ਸਾਲਾਂ ਤੋਂ ਮਹਿਲਾਵਾਂ ਵਿੱਚ ਆਮ ਹੋ ਰਹੀ ਹਾਰਮੋਨਲ ਬਿਮਾਰੀ PCOS ਦਾ ਨਾਮ ਹੁਣ ਬਦਲ ਕੇ PMOS ਕੀਤਾ ਜਾ ਰਿਹਾ ਹੈ। ਮੈਡੀਕਲ ਮਾਹਿਰਾਂ ਮੁਤਾਬਕ ਇਹ ਬਦਲਾਅ ਇਸ ਲਈ ਕੀਤਾ ਗਿਆ ਹੈ ਕਿਉਂਕਿ ਪੁਰਾਣਾ ਨਾਮ ਸਿਰਫ਼ ਓਵਰੀ ਨਾਲ ਜੁੜੀ ਸਮੱਸਿਆ ਨੂੰ ਦਰਸਾਉਂਦਾ ਸੀ, ਜਦਕਿ ਇਹ ਬਿਮਾਰੀ ਪੂਰੇ ਸਰੀਰ ਨੂੰ ਪ੍ਰਭਾਵਿਤ ਕਰ ਸਕਦੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਇਹ ਸਿਰਫ਼ ਪੀਰੀਅਡ ਜਾਂ ਓਵਰੀ ਦੀ ਸਮੱਸਿਆ ਨਹੀਂ, ਸਗੋਂ ਹਾਰਮੋਨਲ, ਮੈਟਾਬੋਲਿਕ, ਮਾਨਸਿਕ ਅਤੇ ਪ੍ਰਜਨਨ ਸਿਹਤ ਨਾਲ ਜੁੜੀ ਗੰਭੀਰ ਬਿਮਾਰੀ ਹੈ।
ਇਸ ਸਮੱਸਿਆ ਵਿੱਚ ਮਹਿਲਾਵਾਂ ਦੇ ਸਰੀਰ ਵਿੱਚ ਐਂਡਰੋਜਨ ਹਾਰਮੋਨ ਦੀ ਮਾਤਰਾ ਵੱਧ ਜਾਂਦੀ ਹੈ। ਇਸ ਕਾਰਨ ਪੀਰੀਅਡ ਅਨਿਯਮਿਤ ਹੋ ਜਾਂਦੇ ਹਨ, ਚਿਹਰੇ ‘ਤੇ ਵਾਲ ਆਉਣ ਲੱਗਦੇ ਹਨ, ਮੁਹਾਂਸੇ ਵੱਧ ਸਕਦੇ ਹਨ ਅਤੇ ਵਜ਼ਨ ਤੇਜ਼ੀ ਨਾਲ ਵਧਦਾ ਹੈ। ਕਈ ਮਹਿਲਾਵਾਂ ਨੂੰ ਗਰਭਧਾਰਣ ਵਿੱਚ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਹਿਲਾਂ ਇਸਨੂੰ PCOS ਇਸ ਲਈ ਕਿਹਾ ਜਾਂਦਾ ਸੀ ਕਿਉਂਕਿ ਅਲਟਰਾਸਾਊਂਡ ਵਿੱਚ ਓਵਰੀ ਦੇ ਆਲੇ ਦੁਆਲੇ ਛੋਟੇ-ਛੋਟੇ ਸਿਸਟ ਵਰਗੇ ਨਿਸ਼ਾਨ ਦਿਖਾਈ ਦਿੰਦੇ ਸਨ। ਪਰ ਡਾਕਟਰਾਂ ਮੁਤਾਬਕ ਇਹ ਅਸਲ ਸਿਸਟ ਨਹੀਂ ਹੁੰਦੇ, ਸਗੋਂ ਅਧੂਰੇ ਤਰੀਕੇ ਨਾਲ ਵਿਕਸਿਤ ਹੋਏ ਫੋਲਿਕਲ ਹੁੰਦੇ ਹਨ।
ਮਾਹਿਰਾਂ ਦਾ ਮੰਨਣਾ ਹੈ ਕਿ PCOS ਨਾਮ ਕਈ ਵਾਰ ਗਲਤਫਹਿਮੀ ਪੈਦਾ ਕਰਦਾ ਸੀ। ਕਈ ਮਹਿਲਾਵਾਂ ਵਿੱਚ ਸਿਸਟ ਦਿਖਾਈ ਨਹੀਂ ਦਿੰਦੇ, ਫਿਰ ਵੀ ਉਹ ਇਸ ਬਿਮਾਰੀ ਨਾਲ ਪੀੜਤ ਹੁੰਦੀਆਂ ਹਨ। ਇਸ ਕਾਰਨ ਕਈ ਵਾਰ ਬਿਮਾਰੀ ਦੀ ਪਛਾਣ ਦੇਰ ਨਾਲ ਹੁੰਦੀ ਸੀ। ਨਵਾਂ ਨਾਮ PMOS ਇਹ ਦਰਸਾਉਂਦਾ ਹੈ ਕਿ ਇਹ ਸਮੱਸਿਆ ਸਿਰਫ਼ ਓਵਰੀ ਤੱਕ ਸੀਮਿਤ ਨਹੀਂ, ਸਗੋਂ ਪੂਰੇ ਸਰੀਰ ਅਤੇ ਮੈਟਾਬੋਲਿਕ ਸਿਸਟਮ ਨੂੰ ਪ੍ਰਭਾਵਿਤ ਕਰਦੀ ਹੈ। ਇਸ ਨਾਲ ਡਾਕਟਰ ਅਤੇ ਮਰੀਜ਼ ਦੋਵੇਂ ਇਸ ਬਿਮਾਰੀ ਨੂੰ ਹੋਰ ਗੰਭੀਰਤਾ ਨਾਲ ਸਮਝ ਸਕਣਗੇ।
ਡਾਕਟਰਾਂ ਦੇ ਅਨੁਸਾਰ PMOS ਕਾਰਨ ਮਹਿਲਾਵਾਂ ਵਿੱਚ ਮੋਟਾਪਾ, ਬਲੱਡ ਸ਼ੂਗਰ, ਟਾਈਪ-2 ਡਾਇਬਟੀਜ਼, ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਨਾਲ ਜੁੜੀਆਂ ਬਿਮਾਰੀਆਂ ਦਾ ਖਤਰਾ ਵੱਧ ਸਕਦਾ ਹੈ। ਇਸ ਤੋਂ ਇਲਾਵਾ ਫੈਟੀ ਲਿਵਰ ਅਤੇ ਖਰਾਬ ਕੋਲੇਸਟਰੋਲ ਦੀ ਸਮੱਸਿਆ ਵੀ ਹੋ ਸਕਦੀ ਹੈ। ਕਈ ਮਹਿਲਾਵਾਂ ਵਿੱਚ ਓਵਿਊਲੇਸ਼ਨ ਦੀ ਸਮੱਸਿਆ ਕਾਰਨ ਬਾਂਝਪਨ ਅਤੇ ਗਰਭਧਾਰਣ ਦੌਰਾਨ ਜਟਿਲਤਾਵਾਂ ਵੀ ਵਧ ਜਾਂਦੀਆਂ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਇਹ ਬਿਮਾਰੀ ਭਵਿੱਖ ਵਿੱਚ ਐਂਡੋਮੈਟਰੀਅਲ ਕੈਂਸਰ ਦਾ ਖਤਰਾ ਵੀ ਵਧਾ ਸਕਦੀ ਹੈ।
ਇਹ ਬਿਮਾਰੀ ਸਿਰਫ਼ ਸਰੀਰ ਹੀ ਨਹੀਂ, ਸਗੋਂ ਮਾਨਸਿਕ ਸਿਹਤ ‘ਤੇ ਵੀ ਅਸਰ ਪਾਂਦੀ ਹੈ। ਡਾਕਟਰਾਂ ਮੁਤਾਬਕ PMOS ਨਾਲ ਡਿਪ੍ਰੈਸ਼ਨ, ਐਂਜ਼ਾਇਟੀ, ਆਤਮਵਿਸ਼ਵਾਸ ਵਿੱਚ ਕਮੀ ਅਤੇ ਈਟਿੰਗ ਡਿਸਆਰਡਰ ਵਰਗੀਆਂ ਸਮੱਸਿਆਵਾਂ ਵੀ ਜੁੜੀਆਂ ਹੋ ਸਕਦੀਆਂ ਹਨ। ਕਈ ਮਹਿਲਾਵਾਂ ਵਿੱਚ ਵਾਲ ਝੜਨਾ, ਚਿਹਰੇ ‘ਤੇ ਵੱਧ ਵਾਲ ਆਉਣਾ ਅਤੇ ਲਗਾਤਾਰ ਮੁਹਾਂਸਿਆਂ ਦੀ ਸਮੱਸਿਆ ਵੀ ਦੇਖੀ ਜਾਂਦੀ ਹੈ। ਇਹ ਸਾਰੇ ਲੱਛਣ ਮਹਿਲਾਵਾਂ ਦੀ ਰੋਜ਼ਾਨਾ ਜ਼ਿੰਦਗੀ ਅਤੇ ਮਾਨਸਿਕ ਹਾਲਤ ‘ਤੇ ਅਸਰ ਪਾ ਸਕਦੇ ਹਨ।
ਡਾਕਟਰਾਂ ਦਾ ਕਹਿਣਾ ਹੈ ਕਿ ਫਿਲਹਾਲ ਸਿਰਫ਼ ਨਾਮ ਬਦਲਿਆ ਗਿਆ ਹੈ, ਇਲਾਜ ਅਤੇ ਜਾਂਚ ਦੀ ਪ੍ਰਕਿਰਿਆ ਤੁਰੰਤ ਨਹੀਂ ਬਦਲੇਗੀ। ਪਰ ਨਵੇਂ ਨਾਮ ਨਾਲ ਇਹ ਸਮਝਣ ਵਿੱਚ ਮਦਦ ਮਿਲੇਗੀ ਕਿ ਇਹ ਬਿਮਾਰੀ ਸਿਰਫ਼ ਪੀਰੀਅਡ ਨਾਲ ਜੁੜੀ ਨਹੀਂ। ਹੁਣ ਡਾਕਟਰ ਸਿਰਫ਼ ਪ੍ਰਜਨਨ ਸਿਹਤ ਹੀ ਨਹੀਂ, ਸਗੋਂ ਬਲੱਡ ਸ਼ੂਗਰ, ਕੋਲੇਸਟਰੋਲ, ਬਲੱਡ ਪ੍ਰੈਸ਼ਰ ਅਤੇ ਹੋਰ ਮੈਟਾਬੋਲਿਕ ਸਮੱਸਿਆਵਾਂ ‘ਤੇ ਵੀ ਵਧੇਰੇ ਧਿਆਨ ਦੇਣਗੇ।