Courtesy: @6917hcshkbt9jo
ਸੀਰੀਆ: ਫ਼ਰਾਂਸ ਦੇ ਰਾਸ਼ਟਰਪਤੀ ਇਮੈਨੁਏਲ ਮੈਕਰੋਨ ਦੀ ਸੀਰੀਆ ਯਾਤਰਾ ਦੌਰਾਨ ਰਾਜਧਾਨੀ ਦਮਿਸ਼ਕ 'ਚ ਇੱਕ ਦੇ ਬਾਅਦ ਇੱਕ ਵੱਡੇ ਧਮਾਕੇ ਹੋਏ। ਇਹ ਧਮਾਕੇ ਉਸ ਵਕਤ ਹੋਏ ਜਦੋਂ ਮੈਕਰੋਨ ਸੀਰੀਆ ਦੇ ਰਾਸ਼ਟਰਪਤੀ ਅਹਿਮਦ ਅਲ ਸ਼ਰਾ ਦੇ ਨਾਲ ਮੁਲਾਕਾਤ ਲਈ ਰਾਸ਼ਟਰਪਤੀ ਭਵਨ ਪਹੁੰਚੇ। ਇਸੇ ਦੌਰਾਨ ਉਨ੍ਹਾਂ ਦੇ ਠਹਿਰਨ ਵਾਲੇ ਹੋਟਲ ਫੋਰ ਸੀਜ਼ਨਸ ਹੋਟਲ ਤੇ ਕਈ ਵਿਸਫੋਟ ਹੋਏ। ਰਾਹਤ ਇਸ ਗੱਲ ਦੀ ਰਹੀ ਕਿ ਇਸ ਧਮਾਕੇ ਵਿੱਚਕਾਰ ਫ੍ਰਾਂਸੀਸੀ ਰਾਸ਼ਟਰਪਤੀ ਪੂਰੀ ਤਰ੍ਹਾਂ ਸੁਰਖ਼ਿਅਤ ਹਨ।
ਸੀਰੀਆਈ ਮੀਡੀਆ ਮੁਤਾਬਕ, ਰਾਜਧਾਨੀ ਦੇ ਮੱਧ ਇਲਾਕੇ ਵਿੱਚ ਧਮਾਕੇ ਦੀਆਂ ਜ਼ੋਰਦਾਰ ਅਵਾਜਾਂ ਸੁਣਾਈ ਦਿੱਤੀਆਂ, ਜਿਸਤੋਂ ਬਾਅਦ ਵੱਡਾ ਬਲਾਸਟ ਤੇ ਧੂੰਆ ਉੱਠਦਾ ਨਜ਼ਰ ਆਇਆ। ਇੱਕ ਵਾਹਨ ਨੂੰ ਅੱਗ ਲੱਗੀ ਨਜ਼ਰ ਆਈ ਤੇ ਸੜਕਾਂ ਤੇ ਖੂਨ ਡੁੱਲ੍ਹਿਆ ਦਿਖਾਈ ਦਿੱਤਾ। ਹਾਲਾਂਕਿ, ਅਜੇ ਤੱਕ ਵਿਸਫੋਟਾਂ ਦੇ ਨਾਲ ਹੋਣ ਵਾਲੇ ਨੁਕਸਾਨ ਦੀ ਪੂਰੀ ਜਾਣਕਾਰੀ ਨਹੀਂ ਆਈ ਹੈ। ਕਿਸੇ ਸੰਗਠਨ ਨੇ ਇਸ ਹਮਲੇ ਦੀ ਜਾਣਕਾਰੀ ਨਹੀਂ ਲਈ ਹੈ।
ਨਿਊਜ ਏਜੰਸੀ ਰੋਇਟਰਸ ਨੇ ਸੁਰਖਿਆ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਕਿ ਮੈਕਰੋਨ ਜਿਸ ਹੋਟਲ ਵਿੱਚ ਠਹਿਰੇ ਹਨ, ਉੱਥੇ ਦੇ ਨੇੜਲੇ ਸਥਾਨਾ ਤੇ ਕਈ ਵਿਸਫੋਟ ਹੋਏ। ਧਮਾਕਿਆ ਤੋਂ ਬਾਅਦ ਸੜਕਾਂ ਨੂੰ ਸੀਲ ਕਰ ਦਿੱਤਾ ਗਿਆ ਹੈ ਤੇ ਸੁਰੱਖਿਆ ਵਿਵਸਥਾ ਤੇਜ਼ ਕਰ ਦਿੱਤੀ ਗਈ ਹੈ।
ਫਰਾਂਸੀਸੀ ਰਾਸ਼ਟਰਪਤੀ ਦਫ਼ਤਰ ਦੇ ਇੱਕ ਬਿਆਨ ਦੇ ਅਨੁਸਾਰ, ਜਦੋਂ ਇਹ ਘਟਨਾ ਵਾਪਰੀ ਤਾਂ ਮੈਕਰੋਨ ਰਾਸ਼ਟਰਪਤੀ ਭਵਨ ਵਿੱਚ ਇੱਕ ਮੀਟਿੰਗ ਲਈ ਪਹਿਲਾਂ ਹੀ ਹੋਟਲ ਤੋਂ ਬਾਹਰ ਨਿਕਲ ਚੁੱਕੇ ਸਨ। ਉਸਤੋਂ ਮਗਰੋਂ ਇਹ ਧਮਾਕਾ ਹੋਇਆ।
ਇਹ ਧਿਆਨ ਦੇਣ ਯੋਗ ਹੈ ਕਿ ਰਾਸ਼ਟਰਪਤੀ ਮੈਕਰੋਨ ਸੋਮਵਾਰ ਨੂੰ ਸੀਰੀਆ ਪਹੁੰਚੇ ਸਨ। ਉਹ 2024 ਵਿੱਚ ਬਸ਼ਰ ਅਲ-ਅਸਦ ਦੇ ਸ਼ਾਸਨ ਦੇ ਢਹਿਣ ਤੋਂ ਬਾਅਦ ਦੇਸ਼ ਦਾ ਦੌਰਾ ਕਰਨ ਵਾਲੇ ਪਹਿਲੇ ਯੂਰਪੀਅਨ ਯੂਨੀਅਨ ਦੇ ਨੇਤਾ ਹਨ। ਉਨ੍ਹਾਂ ਦੇ ਨਾਲ ਇੱਕ ਫਰਾਂਸੀਸੀ ਵਪਾਰਕ ਵਫ਼ਦ ਵੀ ਹੈ, ਜਿਸ ਵਿੱਚ CMA-CGM ਦੇ ਰੋਡੋਲਫੇ ਸਾਦੇ ਅਤੇ ਟੋਟਲ ਐਨਰਜੀਜ਼ ਦੇ ਪੈਟ੍ਰਿਕ ਪੌਯਾਨੇ ਸ਼ਾਮਲ ਹਨ। ਮਹੱਤਵਪੂਰਨ ਗੱਲ ਇਹ ਹੈ ਕਿ ਇਹ ਦੌਰਾ ਅਮਰੀਕਾ, ਇਜ਼ਰਾਈਲ ਅਤੇ ਈਰਾਨ ਨਾਲ ਇੱਕ ਮਹੀਨੇ ਤੱਕ ਚੱਲੇ ਸੰਘਰਸ਼ ਤੋਂ ਬਾਅਦ ਮੱਧ ਪੂਰਬ ਵਿੱਚ ਮੁਕਾਬਲਤਨ ਸ਼ਾਂਤੀ ਦੇ ਦੌਰ ਦੇ ਵਿਚਕਾਰ ਹੋ ਰਿਹਾ ਹੈ। ਦਮਿਸ਼ਕ ਤੋਂ, ਮੈਕਰੋਨ ਅੱਜ ਤੁਰਕੀ ਦੀ ਰਾਜਧਾਨੀ ਅੰਕਾਰਾ ਲਈ ਨਾਟੋ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਰਵਾਨਾ ਹੋਣਗੇ।
ਇਹ ਵੀ ਧਿਆਨ ਦੇਣ ਯੋਗ ਹੈ ਕਿ ਕੁਝ ਦਿਨ ਪਹਿਲਾਂ, ਦਮਿਸ਼ਕ ਦੇ 'ਪੈਲੇਸ ਆਫ਼ ਜਸਟਿਸ' ਦੇ ਨੇੜੇ ਇੱਕ ਕੈਫੇ ਵਿੱਚ ਹੋਏ ਧਮਾਕੇ ਵਿੱਚ ਘੱਟੋ-ਘੱਟ 10 ਲੋਕ ਮਾਰੇ ਗਏ ਸਨ ਅਤੇ 20 ਹੋਰ ਜ਼ਖਮੀ ਹੋ ਗਏ ਸਨ। ਇਸ ਤੋਂ ਬਾਅਦ, ਇੱਕ ਹੋਰ ਧਮਾਕੇ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ। ਜਾਂਚ ਏਜੰਸੀਆਂ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ, ਇਹ ਸਪੱਸ਼ਟ ਨਹੀਂ ਹੈ ਕਿ ਇਸ ਘਟਨਾ ਲਈ ਕਿਹੜਾ ਸੰਗਠਨ ਜ਼ਿੰਮੇਵਾਰ ਹੈ। ਇਸ ਘਟਨਾ ਨੂੰ ਫਰਾਂਸੀਸੀ ਰਾਸ਼ਟਰਪਤੀ ਦੇ ਸੰਬੰਧ ਵਿੱਚ ਇੱਕ ਵੱਡੀ ਸੁਰੱਖਿਆ ਕੁਤਾਹੀ ਵਜੋਂ ਦੇਖਿਆ ਜਾ ਰਿਹਾ ਹੈ।