Courtesy: Credit: OpenAI
ਅਧਿਆਪਕ ਦੀ ਪਛਾਣ ਗੁਰਪ੍ਰੀਤ ਸਿੰਘ, ਪੁੱਤਰ ਮਹਿੰਦਰ ਸਿੰਘ, ਵਾਸੀ ਪਿੰਡ ਸੱਲੋਪੁਰ ਵਜੋਂ ਹੋਈ ਹੈ। ਉਹ ਸਰਕਾਰੀ ਪ੍ਰਾਇਮਰੀ ਸਕੂਲ ਭੈਣੀ ਮੀਆਂ ਖਾਂ ਵਿੱਚ ਅਧਿਆਪਕ ਵਜੋਂ ਤਾਇਨਾਤ ਸਨ। ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਨੇ ਸਵੇਰੇ ਭੱਟੀਆਂ ਪੁਲ ਨੇੜੇ ਸਭਰਾਓਂ ਬ੍ਰਾਂਚ ਕੋਲ ਆਪਣੀ ਕਾਰ ਖੜ੍ਹੀ ਕੀਤੀ ਅਤੇ ਉਸ ਤੋਂ ਬਾਅਦ ਨਹਿਰ ਵੱਲ ਚਲੇ ਗਏ। ਕੁਝ ਸਮੇਂ ਬਾਅਦ ਉਨ੍ਹਾਂ ਦੇ ਨਹਿਰ ਵਿੱਚ ਛਾਲ ਮਾਰਨ ਦੀ ਖ਼ਬਰ ਫੈਲ ਗਈ। ਮੌਕੇ 'ਤੇ ਪੁੱਜੀ ਪੁਲਿਸ ਨੇ ਕਾਰ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਘਟਨਾ ਤੋਂ ਪਹਿਲਾਂ ਗੁਰਪ੍ਰੀਤ ਸਿੰਘ ਨੇ ਆਪਣੇ ਸਾਥੀ ਅਧਿਆਪਕ ਗੁਰਪ੍ਰਤਾਪ ਸਿੰਘ ਨੂੰ ਫ਼ੋਨ ਕੀਤਾ ਸੀ। ਫ਼ੋਨ ਦੌਰਾਨ ਉਨ੍ਹਾਂ ਦੱਸਿਆ ਕਿ ਉਹ ਭੱਟੀਆਂ ਪਿੰਡ ਨੇੜੇ ਨਹਿਰ ਕੋਲ ਖੜ੍ਹੇ ਹਨ ਅਤੇ ਉਹ ਖੁਦਕੁਸ਼ੀ ਕਰਨ ਜਾ ਰਹੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਦੀ ਕਾਰ ਵਿੱਚ ਸਾਰਾ ਸਮਾਨ ਮੌਜੂਦ ਹੈ। ਇਹ ਜਾਣਕਾਰੀ ਮਿਲਦੇ ਹੀ ਸਾਥੀ ਅਧਿਆਪਕ ਅਤੇ ਪਿੰਡ ਦੇ ਲੋਕ ਤੁਰੰਤ ਮੌਕੇ ਵੱਲ ਦੌੜੇ, ਪਰ ਉਦੋਂ ਤੱਕ ਗੁਰਪ੍ਰੀਤ ਸਿੰਘ ਲਾਪਤਾ ਹੋ ਚੁੱਕੇ ਸਨ।
ਸਾਥੀ ਅਧਿਆਪਕ ਗੁਰਪ੍ਰਤਾਪ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਪਿਛਲੇ ਕੁਝ ਦਿਨਾਂ ਤੋਂ SIR ਡਿਊਟੀ ਦੇ ਵੱਧ ਰਹੇ ਕੰਮ ਨੂੰ ਲੈ ਕੇ ਕਾਫ਼ੀ ਚਿੰਤਤ ਸਨ। ਉਨ੍ਹਾਂ ਕਿਹਾ ਸੀ ਕਿ ਉਹ ਸਮੇਂ ਸਿਰ ਕੰਮ ਪੂਰਾ ਨਹੀਂ ਕਰ ਸਕਦੇ ਅਤੇ ਲਗਾਤਾਰ ਵੱਧਦੇ ਦਬਾਅ ਕਾਰਨ ਮਾਨਸਿਕ ਤੌਰ 'ਤੇ ਟੁੱਟ ਚੁੱਕੇ ਹਨ। ਸਾਥੀਆਂ ਦੇ ਮੁਤਾਬਕ ਉਨ੍ਹਾਂ ਨੇ ਫ਼ੋਨ 'ਤੇ ਆਪਣੀ ਪਰੇਸ਼ਾਨੀ ਜ਼ਾਹਰ ਕਰਦਿਆਂ ਕਿਹਾ ਸੀ ਕਿ ਹੁਣ ਉਹ ਇਹ ਦਬਾਅ ਹੋਰ ਬਰਦਾਸ਼ਤ ਨਹੀਂ ਕਰ ਸਕਦੇ।
ਨਹਿਰ ਦੇ ਨੇੜੇ ਖੇਤਾਂ ਵਿੱਚ ਕੰਮ ਕਰ ਰਹੇ ਇੱਕ ਕਿਸਾਨ ਨੇ ਦੱਸਿਆ ਕਿ ਉਸ ਨੇ ਇੱਕ ਵਿਅਕਤੀ ਨੂੰ ਕਾਰ ਖੜ੍ਹੀ ਕਰਕੇ ਨਹਿਰ ਵੱਲ ਜਾਂਦੇ ਹੋਏ ਦੇਖਿਆ ਸੀ। ਹਾਲਾਂਕਿ ਉਸ ਸਮੇਂ ਉਸ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਉਹ ਵਿਅਕਤੀ ਕੋਈ ਅਜਿਹਾ ਕਦਮ ਚੁੱਕਣ ਜਾ ਰਿਹਾ ਹੈ। ਬਾਅਦ ਵਿੱਚ ਘਟਨਾ ਦੀ ਜਾਣਕਾਰੀ ਮਿਲਣ 'ਤੇ ਉਸ ਨੇ ਪੁਲਿਸ ਨੂੰ ਆਪਣਾ ਬਿਆਨ ਦਿੱਤਾ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ, ਪ੍ਰਸ਼ਾਸਨ ਅਤੇ ਗੋਤਾਖੋਰਾਂ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ। ਨਹਿਰ ਵਿੱਚ ਲਾਪਤਾ ਅਧਿਆਪਕ ਦੀ ਭਾਲ ਲਈ ਲਗਾਤਾਰ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਪਰਿਵਾਰਕ ਮੈਂਬਰਾਂ ਤੇ ਸਾਥੀ ਅਧਿਆਪਕਾਂ ਦੇ ਬਿਆਨ ਵੀ ਦਰਜ ਕੀਤੇ ਜਾ ਰਹੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਭਾਲ ਮੁਹਿੰਮ ਪੂਰੀ ਗੰਭੀਰਤਾ ਨਾਲ ਜਾਰੀ ਹੈ।