ਇਬੋਲਾ ਇੱਕ ਬਹੁਤ ਹੀ ਖ਼ਤਰਨਾਕ ਵਾਇਰਲ ਬਿਮਾਰੀ ਮੰਨੀ ਜਾਂਦੀ ਹੈ। ਇਸ ਵਾਇਰਸ ਦੀ ਮੌਤ ਦਰ ਕਾਫ਼ੀ ਉੱਚੀ ਦੱਸੀ ਜਾਂਦੀ ਹੈ। ਇਹ ਇਨਫੈਕਸ਼ਨ ਮੁੱਖ ਤੌਰ ‘ਤੇ ਸੰਕਰਮਿਤ ਵਿਅਕਤੀ ਦੇ ਖੂਨ, ਸਰੀਰਕ ਤਰਲ ਪਦਾਰਥ ਜਾਂ ਸੰਕਰਮਿਤ ਜਾਨਵਰਾਂ ਦੇ ਸੰਪਰਕ ਵਿੱਚ ਆਉਣ ਨਾਲ ਫੈਲਦਾ ਹੈ। ਅਫਰੀਕੀ ਦੇਸ਼ਾਂ ਵਿੱਚ ਇਸਦੇ ਮਾਮਲੇ ਪਹਿਲਾਂ ਵੀ ਸਾਹਮਣੇ ਆਉਂਦੇ ਰਹੇ ਹਨ, ਪਰ ਪਿਛਲੇ ਕੁਝ ਮਹੀਨਿਆਂ ਵਿੱਚ ਕਰੀਬ 300 ਕੇਸ ਅਤੇ 80 ਤੋਂ ਵੱਧ ਮੌਤਾਂ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ WHO ਨੇ ਇਸਨੂੰ ਗਲੋਬਲ ਹੈਲਥ ਐਮਰਜੈਂਸੀ ਘੋਸ਼ਿਤ ਕਰ ਦਿੱਤਾ ਹੈ।
ਮਾਹਿਰਾਂ ਮੁਤਾਬਕ ਅਫਰੀਕਾ ਦੇ ਕਈ ਹਿੱਸਿਆਂ, ਖ਼ਾਸ ਕਰਕੇ Uganda ਵਿੱਚ ਇਬੋਲਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਮਹਾਮਾਰੀ ਵਿਸ਼ੇਸ਼ਗਿਆ ਡਾ. ਜੁਗਲ ਕਿਸ਼ੋਰ ਨੇ ਦੱਸਿਆ ਕਿ ਇਹ ਵਾਇਰਸ ਹੋਰ ਦੇਸ਼ਾਂ ਵਿੱਚ ਵੀ ਫੈਲ ਸਕਦਾ ਹੈ। ਇਸ ਕਾਰਨ WHO ਨੇ ਸਾਰੇ ਦੇਸ਼ਾਂ ਨੂੰ ਅਲਰਟ ਰਹਿਣ ਦੀ ਚੇਤਾਵਨੀ ਦਿੱਤੀ ਹੈ। ਸਿਹਤ ਏਜੰਸੀਆਂ ਦਾ ਮੰਨਣਾ ਹੈ ਕਿ ਜੇਕਰ ਸਮੇਂ ਸਿਰ ਕਦਮ ਨਾ ਚੁੱਕੇ ਗਏ ਤਾਂ ਇਹ ਇਨਫੈਕਸ਼ਨ ਹੋਰ ਖੇਤਰਾਂ ਤੱਕ ਵੀ ਪਹੁੰਚ ਸਕਦਾ ਹੈ।
WHO ਮੁਤਾਬਕ ਜੇ ਸੰਕਰਮਿਤ ਮਰੀਜ਼ਾਂ ਨੂੰ ਸਮੇਂ ਸਿਰ ਆਇਸੋਲੇਟ ਨਾ ਕੀਤਾ ਗਿਆ ਤਾਂ ਇਹ ਵਾਇਰਸ ਅੰਤਰਰਾਸ਼ਟਰੀ ਪੱਧਰ ‘ਤੇ ਵੀ ਫੈਲ ਸਕਦਾ ਹੈ। ਵਧ ਰਹੀਆਂ ਇੰਟਰਨੈਸ਼ਨਲ ਯਾਤਰਾਵਾਂ ਅਤੇ ਸਰਹੱਦਾਂ ਪਾਰ ਆਵਾਜਾਈ ਨੂੰ ਵੀ ਵੱਡਾ ਖ਼ਤਰਾ ਮੰਨਿਆ ਜਾ ਰਿਹਾ ਹੈ। ਇਸੇ ਕਰਕੇ ਦੁਨੀਆ ਭਰ ਦੀਆਂ ਸਰਕਾਰਾਂ ਨੂੰ ਸਾਵਧਾਨ ਕਰਨ ਲਈ ਇਸਨੂੰ ਗਲੋਬਲ ਹੈਲਥ ਐਮਰਜੈਂਸੀ ਘੋਸ਼ਿਤ ਕੀਤਾ ਗਿਆ ਹੈ। WHO ਨੇ ਸਾਰੇ ਦੇਸ਼ਾਂ ਨੂੰ ਸਕ੍ਰੀਨਿੰਗ ਅਤੇ ਨਿਗਰਾਨੀ ਵਧਾਉਣ ਦੀ ਸਲਾਹ ਦਿੱਤੀ ਹੈ।
ਡਾ. ਜੁਗਲ ਕਿਸ਼ੋਰ ਮੁਤਾਬਕ ਇਬੋਲਾ ਵਾਇਰਸ ਕੋਰੋਨਾ ਵਾਂਗ ਹਵਾ ਜਾਂ ਸਾਹ ਰਾਹੀਂ ਨਹੀਂ ਫੈਲਦਾ। ਇਸ ਲਈ ਸੰਕਰਮਿਤ ਵਿਅਕਤੀ ਨਾਲ ਨਜ਼ਦੀਕੀ ਸੰਪਰਕ ਲਾਜ਼ਮੀ ਹੁੰਦਾ ਹੈ। ਇਸ ਕਰਕੇ ਕੋਰੋਨਾ ਵਾਂਗ ਇਸਦੇ ਕੇਸ ਬੇਕਾਬੂ ਹੋਣ ਦੀ ਸੰਭਾਵਨਾ ਘੱਟ ਹੈ। ਹਾਲਾਂਕਿ ਇਸ ਵਾਇਰਸ ਵਿੱਚ ਮੌਤ ਦਰ ਕੋਵਿਡ ਨਾਲੋਂ ਵੱਧ ਮੰਨੀ ਜਾਂਦੀ ਹੈ। ਇਸ ਲਈ ਸਾਵਧਾਨ ਰਹਿਣਾ ਬਹੁਤ ਜ਼ਰੂਰੀ ਹੈ।
ਮਾਹਿਰਾਂ ਨੇ ਕਿਹਾ ਹੈ ਕਿ ਇਸ ਵੇਲੇ ਘਬਰਾਉਣ ਦੀ ਲੋੜ ਨਹੀਂ, ਪਰ ਸਾਵਧਾਨੀ ਬਹੁਤ ਜ਼ਰੂਰੀ ਹੈ। ਖ਼ਾਸ ਕਰਕੇ ਹਵਾਈ ਅੱਡਿਆਂ ‘ਤੇ ਸਕ੍ਰੀਨਿੰਗ ਅਤੇ ਪ੍ਰਭਾਵਿਤ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਦੀ ਨਿਗਰਾਨੀ ਵਧਾਉਣ ਦੀ ਸਲਾਹ ਦਿੱਤੀ ਗਈ ਹੈ। WHO ਦੀਆਂ ਗਾਈਡਲਾਈਨਾਂ ਮੁਤਾਬਕ ਸੰਕਰਮਿਤ ਮਰੀਜ਼ਾਂ ਨੂੰ ਤੁਰੰਤ ਆਇਸੋਲੇਟ ਕਰਨਾ ਅਤੇ ਟੈਸਟਿੰਗ ਵਧਾਉਣਾ ਜ਼ਰੂਰੀ ਹੈ।
ਮਾਹਿਰਾਂ ਦਾ ਮੰਨਣਾ ਹੈ ਕਿ ਅਫਰੀਕਾ ਵਿੱਚ ਹਾਲੇ ਵੀ ਇਬੋਲਾ ਦੇ ਮਾਮਲੇ ਵਧ ਸਕਦੇ ਹਨ। ਹਾਲਾਂਕਿ ਇਹ ਸੰਭਾਵਨਾ ਘੱਟ ਹੈ ਕਿ ਇਹ ਵਾਇਰਸ ਕੋਰੋਨਾ ਵਾਂਗ ਦੁਨੀਆ ਭਰ ਵਿੱਚ ਵੱਡੇ ਪੱਧਰ ‘ਤੇ ਫੈਲ ਜਾਵੇ। ਡਾ. ਕਿਸ਼ੋਰ ਨੇ ਕਿਹਾ ਕਿ ਜੇ ਸਾਰੇ ਦੇਸ਼ WHO ਦੀਆਂ ਹਦਾਇਤਾਂ ਦੀ ਪਾਲਣਾ ਕਰਨ ਤਾਂ ਹਾਲਾਤ ਕਾਬੂ ਵਿੱਚ ਰੱਖੇ ਜਾ ਸਕਦੇ ਹਨ।
ਮਾਹਿਰਾਂ ਮੁਤਾਬਕ ਇਬੋਲਾ ਦੇ ਸ਼ੁਰੂਆਤੀ ਲੱਛਣ ਆਮ ਵਾਇਰਲ ਬਿਮਾਰੀਆਂ ਵਰਗੇ ਹੋ ਸਕਦੇ ਹਨ। ਇਸ ਵਿੱਚ ਗਲੇ ਵਿੱਚ ਦਰਦ, ਤੇਜ਼ ਬੁਖਾਰ, ਸਿਰ ਦਰਦ, ਕਮਜ਼ੋਰੀ ਅਤੇ ਮਾਸਪੇਸ਼ੀਆਂ ਵਿੱਚ ਦਰਦ ਸ਼ਾਮਲ ਹਨ। ਸਮੇਂ ਸਿਰ ਇਲਾਜ ਨਾ ਮਿਲਣ ‘ਤੇ ਹਾਲਤ ਗੰਭੀਰ ਹੋ ਸਕਦੀ ਹੈ। ਇਸ ਲਈ ਕੋਈ ਵੀ ਲੱਛਣ ਨਜ਼ਰ ਆਉਣ ‘ਤੇ ਤੁਰੰਤ ਡਾਕਟਰੀ ਸਲਾਹ ਲੈਣ ਦੀ ਅਪੀਲ ਕੀਤੀ ਗਈ ਹੈ।