ਕੁਵੈਤ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਹੋਏ ਡਰੋਨ ਹਮਲੇ ਵਿੱਚ ਇੱਕ ਭਾਰਤੀ ਨਾਗਰਿਕ ਦੀ ਮੌਤ ਹੋ ਗਈ ਹੈ। ਇਸ ਹਮਲੇ ਵਿੱਚ ਹਵਾਈ ਅੱਡੇ ਦੀ ਪੈਸਿੰਜਰ ਬਿਲਡਿੰਗ (T1) ਨੂੰ ਨਿਸ਼ਾਨਾ ਬਣਾਇਆ ਗਿਆ, ਜਿਸ ਨਾਲ ਇਮਾਰਤ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ ਅਤੇ ਕਈ ਲੋਕ ਜ਼ਖਮੀ ਵੀ ਹੋਏ ਹਨ।
ਕੁਵੈਤ ਵਿੱਚ ਸਥਿਤ ਭਾਰਤੀ ਦੂਤਾਵਾਸ ਨੇ ਇਸ ਦੁਖਦ ਘਟਨਾ ਦੀ ਪੁਸ਼ਟੀ ਕਰਦਿਆਂ ਭਾਰਤੀ ਨਾਗਰਿਕ ਦੀ ਮੌਤ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਦੂਤਾਵਾਸ ਦੇ ਅਧਿਕਾਰੀ ਪੀੜਤ ਪਰਿਵਾਰ ਅਤੇ ਜ਼ਖਮੀਆਂ ਦੇ ਨਾਲ ਲਗਾਤਾਰ ਸੰਪਰਕ ਵਿੱਚ ਹਨ, ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਪਹੁੰਚਾਉਣ ਲਈ ਕੁਵੈਤ ਦੇ ਅਧਿਕਾਰੀਆਂ ਨਾਲ ਤਾਲਮੇਲ ਕਰ ਰਹੇ ਹਨ।
ਕੁਵੈਤ ਦੀ ਫੌਜ ਨੇ ਇਸ ਹਮਲੇ ਲਈ ਈਰਾਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਫੌਜ ਦੇ ਬੁਲਾਰੇ ਬ੍ਰਿਗੇਡੀਅਰ ਜਨਰਲ ਸਊਦ ਅਬਦੁਲਅਜ਼ੀਜ਼ ਅਲ-ਓਤੈਬੀ ਨੇ ਇਸ ਨੂੰ "ਈਰਾਨ ਦੀ ਅਪਰਾਧਿਕ ਹਮਲਾਵਰੀ" ਦੱਸਿਆ ਹੈ। ਹਮਲੇ ਤੋਂ ਬਾਅਦ ਸੁਰੱਖਿਆ ਕਾਰਨਾਂ ਕਰਕੇ ਕੁਵੈਤ ਨੇ ਹਵਾਈ ਯਾਤਾਯਾਤ ਰੋਕ ਦਿੱਤੀ ਹੈ ਅਤੇ ਉਡਾਣਾਂ ਨੂੰ ਦੂਜੇ ਹਵਾਈ ਅੱਡਿਆਂ ਵੱਲ ਮੋੜ ਦਿੱਤਾ ਗਿਆ ਹੈ। ਕੁਵੈਤ ਦੀ ਫੌਜ ਨੇ ਕਿਹਾ ਕਿ ਉਹ ਹਾਲਾਤ 'ਤੇ ਪੂਰੀ ਨਜ਼ਰ ਰੱਖੇ ਹੋਏ ਹਨ ਅਤੇ ਦੇਸ਼ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਤਿਆਰ ਹਨ।
ਦੂਜੇ ਪਾਸੇ, ਈਰਾਨ ਦੇ ਸਰਕਾਰੀ ਮੀਡੀਆ 'ਪ੍ਰੈੱਸ ਟੀਵੀ' ਨੇ ਦਾਅਵਾ ਕੀਤਾ ਹੈ ਕਿ ਈਰਾਨ ਦੀ ਰਿਵੋਲਿਊਸ਼ਨਰੀ ਗਾਰਡਜ਼ ਕਾਰਪਸ (IRGC) ਨੇ ਇਹ ਹਮਲਾ ਜਵਾਬੀ ਕਾਰਵਾਈ ਵਜੋਂ ਕੀਤਾ ਹੈ। ਈਰਾਨ ਦੇ ਅਨੁਸਾਰ, ਅਮਰੀਕਾ ਨੇ ਹੋਰਮੁਜ਼ ਜਲਡਮਰੂਮੱਧ ਦੇ ਨੇੜੇ ਉਨ੍ਹਾਂ ਦੇ ਇੱਕ ਤੇਲ ਟੈਂਕਰ ਅਤੇ ਕਸ਼ਮ ਟਾਪੂ 'ਤੇ ਇੱਕ ਸੰਚਾਰ ਟਾਵਰ ਨੂੰ ਨਿਸ਼ਾਨਾ ਬਣਾਇਆ ਸੀ, ਜਿਸ ਦੇ ਜਵਾਬ ਵਿੱਚ ਈਰਾਨ ਨੇ ਬਹਿਰੀਨ ਵਿੱਚ ਮੌਜੂਦ ਅਮਰੀਕੀ ਨੌਸੇਨਾ ਦੇ ਪੰਜਵੇਂ ਬੇੜੇ ਦੇ ਮੁੱਖਾਲੇ ਅਤੇ ਇੱਕ ਖੇਤਰੀ ਏਅਰਬੇਸ 'ਤੇ ਮਿਜ਼ਾਈਲਾਂ ਅਤੇ ਡਰੋਨ ਦਾਗੇ।
ਵਿਦੇਸ਼ ਮੰਤਰਾਲੇ (ਐਮਈਏ) ਨੇ ਇਸ ਹਮਲੇ ਦੀ ਕੜੀ ਨਿੰਦਾ ਕਰਦਿਆਂ ਕਿਹਾ, "ਅਸੀਂ ਕੁਵੈਤ ਏਅਰਪੋਰਟ 'ਤੇ ਹੋਏ ਹਮਲੇ ਦੀ ਨਿੰਦਾ ਕਰਦੇ ਹਾਂ, ਜਿਸ ਵਿੱਚ ਇੱਕ ਭਾਰਤੀ ਨਾਗਰਿਕ ਦੀ ਮੌਤ ਹੋਈ ਹੈ। ਪੱਛਮੀ ਏਸ਼ੀਆ ਵਿੱਚ ਟਕਰਾਅ ਤੋਂ ਬਾਅਦ ਅਸੀਂ ਜ਼ੋਰ ਦੇ ਕੇ ਕਿਹਾ ਹੈ ਕਿ ਆਮ ਨਾਗਰਿਕਾਂ ਅਤੇ ਨਾਗਰਿਕ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਨਾ ਬਣਾਇਆ ਜਾਵੇ। ਅਸੀਂ ਸਾਰੀਆਂ ਧਿਰਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਅਜਿਹੇ ਹਮਲੇ ਬੰਦ ਕਰਨ।"
ਐਮਈਏ ਨੇ ਪੀੜਤ ਪਰਿਵਾਰ ਪ੍ਰਤੀ ਸੰਵੇਦਨਾ ਪ੍ਰਗਟ ਕਰਦਿਆਂ ਕਿਹਾ ਕਿ ਭਾਰਤੀ ਦੂਤਾਵਾਸ ਜ਼ਖਮੀਆਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਿਹਾ ਹੈ। ਖੇਤਰ ਵਿੱਚ ਮੌਜੂਦ ਸਾਰੇ ਭਾਰਤੀ ਮਿਸ਼ਨ ਅਤੇ ਪੋਸਟ ਅਲਰਟ 'ਤੇ ਹਨ। ਪੱਛਮੀ ਏਸ਼ੀਆ ਵਿੱਚ ਵਿਗੜਦੇ ਸੁਰੱਖਿਆ ਹਾਲਾਤਾਂ ਵਿਚਕਾਰ ਇਸ ਹਮਲੇ ਨੇ ਤਣਾਅ ਨੂੰ ਹੋਰ ਵਧਾ ਦਿੱਤਾ ਹੈ।