Courtesy: ai image
ਨਵੀਂ ਦਿੱਲੀ: ਹੋਰਮੁਜ਼ ਜਲਡਮਰੂ (Strait of Hormuz) ਵਿੱਚ ਸੁਰੱਖਿਆ ਸਥਿਤੀ ਇੱਕ ਵਾਰ ਫਿਰ ਚਿੰਤਾਜਨਕ ਬਣ ਗਈ ਹੈ। ਓਮਾਨ ਦੇ ਸਮੁੰਦਰੀ ਤਟ ਨੇੜੇ ਇੱਕ ਵਪਾਰਕ ਜਹਾਜ਼ 'ਤੇ ਪ੍ਰੋਜੈਕਟਾਈਲ ਨਾਲ ਹਮਲਾ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਸ ਘਟਨਾ ਤੋਂ ਬਾਅਦ ਸੰਯੁਕਤ ਰਾਸ਼ਟਰ ਨਾਲ ਸੰਬੰਧਿਤ ਅੰਤਰਰਾਸ਼ਟਰੀ ਸਮੁੰਦਰੀ ਸੰਸਥਾ (IMO) ਨੇ ਖ਼ਤਰੇ ਵਾਲੇ ਇਲਾਕੇ ਵਿੱਚ ਫਸੇ ਜਹਾਜ਼ਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਚਲਾਈ ਜਾ ਰਹੀ ਆਪਣੀ ਨਿਕਾਸੀ ਕਾਰਵਾਈ ਨੂੰ ਅਸਥਾਈ ਤੌਰ 'ਤੇ ਰੋਕ ਦਿੱਤਾ ਹੈ।
ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਕੁਝ ਘੰਟੇ ਪਹਿਲਾਂ ਹੀ ਈਰਾਨ ਨੇ ਸਮੁੰਦਰੀ ਜਹਾਜ਼ਾਂ ਨੂੰ ਚੇਤਾਵਨੀ ਦਿੱਤੀ ਸੀ ਕਿ ਉਹ ਉਸਦੀ ਮਨਜ਼ੂਰੀ ਤੋਂ ਬਿਨਾਂ ਨਿਰਧਾਰਤ ਕੀਤੇ ਗਏ ਨਵੇਂ ਸਮੁੰਦਰੀ ਰਸਤੇ ਦੀ ਵਰਤੋਂ ਨਾ ਕਰਨ।
ਸੁਰੱਖਿਆ ਯਕੀਨੀ ਹੋਣ ਤੱਕ ਮੁਹਿੰਮ ਰਹੇਗੀ ਬੰਦ
IMO ਦੇ ਸਕੱਤਰ ਜਨਰਲ ਆਰਸੇਨਿਓ ਡੋਮਿੰਗੇਜ਼ ਨੇ ਕਿਹਾ ਕਿ ਜਦੋਂ ਤੱਕ ਏਜੰਸੀ ਜਹਾਜ਼ਾਂ ਦੀ ਸੁਰੱਖਿਆ ਬਾਰੇ ਪੂਰਾ ਭਰੋਸਾ ਨਹੀਂ ਬਣ ਲੈਂਦੀ, ਉਦੋਂ ਤੱਕ ਨਿਕਾਸੀ ਮੁਹਿੰਮ ਮੁੜ ਸ਼ੁਰੂ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਭਰੋਸਾ ਸਿਰਫ਼ ਨਿਕਾਸੀ ਸੂਚੀ ਵਿੱਚ ਸ਼ਾਮਲ ਜਹਾਜ਼ਾਂ ਲਈ ਹੀ ਨਹੀਂ, ਸਗੋਂ ਪੂਰੇ ਸਮੁੰਦਰੀ ਖੇਤਰ ਵਿੱਚ ਆਵਾਜਾਈ ਕਰ ਰਹੇ ਸਾਰੇ ਜਹਾਜ਼ਾਂ ਲਈ ਲਾਜ਼ਮੀ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਜਿਸ ਜਹਾਜ਼ 'ਤੇ ਹਮਲਾ ਹੋਇਆ, ਉਹ IMO ਦੀ ਨਿਕਾਸੀ ਕਾਰਵਾਈ ਦਾ ਹਿੱਸਾ ਨਹੀਂ ਸੀ।
ਹਮਲੇ ਦੇ ਪਿੱਛੇ ਕਿਸ ਦਾ ਹੱਥ, ਅਜੇ ਤੱਕ ਸਪੱਸ਼ਟ ਨਹੀਂ
ਬ੍ਰਿਟਿਸ਼ ਸਮੁੰਦਰੀ ਵਪਾਰ ਨਿਗਰਾਨੀ ਕੇਂਦਰ (UK Maritime Trade Operations) ਦੇ ਮੁਤਾਬਕ ਹਮਲੇ ਕਾਰਨ ਜਹਾਜ਼ ਨੂੰ ਨੁਕਸਾਨ ਪਹੁੰਚਿਆ ਹੈ, ਪਰ ਇਸ ਘਟਨਾ ਵਿੱਚ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਪੁਸ਼ਟੀ ਨਹੀਂ ਹੋਈ। ਇਹ ਵੀ ਅਜੇ ਤੱਕ ਸਾਹਮਣੇ ਨਹੀਂ ਆਇਆ ਕਿ ਹਮਲਾ ਕਿਸ ਨੇ ਕੀਤਾ ਅਤੇ ਕਿਸ ਕਿਸਮ ਦੇ ਜਹਾਜ਼ ਨੂੰ ਨਿਸ਼ਾਨਾ ਬਣਾਇਆ ਗਿਆ।
ਹਮਲੇ ਤੋਂ ਬਾਅਦ ਹੋਰਮੁਜ਼ ਜਲਡਮਰੂ ਵਿੱਚ ਫਸੇ ਜਹਾਜ਼ਾਂ ਨੂੰ ਸੁਰੱਖਿਅਤ ਬਾਹਰ ਕੱਢਣ ਦੀ ਯੋਜਨਾ ਫਿਲਹਾਲ ਰੋਕ ਦਿੱਤੀ ਗਈ ਹੈ।
ਈਰਾਨ ਦੀ ਨਵੀਂ ਸਮੁੰਦਰੀ ਅਥਾਰਟੀ ਨੇ ਦਿੱਤੀ ਸਖ਼ਤ ਚੇਤਾਵਨੀ
ਇਸ ਘਟਨਾ ਮਗਰੋਂ ਈਰਾਨ ਦੀ ਨਵੀਂ ਬਣੀ ਪਰਸ਼ੀਅਨ ਗਲਫ਼ ਸਟ੍ਰੇਟ ਅਥਾਰਟੀ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਜੋ ਵੀ ਜਹਾਜ਼ ਤੈਅ ਕੀਤੇ ਗਏ ਸਮੁੰਦਰੀ ਰਸਤੇ ਤੋਂ ਹਟ ਕੇ ਸਫ਼ਰ ਕਰੇਗਾ, ਉਸਦੀ ਸੁਰੱਖਿਅਤ ਆਵਾਜਾਈ ਦੀ ਕੋਈ ਗਾਰੰਟੀ ਨਹੀਂ ਦਿੱਤੀ ਜਾਵੇਗੀ।
ਇਹ ਅਥਾਰਟੀ ਹਾਲ ਹੀ ਵਿੱਚ ਹੋਰਮੁਜ਼ ਜਲਡਮਰੂ ਵਿੱਚ ਜਹਾਜ਼ਾਂ ਦੀ ਆਵਾਜਾਈ ਦੀ ਨਿਗਰਾਨੀ ਅਤੇ ਨਿਯੰਤਰਣ ਲਈ ਬਣਾਈ ਗਈ ਹੈ।
ਓਮਾਨ ਅਤੇ IMO ਨੇ ਤਿਆਰ ਕੀਤਾ ਸੀ ਵਿਕਲਪਕ ਰਸਤਾ
ਓਮਾਨ ਅਤੇ IMO ਵੱਲੋਂ ਮਿਲ ਕੇ ਇੱਕ ਵਿਕਲਪਕ ਸਮੁੰਦਰੀ ਰੂਟ ਤਿਆਰ ਕੀਤਾ ਗਿਆ ਸੀ ਤਾਂ ਜੋ ਵਧਦੇ ਤਣਾਅ ਦੇ ਮਾਹੌਲ ਵਿੱਚ ਜਹਾਜ਼ਾਂ ਦੀ ਆਵਾਜਾਈ ਸੁਰੱਖਿਅਤ ਢੰਗ ਨਾਲ ਜਾਰੀ ਰਹਿ ਸਕੇ। ਵੀਰਵਾਰ ਸਵੇਰੇ ਸਟੋਇਕ ਵਾਰਿਅਰ ਨਾਮਕ ਜਹਾਜ਼ ਦੀ ਅਗਵਾਈ ਹੇਠ ਤੇਲ ਟੈਂਕਰਾਂ ਦਾ ਇੱਕ ਕਾਫ਼ਲਾ ਸੰਯੁਕਤ ਅਰਬ ਅਮੀਰਾਤ ਅਤੇ ਓਮਾਨ ਦੇ ਤੱਟੀ ਇਲਾਕਿਆਂ ਦੇ ਨਾਲ-ਨਾਲ ਅੱਗੇ ਵਧਿਆ ਅਤੇ ਓਮਾਨ ਦੇ ਮੁਸੰਡਮ ਪ੍ਰਾਇਦੀਪ ਕੋਲੋਂ ਲੰਘਿਆ।
ਦੁਨੀਆ ਦੀ ਊਰਜਾ ਸਪਲਾਈ ਲਈ ਬੇਹੱਦ ਅਹਿਮ ਹੈ ਹੋਰਮੁਜ਼ ਜਲਡਮਰੂ
ਇਸ ਵਿਕਲਪਕ ਰਸਤੇ ਦੇ ਉੱਤਰ ਵੱਲ ਉਹ ਮੁੱਖ ਸਮੁੰਦਰੀ ਕੌਰੀਡੋਰ ਸਥਿਤ ਹੈ, ਜਿੱਥੋਂ ਜੰਗ ਤੋਂ ਪਹਿਲਾਂ ਜ਼ਿਆਦਾਤਰ ਅੰਤਰਰਾਸ਼ਟਰੀ ਜਹਾਜ਼ ਆਮ ਤੌਰ 'ਤੇ ਗੁਜ਼ਰਦੇ ਸਨ। ਵਿਸ਼ਵ ਪੱਧਰ 'ਤੇ ਲਗਭਗ ਪੰਜਵਾਂ ਹਿੱਸਾ ਕੱਚੇ ਤੇਲ, ਕੁਦਰਤੀ ਗੈਸ ਅਤੇ ਹੋਰ ਊਰਜਾ ਉਤਪਾਦਾਂ ਦੀ ਸਪਲਾਈ ਇਸੇ ਜਲਡਮਰੂ ਰਾਹੀਂ ਹੁੰਦੀ ਹੈ।
ਮੌਜੂਦਾ ਤਣਾਅ ਅਤੇ ਸੁਰੱਖਿਆ ਖ਼ਤਰੇ ਕਾਰਨ ਇਸ ਮਹੱਤਵਪੂਰਨ ਸਮੁੰਦਰੀ ਰਸਤੇ 'ਤੇ ਜਹਾਜ਼ਾਂ ਦੀ ਆਵਾਜਾਈ ਨੂੰ ਲੈ ਕੇ ਦੁਨੀਆ ਭਰ ਵਿੱਚ ਚਿੰਤਾ ਵੱਧ ਗਈ ਹੈ। IMO ਅਤੇ ਹੋਰ ਅੰਤਰਰਾਸ਼ਟਰੀ ਏਜੰਸੀਆਂ ਲਗਾਤਾਰ ਹਾਲਾਤ 'ਤੇ ਨਜ਼ਰ ਰੱਖ ਰਹੀਆਂ ਹਨ ਅਤੇ ਸੁਰੱਖਿਆ ਸਥਿਤੀ ਵਿੱਚ ਸੁਧਾਰ ਆਉਣ ਤੋਂ ਬਾਅਦ ਹੀ ਨਿਕਾਸੀ ਅਤੇ ਆਵਾਜਾਈ ਸਬੰਧੀ ਅਗਲੇ ਫ਼ੈਸਲੇ ਲਏ ਜਾਣਗੇ।