Courtesy: instagram@akanksha8000
ਬਿੱਗ ਬੌਸ ਓਟੀਟੀ ਨਾਲ ਚਰਚਾ ਵਿੱਚ ਆਈ ਅਤੇ ਟੀਵੀ ਸੀਰੀਅਲ ‘ਵਿਘਨਹਰਤਾ ਗਣੇਸ਼’ ਵਿੱਚ ਦੇਵੀ ਪਾਰਵਤੀ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਅਕਾਂਕਸ਼ਾ ਪੁਰੀ ਨੇ ਚੱਲ ਰਹੇ ਸੀਜੇਪੀ ਪ੍ਰੋਟੇਸਟ ਨੂੰ ਲੈ ਕੇ ਇੱਕ ਹੈਰਾਨ ਕਰਨ ਵਾਲਾ ਦਾਅਵਾ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮਨੋਰੰਜਨ ਜਗਤ ਨਾਲ ਜੁੜੇ ਕਈ ਕਲਾਕਾਰਾਂ ਅਤੇ ਕੰਟੈਂਟ ਕ੍ਰੀਏਟਰਾਂ ਨੂੰ ਵੱਖ-ਵੱਖ ਪ੍ਰਦਰਸ਼ਨਾਂ ਵਿੱਚ ਸ਼ਾਮਲ ਹੋਣ ਅਤੇ ਉਨ੍ਹਾਂ ਨੂੰ ਪ੍ਰਚਾਰ ਦਾ ਹਿੱਸਾ ਬਣਾਉਣ ਲਈ ਪੈਸਿਆਂ ਦੇ ਆਫ਼ਰ ਦਿੱਤੇ ਜਾ ਰਹੇ ਹਨ। ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਸੋਸ਼ਲ ਮੀਡੀਆ ਅਤੇ ਮਨੋਰੰਜਨ ਜਗਤ ਵਿੱਚ ਨਵੀਂ ਚਰਚਾ ਛਿੜ ਗਈ ਹੈ।
ਇੱਕ ਇੰਟਰਵਿਊ ਦੌਰਾਨ ਅਕਾਂਕਸ਼ਾ ਪੁਰੀ ਨੇ ਕਿਹਾ ਕਿ ਲੋਕਾਂ ਨੂੰ ਕਿਸੇ ਵੀ ਅੰਦੋਲਨ ਜਾਂ ਸਮਾਜਿਕ ਮੁੱਦੇ ਨੂੰ ਸਿਰਫ਼ ਆਪਣੀ ਪਬਲਿਸਿਟੀ ਦਾ ਸਾਧਨ ਨਹੀਂ ਬਣਾਉਣਾ ਚਾਹੀਦਾ। ਮੈਂ ਬਸ ਇਹੀ ਚਾਹੁੰਦੀ ਹਾਂ ਕਿ ਲੋਕ ਸਹੀ ਗੱਲ ਦਾ ਸਾਥ ਦੇਣ। ਇਸਨੂੰ ਮਾਰਕਟਿੰਗ ਦਾ ਜ਼ਰਿਆ ਨਾ ਬਣਾਇਆ ਜਾਵੇ। ਇਸਤੋਂ ਪੈਸੇ ਨਾ ਕਮਾਏ ਜਾਣ ਅਤੇ ਆਪਣੀ ਰੋਟੀ ਨਾ ਸੇਕਣ। ਸਹੀ ਗੱਲ ਦਾ ਸਾਥ ਦੇਉ। ਸਹੀ ਲੋਕਾਂ ਦਾ ਸਾਥ ਦੇਉ। ਮੈਂ ਹੋਰ ਕੀ ਖੁੱਲ੍ਹ ਕੇ ਕਹਾਂ। ਮੈਨੂੰ ਲੱਗਦਾ ਹੈ ਕਿ ਜੋ ਲੋਕ ਮੇਰੇ ਨਾਲ ਖੜ੍ਹੇ ਹਨ, ਐਕਟਰ, ਕੰਟੇਂਟ ਕ੍ਰਿਏਟਰ ਉਹ ਸਬ ਜਾਣਦੇ ਹਨ ਕਿ ਬਹੁਤ ਸਾਰੇ ਲੋਕ ਅਤੇ ਪਾਰਟੀਆਂ ਸਾਡੇ ਨਾਲ ਕੰਟੇਕਟ ਕਰ ਰਹੀਆਂ ਹਨ, ਤਾਂ ਕਿ ਇਸਨੂੰ ਮਾਰਕੀਟਿੰਗ ਦਾ ਹਿੱਸਾ ਬਣਾਇਆ ਜਾ ਸਕੇ। ਤਾਂ ਕਿ ਉਹ ਰੈਲੀਆਂ 'ਚ ਜਾ ਸਕਣ।
ਅਕਾਂਕਸ਼ਾ ਨੇ ਸਪੱਸ਼ਟ ਕੀਤਾ ਕਿ ਉਹ ਅਜਿਹੀਆਂ ਗਤੀਵਿਧੀਆਂ ਦਾ ਹਿੱਸਾ ਨਹੀਂ ਬਣਨਾ ਚਾਹੁੰਦੀ। ਉਨ੍ਹਾਂ ਕਿਹਾ ਕਿ ਉਹ ਸਿਰਫ਼ ਸਹੀ ਮਕਸਦ ਲਈ ਖੜ੍ਹਨਾ ਚਾਹੁੰਦੀ ਹੈ ਅਤੇ ਕਿਸੇ ਵੀ ਮੁੱਦੇ 'ਤੇ ਆਪਣੀ ਮੌਜੂਦਗੀ ਨਾਲੋਂ ਵੱਧ ਅਹਿਮ ਉਸਦੀ ਨੀਅਤ ਹੈ।
ਉਨ੍ਹਾਂ ਕਿਹਾ ਕਿ ਜਦੋਂ ਵੀ ਕਿਸੇ ਨੂੰ ਸੱਚਮੁੱਚ ਮਦਦ ਦੀ ਲੋੜ ਹੁੰਦੀ ਹੈ, ਉਹ ਹਮੇਸ਼ਾ ਉਸ ਦੇ ਨਾਲ ਖੜ੍ਹਦੀ ਹੈ। ਵਿਦਿਆਰਥੀਆਂ ਨਾਲ ਹੋ ਰਹੀਆਂ ਘਟਨਾਵਾਂ ਦੇ ਦ੍ਰਿਸ਼ ਦੇਖ ਕੇ ਉਨ੍ਹਾਂ ਨੂੰ ਬਹੁਤ ਦੁੱਖ ਹੋਇਆ ਕਿਉਂਕਿ ਇਹ ਦੇਸ਼ ਦਾ ਭਵਿੱਖ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਵਿਦਿਆਰਥੀਆਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਸੁਣਿਆ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਸਮਰਥਨ ਮਿਲਣਾ ਚਾਹੀਦਾ ਹੈ।
ਅਕਾਂਕਸ਼ਾ ਪੁਰੀ ਦਾ ਇਹ ਬਿਆਨ ਉਸ ਵੇਲੇ ਸਾਹਮਣੇ ਆਇਆ ਹੈ ਜਦੋਂ ਸਮਾਜਿਕ ਕਾਰਕੁਨ ਸੋਨਮ ਵਾਂਗਚੁਕ ਨੂੰ ਜੰਤਰ-ਮੰਤਰ 'ਤੇ ਚੱਲ ਰਹੇ ਧਰਨੇ ਵਾਲੀ ਥਾਂ ਤੋਂ ਹਟਾਏ ਜਾਣ ਤੋਂ ਬਾਅਦ ਵਿਦਿਆਰਥੀ ਅੰਦੋਲਨ ਹੋਰ ਤੇਜ਼ ਹੋ ਗਿਆ ਹੈ।
ਲੰਬੇ ਸਮੇਂ ਦੀ ਭੁੱਖ ਹੜਤਾਲ ਦੌਰਾਨ ਉਨ੍ਹਾਂ ਦੀ ਸਿਹਤ ਵਿਗੜਨ ਕਾਰਨ ਪੁਲਿਸ ਨੇ ਡਾਕਟਰਾਂ ਦੀ ਸਲਾਹ ਅਤੇ ਅਦਾਲਤ ਦੇ ਨਿਰਦੇਸ਼ਾਂ ਦੇ ਅਧਾਰ 'ਤੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ। ਇਸ ਤੋਂ ਬਾਅਦ ਵਿਦਿਆਰਥੀ ਸੰਗਠਨਾਂ ਨੇ ਸੰਸਦ ਵੱਲ ਸ਼ਾਂਤੀਪੂਰਨ ਮਾਰਚ ਕੱਢਿਆ। ਮਾਰਚ ਦੌਰਾਨ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਤਣਾਅ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ।
ਵਿਦਿਆਰਥੀ ਅੰਦੋਲਨ ਨੂੰ ਲੈ ਕੇ ਫ਼ਿਲਮ ਅਤੇ ਟੈਲੀਵਿਜ਼ਨ ਜਗਤ ਦੀਆਂ ਕਈ ਹਸਤੀਆਂ ਨੇ ਵੀ ਆਪਣਾ ਸਮਰਥਨ ਜ਼ਾਹਿਰ ਕੀਤਾ ਹੈ। ਇਸੇ ਦੌਰਾਨ ਅਕਾਂਕਸ਼ਾ ਪੁਰੀ ਦਾ ਇਹ ਦਾਅਵਾ ਕਿ ਕੁਝ ਲੋਕ ਪ੍ਰਦਰਸ਼ਨਾਂ ਨੂੰ ਮਾਰਕੀਟਿੰਗ ਦਾ ਹਿੱਸਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਨਵੀਂ ਬਹਿਸ ਦਾ ਵਿਸ਼ਾ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਸਮਾਜਿਕ ਮੁੱਦਿਆਂ 'ਤੇ ਲੋਕਾਂ ਨੂੰ ਇਮਾਨਦਾਰੀ ਨਾਲ ਆਪਣਾ ਸਟੈਂਡ ਲੈਣਾ ਚਾਹੀਦਾ ਹੈ, ਨਾ ਕਿ ਉਨ੍ਹਾਂ ਨੂੰ ਨਿੱਜੀ ਪ੍ਰਚਾਰ ਜਾਂ ਲਾਭ ਦਾ ਸਾਧਨ ਬਣਾਉਣਾ ਚਾਹੀਦਾ ਹੈ।