Courtesy: @YasirHamid7515
ਬਹਾਮਾਸ. ਕੈਰੇਬੀਅਨ ਦੇਸ਼ ਬਹਾਮਾਸ 'ਚ ਇੱਕ ਬੇਹਦ ਹੀ ਦਰਦਨਾਕ ਹਾਦਸਾ ਵਾਪਰਿਆ। ਇੱਥੇ ਸ਼ੁੱਕਰਵਾਰ ਨੂੰ ਇੱਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ਕਾਰਨ ਇਸ ਵਿੱਚ ਸਵਾਰ ਸਾਰੇ 10 ਲੋਕਾਂ ਦੀ ਮੌਤ ਹੋ ਗਈ। ਇਹ ਭਿਆਨਕ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਪੂਰਾ ਦੇਸ਼ ਬਹਾਮਾਸ ਦੇ 53ਵੇਂ ਆਜ਼ਾਦੀ ਦਿਵਸ ਦਾ ਜਸ਼ਨ ਮਨਾ ਰਿਹਾ ਸੀ। ਇਸ ਹਾਦਸੇ ਨਾਲ ਉੱਥੇ ਖੁਸ਼ੀਆਂ ਮਾਤਮ 'ਚ ਤਬਦੀਲ ਹੋ ਗਈਆਂ। ਇਸ ਘਟਨਾ ਤੋਂ ਪੂਰਾ ਦੇਸ਼ ਆਹਤ ਹੈ ਅਤੇ ਬਾਕੀ ਦੇਸ਼ਾਂ ਤੋਂ ਵੀ ਲੋਕ ਦੁੱਖ ਜਤਾਉਂਦੇ ਨਜ਼ਰ ਆ ਰਹੇ ਹੈ।
ਇਸ ਜਾਨਲੇਵਾ ਹਾਦਸੇ ਤੋਂ ਬਾਅਦ ਸਰਕਾਰ ਨੇ ਫਲੇਮਿੰਗੋ ਏਅਰ ਦੀ ਉਡਾਣਾ ਨੂੰ ਕੁੱਝ ਸਮੇਂ ਲਈ ਰੋਕ ਦਿੱਤਾ ਹੈ।
A Flamingo Air plane crashed and burned in North Andros, The Bahamas. Locals say several people were killed pic.twitter.com/V4ngLgbo11
— ApexDefenders (@YasirHamid7515) July 11, 2026
ਸੋਸ਼ਲ ਮੀਡੀਆ 'ਚ ਇਸ ਹਾਦਸੇ ਦਾ ਇੱਕ ਵੀਡਿਓ ਵੀ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਬੇਹਦ ਦਰਦਨਾਕ ਮੰਜਰ ਦੇਖਣ ਨੂੰ ਮਿਲ ਰਿਹਾ ਹੈ। ਵੀਡਿਓ 'ਚ ਫਲੇਮਿੰਗੋ ਏਅਰ ਦੀ ਸੇਸਨਾ 402C ਫਲਾਈਟ ਦਾ ਮਲਬਾ ਇੱਕ ਜੰਗਲੀ ਇਲਾਕੇ ਵਿੱਚ ਦੂਰ-ਦੂਰ ਤੱਕ ਫੈਲਿਆ ਦੇਖਿਆ ਜਾ ਸਕਦਾ ਹੈ। ਇਹ ਹਾਦਸਾ ਉੱਤਰੀ ਐਂਡਰੋਸ ਦੇ ਜੰਗਲਾਂ ਵਿੱਚ ਵਾਪਰਿਆ। ਇਹ ਸਥਾਨ ਰਾਜਧਾਨੀ ਨਾਸਾਓ ਦੇ ਪੱਛਮ ਵਿੱਚ ਸਥਿਤ ਹੈ। ਹਾਦਸੇ ਦੇ ਸਮੇਂ, ਨਾਸਾਓ ਵਿੱਚ ਦੇਸ਼ ਦੇ ਆਜ਼ਾਦੀ ਦਿਵਸ ਦੇ ਜਸ਼ਨ ਚੱਲ ਰਹੇ ਸਨ, ਪਰ ਇਸ ਖ਼ਬਰ ਨੇ ਜਸ਼ਨਾਂ ਨੂੰ ਸੋਗ ਵਿੱਚ ਬਦਲ ਦਿੱਤਾ।
ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਅਥਾਰਟੀ (ਏਏਆਈਏ) ਦੀ ਮੁੱਢਲੀ ਰਿਪੋਰਟ ਦੇ ਅਨੁਸਾਰ, ਜਹਾਜ਼ ਨਾਸਾਓ ਦੇ ਲਿੰਡਨ ਪਿੰਡਲਿੰਗ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸੈਨ ਐਂਡਰੋਸ ਲਈ ਰਵਾਨਾ ਹੋਇਆ ਸੀ। ਇਹ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ, ਦੁਪਹਿਰ 1:00 ਵਜੇ ਦੇ ਕਰੀਬ ਹਾਦਸਾਗ੍ਰਸਤ ਹੋ ਗਿਆ।
ਪੁਲਿਸ ਕਮਿਸ਼ਨਰ ਸ਼ਾਂਤਾ ਨੋਲਸ ਨੇ ਸ਼ੁੱਕਰਵਾਰ ਨੂੰ ਇਸ ਹਾਦਸੇ ਨਾਲ ਜੁੜੀ ਮਹਤੱਵਪੂਰਣ ਜਾਣਕਾਰੀ ਦਿੱਤੀ। ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਕ੍ਰੈਸ਼ ਤੋਂ ਤੁਰੰਤ ਬਾਅਦ ਇੱਕ ਵਿਅਕਤੀ ਮਲਬੇ ਤੋਂ ਜਿੰਦਾ ਬਾਹਰ ਨਿਕਲ ਆਇਆ। ਹਾਲਾਂਕਿ, ਉਹ ਬੁਰੀ ਤਰ੍ਹਾਂ ਜਖ਼ਮੀ ਸੀ ਤੇ ਬਾਅਦ 'ਚ ਹਸਪਤਾਲ 'ਚ ਇਲਾਜ ਦੌਰਾਨ ਉਸਦੀ ਮੌਤ ਹੋ ਗਈ।
ਪੁਲਿਸ ਪ੍ਰਸ਼ਾਸਨ ਨੇ ਕਿਹਾ ਹੈ ਕਿ ਯਾਤਰੀਆਂ ਦੀ ਸੂਚੀ ਉਦੋਂ ਤੱਕ ਜਨਤਕ ਨਹੀਂ ਕੀਤੀ ਜਾਵੇਗੀ ਜਦੋਂ ਤੱਕ ਹਾਦਸੇ ਵਿੱਚ ਸ਼ਾਮਲ ਸਾਰੇ 10 ਯਾਤਰੀਆਂ ਦੇ ਪਰਿਵਾਰਾਂ ਨੂੰ ਅਧਿਕਾਰਤ ਤੌਰ 'ਤੇ ਸੂਚਿਤ ਨਹੀਂ ਕੀਤਾ ਜਾਂਦਾ। ਇਸ ਦੌਰਾਨ, ਇੱਕ ਜਾਂਚ ਟੀਮ ਹਾਦਸੇ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਲਈ ਸਰਗਰਮੀ ਨਾਲ ਕੰਮ ਕਰ ਰਹੀ ਹੈ। ਅਸੀਂ ਆਪਣੀ ਸੰਵੇਦਨਾ ਪ੍ਰਗਟ ਕਰਦੇ ਹਾਂ।