁਰਦ ਕਰਨ ਲਈ ਪਿੰਡ ਖਾਨਪੁਰ ਨਹਿਰ ਦੇ ਕੰਢੇ ਸੁੱਟ ਦਿੱਤਾ। ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਇਕ ਰਾਹਗੀਰ ਨੇ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਥਾਣਾ ਡੇਹਲੋਂ ਤੋਂ ਸੀਨੀਅਰ ਪੁਲੀਸ ਅਧਿਕਾਰੀ ਅਤੇ ਪੁਲਿਸ ਮੌਕੇ ’ਤੇ ਪਹੁੰਚ ਗਈ। ਜਾਂਚ ਦੌਰਾਨ ਮ੍ਰਿਤਕ ਦੇ ਸਿਰ ਅਤੇ ਚਿਹਰੇ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲੇ ਦੇ ਕਈ ਨਿਸ਼ਾਨ ਮਿਲੇ ਹਨ।
ਇੱਟਾਂ ਦੇ ਭੱਠੇ ਤੇ ਕੰਮ ਕਰਦਾ ਸੀ ਹਰਜੀਤ
ਹਰਜੀਤ ਸਿੰਘ ਦੇ ਭਰਾ ਬਲਵਿੰਦਰ ਸਿੰਘ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਹਰਜੀਤ ਸਿੰਘ ਆਪਣੇ ਪਰਿਵਾਰ ਨਾਲ ਰਹਿੰਦਾ ਸੀ। ਮੁਲਜ਼ਮ ਸਾਜਿਦ ਆਲਮ ਮੂਲ ਰੂਪ ਵਿੱਚ ਬੰਗਾਲ ਦਾ ਰਹਿਣ ਵਾਲਾ ਸੀ ਪਰ ਹਰਜੀਤ ਦੇ ਨਾਲ ਇੱਟਾਂ ਦੇ ਭੱਠੇ ’ਤੇ ਕੰਮ ਕਰਦਾ ਸੀ। ਉਨ੍ਹਾਂ ਨੇ ਪੰਜ ਸਾਲ ਇਕੱਠੇ ਕੰਮ ਕੀਤਾ ਜਿਸ ਕਾਰਨ ਉਹ ਚੰਗੇ ਦੋਸਤ ਬਣ ਗਏ। ਹਰਜੀਤ ਨੇ ਮੁਲਜ਼ਮ ਸਾਜਿਦ ਆਲਮ ਨੂੰ ਆਪਣੇ ਘਰ ਰਹਿਣ ਲਈ ਜਗ੍ਹਾ ਦਿੱਤੀ।
ਸਾਜਿਦ ਆਲਮ ਦੇ ਸਨ ਹਰਜੀਤ ਦੀ ਪਤਨੀ ਨਾਲ ਨਾਜਾਇਜ਼ ਸਬੰਧ
ਸਾਜਿਦ ਆਲਮ ਦੇ ਆਪਣੇ ਹੀ ਦੋਸਤ ਹਰਜੀਤ ਸਿੰਘ ਦੀ ਪਤਨੀ ਹਰਵਿੰਦਰ ਕੌਰ ਨਾਲ ਨਾਜਾਇਜ਼ ਸਬੰਧ ਸਨ। ਇਸ ਬਾਰੇ ਹਰਜੀਤ ਨੂੰ ਪਤਾ ਲੱਗ ਗਿਆ ਸੀ। ਜਿਸ ਕਾਰਨ ਉਨ੍ਹਾਂ ਦੀ ਦੋਸਤੀ ਵਿੱਚ ਦਰਾਰ ਆ ਗਈ ਸੀ। ਹਰਜੀਤ ਅਤੇ ਹਰਵਿੰਦਰ ਵਿਚਕਾਰ ਤਕਰਾਰ ਵੀ ਹੋ ਗਈ। ਹਰਵਿੰਦਰ ਨੇ ਆਪਣੇ ਪ੍ਰੇਮੀ ਸਾਜਿਦ ਨਾਲ ਮਿਲ ਕੇ ਆਪਣੇ ਪਤੀ ਹਰਜੀਤ ਨੂੰ ਮਾਰਨ ਦੀ ਯੋਜਨਾ ਬਣਾਈ। ਦੋਵਾਂ ਨੇ ਆਪਣੇ ਦੋ ਅਣਪਛਾਤੇ ਸਾਥੀਆਂ ਨਾਲ ਮਿਲ ਕੇ ਹਰਜੀਤ ਸਿੰਘ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ।
ਨਹਿਰ ਕੰਢੇ ਸੁੱਟੀ ਲਾਸ਼
ਮੁਲਜ਼ਮਾਂ ਨੇ ਹਰਜੀਤ ਸਿੰਘ ’ਤੇ ਤੇਜ਼ਧਾਰ ਹਥਿਆਰਾਂ ਨਾਲ ਕਈ ਵਾਰ ਕੀਤੇ ਅਤੇ ਉਸ ਨੂੰ ਪਿੰਡ ਨੀਲੋ ਕਲਾਂ ਨੂੰ ਜਾਂਦੀ ਸੜਕ ’ਤੇ ਪੈਂਦੇ ਪਿੰਡ ਖਾਨਪੁਰ ਦੀ ਖਾਨਪੁਰ ਨਹਿਰ ਦੇ ਕੰਢੇ ਸੁੱਟ ਦਿੱਤਾ। ਪਰਿਵਾਰ ਵਾਲੇ ਜਦੋਂ ਮੌਕੇ 'ਤੇ ਪਹੁੰਚੇ ਤਾਂ ਸਾਰੇ ਹੈਰਾਨ ਰਹਿ ਗਏ। ਹਰਜੀਤ ਦੇ ਸਿਰ ਅਤੇ ਚਿਹਰੇ 'ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤੇ ਗਏ। ਡੇਹਲੋਂ ਥਾਣੇ ਦੇ ਇੰਸਪੈਕਟਰ ਰਵਿੰਦਰ ਕੁਮਾਰ ਅਨੁਸਾਰ ਮੁਲਜ਼ਮ ਹਰਜੀਤ ਸਿੰਘ ਦੇ ਕਤਲ ਤੋਂ ਬਾਅਦ ਤੋਂ ਫਰਾਰ ਹੈ। ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।